BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੱਜ ਨੌਕਰੀਆਂ ਦੀ ਨਹੀਂ, ਸਹੀ ਟੇਲੈਂਟ ਦੀ ਘਾਟ: ਡਾ. ਗੁਰਵਿੰਦਰ ਸਿੰਘ

ਕਪੂਰਥਲਾ 2 ਨਵੰਬਰ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਆਈ.ਟੀ. ਖੇਤਰ ਵਿੱਚ ਵਿਦਿਆਰਥੀਆਂ ਲਈ ਉਪਲਭਦ ਅਵਸਰਾਂ ਉੱਪਰ ਇਕ ਗੈਸਟ-ਲੈਕਚਰ ਕਰਵਾਇਆ ਗਿਆ ਜਿਸ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਤੋਂ ਡੀਨ, ਫੈਕਲਟੀ ਆਫ ਇੰਜੀਨਿਅਰਿੰਗ ਅਤੇ ਟੈਕਨੌਲੋਜੀ, ਡਾ. ਗੁਰਵਿੰਦਰ ਸਿੰਘ ਬਤੌਰ ਮੁੱਖ ਵਕਤਾ ਸ਼ਾਮਿਲ ਹੋਏ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ਦੀ ਲੋੜ ਸਮਾਰਟ ਤੇ ਐਕਟਿਵ ਹੋਣ ਦੀ ਹੈ। ਇਹ ਬੜਾ ਹੀ ਗਲਤ ਪ੍ਰਚਾਰ ਹੋ ਰਿਹਾ ਹੈ ਕਿ ਅੱਜ ਨੌਕਰੀਆਂ ਨਹੀਂ ਹਨ, ਜਦ ਕਿ ਹਾਲਾਤ ਇਸ ਤੋਂ ਉਲਟ ਹਨ। ਸੱਚਾਈ ਤਾਂ ਇਹ ਹੈ ਕਿ ਸਹੀ ਟੇਲੈਂਟ ਦੀ ਘਾਟ ਹੈ। ਅੱਜ ਜਿੰਨੇ ਵੀ ਪ੍ਰੋਫੈਸ਼ਨਲ ਅਤੇ ਗ੍ਰੈਜੁਏਟ ਮਾਰਕਿਟ ਵਿੱਚ ਆ ਰਹੇ ਹਨ, ਉਹਨਾਂ ਕੋਲ ਕੇਵਲ ਡਿਗਰੀਆਂ ਹਨ, ਹੁਨਰ ਨਹੀਂ, ਡਾ. ਸਿੰਘ ਨੇ ਕਿਹਾ। ਅਸਲ ਵਿੱਚ ਨੁਕਸ ਸਾਡੀ ਸਿਖਿਆ ਪ੍ਰਣਾਲੀ ਵਿੱਚ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਕੇਵਲ ਥਿਊਰੀ ਬੇਸਡ ਹੀ ਰੱਖਿਆ ਜਾਂਦਾ ਹੈ ਅਤੇ ਕੰਪਿਊਟਰ ਵਰਗੇ ਪ੍ਰੈਕਟੀਕਲ ਵਿਸ਼ਿਆਂ ਵਿੱਚ ਵੀ ਬਿਨਾਂ ਰੋਜਾਨਾ ਜਿੰਦਗੀ ਨਾਲ ਜੋੜੇ ਪੜਾਇਆ ਜਾ ਰਿਹਾ ਹੈ। ਅਸੀਂ ਯੂਨੀਵਰਸਿਟੀ ਵਿੱਚ ਕਈ ਨਵੇਂ ਕੋਰਸ, ਇਸ ਕਮੀ ਨੂੰ ਦੂਰ ਕਰਨ ਲਈ ਸ਼ੁਰੂ ਕੀਤੇ ਹਨ ਅਤੇ ਉਹਨਾਂ ਦਾ ਵਿਦਿਆਰਥੀਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ, ਉਹਨਾਂ ਕਿਹਾ। ਉਹਨਾਂ ਵਿਦਿਆਰਥਣਾਂ ਨੂੰ ਜਾਪਾਨ, ਅਮਰੀਕਾ, ਚੀਨ ਅਤੇ ਹੋਰ ਤਕਨੀਕੀ ਤੌਰ ਤੇ ਵਿਕਸਿਤ ਦੇਸ਼ਾ ਵਲੋਂ ਆਈ.ਟੀ. ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਵੀ ਪਾਇਆ। ਉੁਹਨਾਂ ਦੱਸਿਆ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਲੋਂ ਆਨ-ਲਾਈਨ ਫਰੀ ਕੋਰਸ ਮੁਹੈਇਆ ਕਰਵਾਏ ਜਾ ਰਹੇ ਹਨ, ਅਤੇ ਵਿਦਿਆਰਥੀਆਂ ਨੂੰ ਉਹਨਾਂ ਤੋਂ ਫਾਈਦਾ ਉਠਾਨਾ ਚਾਹੀਦਾ ਹੈ। ਕਾਲਜ ਦੇ ਕੰਪਿਊਟਰ ਵਿਭਾਗ ਦੇ ਮੁਖੀ ਇ. ਸੁਨਾਲੀ ਸ਼ਰਮਾ ਨੇ ਡਾ. ਸਿੰਘ ਦਾ ਸੁਆਗਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਆਨ-ਲਾਇਨ ਸੁਵਿਧਾਵਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਕੇ ਆਪਣੇ ਆਪ ਨੂੰ ਹੁਨਰਮੰਦ ਬਨਾਉਣ ਲਈ ਪ੍ਰੇਰਿਆ। ਮੰਚ ਦਾ ਸੰਚਾਲਨ ਇ. ਇੰਦਰਜੀਤ ਬੱਲ ਨੇ ਕੀਤਾ ਅਤੇ ਇਸ ਮੌਕੇ ਕੰਪਿਊਟਰ ਵਿਭਾਗ ਦਾ ਸਾਰਾ ਸਟਾਫ ਹਾਜਰ ਸੀ।

No comments: