BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਾਕਿਸਤਾਨੀ ਸਿੱਖਾਂ ਨੂੰ ਇਸਲਾਮ ਕਬੂਲ ਕਰਵਾਉਣ ਦੀਆਂ ਸਾਹਮਣੇ ਆਈਆਂ ਘਟਨਾਵਾਂ ਚਿੰਤਾਜਨਕ-ਬੁੱਢਾ ਦਲ ਮੁਖੀ

ਕਿਹਾ ਕੇਂਦਰ ਸਰਕਾਰ ਤੁਰੰਤ ਦਖਲ ਦੇ ਕੇ ਸਿੱਖਾਂ ਦੀ ਧਾਰਮਿਕ ਆਜਾਦੀ ਯਕੀਨੀ ਬਣਾਵੇ
ਤਲਵੰਡੀ ਸਾਬੋ, 19 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਬਾ ਵਿੱਚ ਇੱਕ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਉੱਥੋਂ ਦੇ ਸਿੱਖਾਂ ਨੂੰ ਮਜਬੂਰ ਕਰਕੇ ਧਰਮ ਤਬਦੀਲ ਕਰਵਾਉਣ ਸਬੰਧੀ ਸਾਹਮਣੇ ਆਈਆਂ ਘਟਨਾਵਾਂ ਅਤਿ ਚਿੰਤਾ ਦਾ ਵਿਸ਼ਾ ਹਨ ਅਤੇ ਅਜਿਹੀਆਂ ਘਟਨਾਵਾਂ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਬੁੱਢਾ ਦਲ ਮੁਖੀ ਨੇ ਇਸ ਮੌਕੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਮੇਂ ਸਮੇਂ 'ਤੇ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਂਉਦੀਆਂ ਰਹੀਆਂ ਹਨ ਪਰ ਹੁਣ ਤਾਂ ਸ਼ਰਮਾਨਕ ਘਟਨਾ ਵਾਪਰੀ ਹੈ ਕਿ ਇੱਕ ਸਰਕਾਰੀ ਅਧਿਕਾਰੀ ਹੀ ਸਿੱਖਾਂ ਨੂੰ ਮਜਬੂਰ ਕਰਕੇ ਉਨਾਂ ਨੂੰ ਇਸਲਾਮ ਕਬੂਲ ਕਰਵਾਂਉਦਾ ਸੀ। ਉਨਾਂ ਕਿਹਾ ਕਿ ਬੇਸ਼ੱਕ ਉਕਤ ਅਧਿਕਾਰੀ ਨੂੰ ਮੁਅੱਤਲ ਕਰਨ ਸਬੰਧੀ ਖਬਰਾਂ ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਕਾਸ਼ਿਤ ਹੋਈਆਂ ਹਨ ਪ੍ਰੰਤੂ ਇੰਨਾ ਹੀ ਕਾਫੀ ਨਹੀਂ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਘਟਨਾ ਤਾਂ ਸਾਹਮਣੇ ਆ ਗਈ ਹੈ ਅਜੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹੋਣਗੀਆਂ। ਉਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਗੰਭੀਰ ਮਸਲੇ ਵਿੱਚ ਦਖਲ ਦੇ ਕੇ ਪਾਕਿਸਤਾਨੀ ਸਰਕਾਰ ਨਾਲ ਗੱਲ ਕਰਕੇ ਜਿੱਥੇ ਸਿੱਖਾਂ ਦਾ ਜਬਰੀ ਧਰਮ ਤਬਦੀਲ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਸਖਤ ਸਜਾਵਾਂ ਦੁਆਉਣ ਲਈ ਕੋਸ਼ਿਸ ਕਰੇ ਉੱਥੇ ਪਾਕਿਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿ ਰਹੇ ਸਿੱਖਾਂ ਦੀ ਧਾਰਮਿਕ ਆਜਾਦੀ ਯਕੀਨੀ ਬਣਾਉਣ ਲਈ ਪਾਕਿਸਤਾਨੀ ਸਰਕਾਰ ਤੇ ਕੂਟਨੀਤਕ ਦਬਾਅ ਬਣਾਵੇ।
ਇਸ ਮੌਕੇ ਬੁੱਢਾ ਦਲ ਮੁਖੀ ਨਾਲ ਗੁਰਦੁਆਰਾ ਬੇਰ ਸਾਹਿਬ ਦੇਗਸਰ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ, ਬਾਬਾ ਜੱਸਾ ਸਿੰਘ ਪੀ. ਏ., ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਰਣਯੋਧ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਸਰਵਣ ਸਿੰਘ ਮਝੈਲ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਪਿਆਰਾ ਸਿੰਘ ਆਦਿ ਨਿਹੰਗ ਸਿੰਘ ਹਾਜਰ ਸਨ।

No comments: