BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੜਕ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਲੜਕੀ ਗੰਭੀਰ ਜ਼ਖਮੀ

ਤਲਵੰਡੀ ਸਾਬੋ, 20 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਸ਼ਹਿਰ ਦੇ ਰਾਮਾਂ ਰੋਡ 'ਤੇ ਪੁਲਿਸ ਕੁਆਟਰਾਂ ਨੇੜੇ ਇੱਕ ਬੱਸ ਦੀ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਹੋਣ ਕਾਰਨ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਮੋਟਰ ਸਾਈਕਲ ਦੇ ਪਿੱਛੇ ਬੈਠੀ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਛੱਤਰ ਸਿੰਘ ਉਰਫ ਸੱਤਾ (32 ਸਾਲ) ਪੁੱਤਰ ਬਲਦੇਵ ਸਿੰਘ ਵਾਸੀ ਸੰਦੋਹਾ ਅੱਜ ਸਵੇਰੇ ਆਪਣੀ ਭਤੀਜੀ ਪਰਮਿੰਦਰ ਕੌਰ ਪੁੱਤਰੀ ਗੁਰਮੇਲ ਸਿੰਘ, ਜੋ ਕਿ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਬੀ. ਕਾਮ ਦੀ ਪੜ੍ਹਾਈ ਕਰ ਰਹੀ ਹੈ, ਨੂੰ ਆਪਣੇ ਪਲਟੀਨਾ ਮੋਟਰ ਸਾਈਕਲ ਨੰਬਰ ਪੀਬੀ 31 ਐੱਚ 1928 *ਤੇ ਯੂਨੀਵਰਸਿਟੀ ਛੱਡਣ ਜਾ ਰਿਹਾ ਸੀ ਕਿ ਸਥਾਨਕ ਸ਼ਹਿਰ ਦੇ ਰਾਮਾਂ ਰੋਡ 'ਤੇ ਅੱਗੇ ਤੋਂ ਆ ਰਹੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਇੱਕ ਬੱਸ ਨੰਬਰ ਪੀਬੀ 03 ਜ਼ੈੱਡ 8136 ਨੇ ਮੋਟਰ ਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਵਾਪਰੇ ਇਸ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਨਛੱਤਰ ਸਿੰਘ ਸੱਤਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਲੜਕੀ ਪਰਮਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਮੌਕੇ 'ਤੇ ਰਾਹਗੀਰਾਂ ਅਤੇ ਐਂਬੂਲੈਂਸ ਲੈ ਕੇ ਪਹੁੰਚੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਹੈਪੀ ਸਿੰਘ ਆਦਿ ਵਰਕਰਾਂ ਨੇ ਦੋਵਾਂ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਨਛੱਤਰ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਲੜਕੀ ਪਰਮਿੰਦਰ ਕੌਰ ਨੂੰ ਮੁੱਢਲੀ ਸਹਾਇਤਾ ਦੇ ਕੇ ਅੱਗੇ ਬਠਿੰਡਾ ਲਈ ਰੈਫਰ ਕਰ ਦਿੱਤੀ। ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਡਰਾਇਵਰ ਮੱਖਣ ਲਾਲ ਪੁੱਤਰ ਮੱਲੂ ਰਾਮ ਵਾਸੀ ਖਿਓਵਾਲੀ (ਔਢਾਂ) ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ।

No comments: