BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਲਈ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰਾਂ ਦਾ ਐਲਾਣ ਅਤੇ ਕਾਂਗਰਸ ਪਾਰਟੀ ਸਮੇਤ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ

ਨਗਰ ਪੰਚਾਇਤ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲੋਕਾਂ ਕੋਲ ਲੈ ਜਾਵਾਂਗੇ-ਜੀਤਮਹਿੰਦਰ ਸਿੱਧੂ
ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਜਿੱਥੇ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਹਲਕੇ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਜੇਤੂ ਰਹੀ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਜਾ ਰਹੇ ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਗੱਠਜੋੜ ਵੱਲੋਂ ਨਗਰ ਦੇ ਸਾਰੇ ਦੇ ਸਾਰੇ 15 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਭਾਵੇਂ ਆਪਣੇ ਉਮੀਦਵਾਰ ਐਲਾਨਣ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ ਪ੍ਰੰਤੂ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਜਿੰਦ 'ਕੱਲੀ ਤੇ ਮੁਲਾਹਜੇਦਾਰ ਵਾਹਲੇ ਕੀਹਦਾ ਕੀਹਦਾ ਮਾਣ ਰਖਲਾਂ' ਅਨੁਸਾਰ ਹਰ ਇੱਕ ਵਾਰਡ ਵਿੱਚੋਂ ਆਪਣੇ ਆਪ ਨੂੰ ਟਿਕਟ ਦੇ ਦਾਅਵੇਦਾਰ ਦੱਸਣ ਵਾਲੇ ਕਾਂਗਰਸੀ ਆਗੂਆਂ ਦੀ ਗਿਣਤੀ ਵੱਧ ਹੋਣ ਅਤੇ 'ਪ੍ਰਧਾਨਗੀ' ਨੂੰ ਜੱਫਾ ਮਾਰਨ ਦੇ ਸ਼ੌਕੀਨ ਕਾਂਗਰਸੀ ਆਗੂਆਂ ਦੀ ਆਪੋ-ਧਾਪੀ ਕਾਰਨ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿੱਚ ਸਫਲ ਨਹੀਂ ਹੋ ਪਾ ਰਹੀ ਜਦੋਂ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਜਿੱਤ ਦਰਜ਼ ਕਰਵਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਵੱਡੀ ਪੱਧਰ 'ਤੇ ਖੋਰਾ ਲੱਗਣ ਕਾਰਨ ਸਾਰੇ ਦੇ ਸਾਰੇ ਪੰਦਰਾਂ ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਚੋਣ ਲੜਨ ਲਈ ਤਿਆਰ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਆਮ ਆਦਮੀ ਪਾਰਟੀ ਵੀ ਅਜੇ ਤੱਕ ਆਪਣੀ ਸੂਚੀ ਜਾਰੀ ਕਰਨ ਵਿੱਚ ਅਸਫਲ ਹੈ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਅਨੁਸਾਰ ਵਾਰਡ ਨੰ: 1 ਲਈ ਲੇਡੀਜ਼ ਜਨਰਲ ਮਨਜੀਤ ਕੌਰ ਪਤਨੀ ਬਾਬੂ ਸਿੰਘ, ਵਾਰਡ ਨੰ: 2 ਲਈ ਜਨਰਲ ਜੈਂਟਸ ਗੁਰਮੇਲ ਸਿੰਘ ਪੁੱਤਰ ਪਿਆਰੀ ਸਿੰਘ, ਵਾਰਡ ਨੰ: 3 ਵਾਸਤੇ ਜਨਰਲ ਲੇਡੀਜ਼ ਸੁਖਜਿੰਦਰ ਕੌਰ ਪਤਨੀ ਗੁਰਮੇਲ ਸਿੰਘ, ਵਾਰਡ ਨੰ: 4 ਜਨਰਲ ਜੈਂਟਸ ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ, ਵਾਰਡ ਨੰ: 5 ਅਮਨਦੀਪ ਕੌਰ ਦਰੋਪਤੀ, ਵਾਰਡ ਨੰ: 6 ਤੋਂ ਸੁਰਜੀਤ ਸਿੰਘ ਭੱਮ ਪੁੱਤਰ ਗਿਆਨ ਸਿੰਘ, ਵਾਰਡ ਨੰ: 7 ਤੋਂ ਐੱਸ ਸੀ ਲੇਡੀਜ਼ ਜਸਵੰਤ ਕੌਰ ਪਤਨੀ ਮਿੱਠੂ ਸਿੰਘ, ਵਾਰਡ ਨੰ: 8 ਤੋਂ ਐੱਸ ਸੀ ਕੈਟਾਗਿਰੀ ਲਈ ਹਰਪਾਲ ਸਿੰਘ ਵਿਰਕ, ਵਾਰਡ ਨੰ: 9 ਤੋਂ ਮਿਨਾਕਸ਼ੀ ਜਿੰਦਲ ਪਤਨੀ ਚਿੰਟੂ ਜਿੰਦਲ, ਵਾਰਡ ਨੰ: 10 ਤੋਂ ਸੁਸ਼ੀਲ ਕੁਮਾਰ ਸ਼ਰਮਾ (ਬੀ ਜੇ ਪੀ), ਵਾਰਡ ਨੰ: 11 ਤੋਂ ਮਿੱਠੂ ਸਿੰਘ ਮੀਠਾ, ਵਾਰਡ ਨੰ: 12 ਤੋਂ ਗੋਲੋ ਕੌਰ ਪਤਨੀ ਮੁਖਤਿਆਰ ਸਿੰਘ (ਬੀ ਜੇ ਪੀ), ਵਾਰਡ ਨੰ: 13 ਤੋਂ ਬੀ ਸੀ ਜੈਂਟਸ ਜਸਵੰਤ ਸਿੰਘ ਪੁੱਤਰ ਕਰਤਾਰ ਸਿੰਘ, ਵਾਰਡ ਨੰ: 14 ਤੋਂ ਸ਼ਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਚੱਠਾ, ਵਾਰਡ ਨੰ: 15 ਤੋਂ ਬੱਲਮ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਨਾਮਾਂ ਦੀ ਸੂਚੀ ਅੱਜ ਦਰਸ਼ਨ ਸਿੰਘ ਚੱਠਾ ਦੇ ਘਰ ਵਿਖੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਜਾਰੀ ਕੀਤੀ ਗਈ।
ਸਾਬਕਾ ਵਿਧਾਇਕ ਨੇ ਇਸ ਮੌਕੇ ਕਿਹਾ ਕਿ 2012 ਤੋਂ ਨਗਰ ਪੰਚਾਇਤ ਦੇ ਹੋਂਦ ਵਿੱਚ ਆਉਣ ਤੋਂ ਬਾਦ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਵੱਲੋਂ ਇਤਿਹਾਸਿਕ ਨਗਰ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਲੋਕਾਂ ਤੋਂ ਫਤਵੇ ਦੀ ਮੰਗ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਿੱਥੇ ਅਕਾਲੀ ਭਾਜਪਾ ਸਰਕਾਰ ਸਮੇਂ ਨਗਰ ਦੀ ਇਤਿਹਾਸਿਕ ਮਹੱਤਤਾ ਨੂੰ ਦੇਖਦਿਆਂ ਕਰੋੜਾਂ ਰੁਪਏ ਖਰਚ ਕੀਤੇ ਗਏ ਉੱਥੇ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਦ ਪਿਛਲੇ 9 ਮਹੀਨਿਆਂ ਵਿੱਚ ਨਗਰ ਦੇ ਵਿਕਾਸ ਤੇ ਦੁਆਨੀ ਨਹੀ ਖਰਚੀ ਗਈ ਸਗੋਂ 1600 ਦੇ ਕਰੀਬ ਆਟਾ ਦਾਲ ਕਾਰਡ ਕੱਟ ਕੇ ਗਰੀਬ ਵਰਗ ਦੇ ਲੋਕਾਂ ਲਈ ਪ੍ਰੇਸ਼ਾਨੀ ਜਰੂਰ ਖੜੀ ਕਰ ਦਿੱਤੀ ਗਈ ਤੇ ਨਵੀਂ ਸਰਕਾਰ ਦੇ ਆਗੂ ਸਾਡੇ ਵੱਲੋਂ ਬਣਾਏ ਪਾਰਕਾਂ ਅਤੇ ਸੀਵਰੇਜ ਸਿਸਟਮ ਦੀ ਸੰਭਾਲ ਵੀ ਨਹੀ ਕਰ ਸਕੇ।ਉਨਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਾ ਕਰ ਸਕਣ ਦੇ ਚਲਦਿਆਂ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਤੇ ਉਕਤ ਚੋਣ ਵਿੱਚ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟ ਦੇਣਗੇ ਤੇ ਨਗਰ ਪੰਚਾਇਤ ਦੀ ਪ੍ਰਧਾਨਗੀ ਸਾਡੀ ਹੋਵੇਗੀ।
ਸੂਚੀ ਜਾਰੀ ਕਰਨ ਮੌਕੇ ਗੁਰਮੀਤ ਸਿੰਘ ਬੁਰਜ ਮਹਿਮਾ, ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ,ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਅਵਤਾਰ ਮੈਨੂੰਆਣਾ, ਨਿਰਮਲ ਜੋਧਪੁਰ, ਰਾਕੇਸ਼ ਚੌਧਰੀ, ਤੇਜ ਰਾਮ ਸ਼ਰਮਾਂ, ਰਣਜੀਤ ਮਲਕਾਣਾ, ਬਲਵਿੰਦਰ ਗਿੱਲ, ਅਵਤਾਰ ਤਾਰੀ, ਮੰਗੀ ਗਿੱਲ, ਗੁਰਜੰਟ ਗਿੱਲ, ਜਗਤਾਰ ਨੰਗਲਾ, ਮਨਜੀਤ ਹੌਂਡਾ, ਭਾਜਪਾ ਆਗੂ ਜਗਦੀਸ਼ ਰਾਏ, ਬਨਾਰਸੀ ਦਾਸ, ਬਿੱਲਾ ਬਾਬਾ, ਪਿੰਦਰ ਸ਼ਰਮਾਂ, ਬੀਬੀ ਜਸਵੀਰ ਕੌਰ, ਬਲਵੀਰ ਖਾਂ, ਸੋਹਣ ਜਗ੍ਹਾ, ਜਗਦੀਪ ਗੋਦਾਰਾ, ਈਸ਼ਵਰ ਗਰਗ ਆਦਿ ਆਗੂ ਹਾਜਰ ਸਨ।
ਹੁਣ ਵੇਖਣਾ ਇਹ ਹੈ ਕਿ ਸ਼੍ਰੋਮਣੀ-ਭਾਜਪਾ ਗੱਠਜੋੜ ਵੱਲੋਂ ਜਾਰੀ ਸੂਚੀ ਤੋਂ ਬਾਅਦ ਰਿਵਾਇਤੀ ਵਿਰੋਧੀ ਪਾਰਟੀ ਕਾਂਗਰਸ ਅਤੇ ਆਪ ਵੱਲੋਂ ਸਮਾਂ ਰਹਿੰਦਿਆਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਕੇ ਕਾਗਜ਼ ਦਾਖਲ ਕਰਵਾਏ ਜਾਣਗੇ ਜਾਂ ਫਿਰ ਉਕਤ ਉਮੀਦਵਾਰ ਬਿਨਾਂ ਮੁਕਾਬਲੇ ਹੀ ਜੇਤੂ ਹੋ ਜਾਣਗੇ ਕਿਉਂਕਿ ਕਾਗਜ਼ ਦਾਖਲ ਕਰਨ ਦੀ ਅੰਤਿਮ ਮਿਤੀ 6 ਤਰੀਕ ਦਿਨ ਚੜ੍ਹਨ ਵਿੱਚ ਖਬਰ ਲਿਖੇ ਜਾਣ ਵੇਲੇ ਤੱਕ ਕੁੱਝ ਘੰਟੇ ਹੀ ਬਾਕੀ ਹਨ।

No comments: