BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭੱਲਾ ਦੇ ਮੇਅਰ ਬਨਣ ਨਾਲ ਵਿਦੇਸ਼ਾਂ ਵਿੱਚ ਸਿੱਖਾਂ ਨਾਲ ਨਸਲੀ ਵਿਤਕਰੇ ਦੀਆਂ ਘਟਨਾਵਾਂ ਰੁਕਣਗੀਆਂ-ਬੁੱਢਾ ਦਲ ਮੁਖੀ

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅਮਰੀਕਾ ਦੇ ਨਿਊ ਜਰਸੀ ਦੇ ਹੋਬੋਕੇਨ ਸ਼ਹਿਰ ਵਿੱਚ ਰਵਿੰਦਰ ਸਿੰਘ ਭੱਲਾ ਨਾਮੀ ਸਾਬਤ ਸੂਰਤ ਸਿੱਖ ਦੇ ਪਹਿਲਾ ਮੇਅਰ ਬਨਣ ਨਾਲ ਨਾ ਕੇਵਲ ਅਮਰੀਕਾ ਸਗੋਂ ਵਿਦੇਸ਼ਾਂ ਵਿੱਚ ਸਮੇਂ ਸਮੇਂ ਤੇ ਸਿੱਖਾਂ ਨਾਲ ਹੁੰਦੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਰੁਕਣਗੀਆਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਸਾਹਿਬ (ਪਾ: 10ਵੀਂ) ਦਮਦਮਾ ਸਾਹਿਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਉਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਕਈ ਵਾਰ ਅਮਰੀਕਾ ਸਮੇਤ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਉੱਥੋਂ ਦੇ ਸ਼ਹਿਰੀਆਂ ਵੱਲੋਂ ਸਿੱਖ ਧਰਮ ਸਬੰਧੀ ਉਨਾਂ ਨੂੰ ਜਾਣਕਾਰੀ ਨਾ ਹੋਣ ਕਾਰਣ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ ਤੇ ਕਈ ਵਾਰ ਤਾਂ ਉਕਤ ਨਸਲੀ ਵਿਤਕਰਾ ਹਿੰਸਕ ਘਟਨਾਵਾਂ ਤੱਕ ਵੀ ਪੁੱਜ ਗਿਆ। ਉਨਾਂ ਕਿਹਾ ਕਿ ਭਾਂਵੇ ਰਵਿੰਦਰ ਸਿੰਘ ਭੱਲਾ ਦੇ ਚੋਣ ਪ੍ਰਚਾਰ ਦੌਰਾਨ ਵੀ ਉਨਾਂ ਖਿਲਾਫ ਨਸਲੀ ਟਿੱਪਣੀਆਂ ਕਰਦਿਆਂ ਉਨਾਂ ਨੂੰ ਅੱਤਵਾਦੀ ਤੱਕ ਕਿਹਾ ਗਿਆ ਪ੍ਰੰਤੂ ਉਨਾਂ ਦੇ ਮੇਅਰ ਚੁਣੇ ਜਾਣ ਨਾਲ ਜਿੱਥੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਉੱਥੇ ਹੁਣ ਉੱਥੋਂ ਦੇ ਵਸਨੀਕ ਸਿੱਖ ਧਰਮ ਅਤੇ ਸਿੱਖ ਕਕਾਰਾਂ ਸਬੰਧੀ ਹੋਰ ਚੰਗੀ ਤਰ੍ਹਾਂ ਜਾਣ ਸਕਣਗੇ ਤੇ ਭਵਿੱਖ ਵਿੱਚ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਰੁਕਣ ਵਿੱਚ ਵੀ ਮਦੱਦ ਮਿਲੇਗੀ।ਬੁੱਢਾ ਦਲ ਮੁਖੀ ਨੇ ਰਵਿੰਦਰ ਸਿੰਘ ਭੱਲਾ ਦੇ ਮੇਅਰ ਬਨਣ ਤੇ ਖੁਸ਼ੀ ਪ੍ਰਗਟ ਕਰਦਿਆਂ ਸਮੁੱਚੀ ਦੁਨੀਆਂ ਦੇ ਦੇਸ਼ਾਂ ਵਿੱਚ ਸਿੱਖਾਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਨੂੰ ਸਮੁੱਚੀ ਕੌਮ ਦੀ ਚੜ੍ਹਦੀਕਲਾ ਦਾ ਪ੍ਰਤੀਕ ਦੱਸਿਆ। ਇਸ ਮੌਕੇ ਬੁੱਢਾ ਦਲ ਮੁਖੀ ਨਾਲ ਗੁ: ਬੇਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ, ਬਾਬਾ ਜੱਸਾ ਸਿੰਘ, ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਰਣਯੋਧ ਸਿੰਘ, ਭਾਈ ਸਰਵਣ ਸਿੰਘ ਮਝੈਲ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਹਰਪ੍ਰੀਤ ਸਿੰਘ, ਭਾਈ ਪਿਆਰਾ ਸਿੰਘ ਆਦਿ ਨਿਹੰਗ ਆਗੂ ਹਾਜਰ ਸਨ।

No comments: