BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਜਪਾ ਕੌਂਸਲਰ ਦੀ ਕੁੱਟਮਾਰ ਦੇ ਮਾਮਲੇ ਵਿੱਚ ਸਿਆਸਤ ਗਰਮਾਈ, ਕੌਂਸਲਰ ਤਲਵੰਡੀ ਸਾਬੋ ਹਸਪਤਾਲ ਵਿੱਚ ਜੇਰੇ ਇਲਾਜ

ਸਾਬਕਾ ਵਿਧਾਇਕ ਸ. ਸਿੱਧੂ ਨੇ ਹਮਲਾਵਰਾਂ ਖਿਲਾਫ ਕੀਤੀ ਕਾਰਵਾਈ ਦੀ ਮੰਗ, ਪੁਲਿਸ ਨੇ ਕਾਰਵਾਈ ਆਰੰਭੀ
ਤਲਵੰਡੀ ਸਾਬੋ, 28 ਦਸੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸ਼ਹਿਰ ਰਾਮਾਂ ਮੰਡੀ ਦੇ ਵਾਰਡ ਨੰ: 5 ਤੋਂ ਭਾਜਪਾ ਕੌਂਸਲਰ ਗੁਰਦੇਵ ਸਿੰਘ ਦੀ ਬੀਤੀ ਦੇਰ ਸ਼ਾਮ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿੱਚ ਅੱਜ ਸਿਆਸਤ ਉਦੋਂ ਗਰਮਾ ਗਈ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਜੇਰੇ ਇਲਾਜ ਕੌਂਸਲਰ ਦਾ ਹਾਲਚਾਲ ਜਾਨਣ ਲਈ ਵੱਡੀ ਗਿਣਤੀ ਅਕਾਲੀ ਭਾਜਪਾ ਆਗੂਆਂ ਨੇ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਵੱਲੋਂ ਵੀ ਹਮਲੇ ਦੀ ਨਿੰਦਾ ਕਰਦਿਆਂ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਰੱਖ ਦਿੱਤੀ ਗਈ। ਦੂਜੇ ਪਾਸੇ ਪੁਲਿਸ ਵੱਲੋਂ ਵੀ ਬਣਦੀ ਕਾਰਵਾਈ ਆਰੰਭ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਭਾਜਪਾ ਕੌਂਸਲਰ ਗੁਰਦੇਵ ਸਿੰਘ ਆਪਣੇ ਘਰ ਅੱਗੇ ਹੋ ਰਹੀ ਲੜਾਈ ਦੌਰਾਨ ਉਦੋਂ ਜਖਮੀ ਹੋ ਗਿਆ ਸੀ ਜਦੋਂ ਉਹ ਇੱਕ ਨੌਜਵਾਨ ਨੂੰ ਬਚਾਉਣ ਆਇਆ ਸੀ। ਲੰਘੀ ਦੇਰ ਰਾਤ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਏ ਭਾਜਪਾ ਕੌਂਸਲਰ ਗੁਰਦੇਵ ਸਿੰਘ ਦੇ ਮਾਮਲੇ ਨੇ ਅੱਜ ਉਦੋਂ ਤਲਖੀ ਫੜ ਲਈ ਜਦੋਂ ਸਵੇਰ ਤੋਂ ਹੀ ਵੱਡੀ ਗਿਣਤੀ ਹਲਕੇ ਦੇ ਅਕਾਲੀ ਭਾਜਪਾ ਆਗੂ ਉਸਦਾ ਪਤਾ ਲੈਣ ਲਈ ਪੁੱਜਣੇ ਸ਼ੁਰੂ ਹੋ ਗਏ। ਦੱਸਿਆ ਜਾਂਦਾ ਹੈ ਕਿ ਆਗੂਆਂ ਨੇ ਪੀੜਿਤ ਕੌਂਸਲਰ ਦੀ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨਾਲ ਫੋਨ 'ਤੇ ਗੱਲਬਾਤ ਵੀ ਕਰਵਾਈ ਤੇ ਉਨਾਂ ਨੇ ਪੀੜਿਤ ਤੋਂ ਸਾਰੀ ਜਾਣਕਾਰੀ ਇਕੱਤਰ ਕੀਤੀ। ਜਖਮੀ ਕੌਂਸਲਰ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਦੇਰ ਸ਼ਾਮ ਉਸਦੇ ਘਰ ਅੱਗੇ ਲੜਾਈ ਦੀ ਆਵਾਜ ਸੁਣ ਕੇ ਉਹ ਘਰੋਂ ਨਿਕਲਿਆ ਤਾਂ ਉਸਨੇ ਲੜਾਈ ਦੌਰਾਨ ਕੁੱਟਮਾਰ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਲੜਾਈ ਨੂੰ ਅੰਜਾਮ ਦੇ ਰਹੇ ਕੁੱਝ ਵਿਅਕਤੀਆਂ ਨੇ ਉਸ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਜਖਮੀ ਹੋ ਗਿਆ ਪ੍ਰੰਤੂ ਰੌਲਾ ਸੁਣ ਕੇ ਕਥਿਤ ਹਮਲਾਵਰ ਭੱਜ ਗਏ। ਉਨਾਂ ਨੂੰ ਪਹਿਲਾਂ ਰਾਮਾਂ ਮੰਡੀ ਦੇ ਇੱਕ ਪ੍ਰਾਈਵੇਟ ਕਲੀਨਿਕ ਤੋਂ ਮੁੱਢਲੇ ਇਲਾਜ ਉਪਰੰਤ ਦੇਰ ਸ਼ਾਮ ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
ਅੱਜ ਨਗਰ ਕੌਂਸਲ ਰਾਮਾਂ ਦੇ ਪ੍ਰਧਾਨ ਕ੍ਰਿਸ਼ਨ ਮਿੱਤਲ, ਰਾਜਵਿੰਦਰ ਰਾਜੂ ਕੌਂਸਲਰ ਰਾਮਾਂ, ਅਕਾਲੀ ਆਗੂ ਬਾਬੂ ਸਿੰਘ ਮਾਨ, ਭਾਗ ਸਿੰਘ ਕਾਕਾ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਅਵਤਾਰ ਮੈਨੂੰਆਣਾ, ਸਰਕਲ ਪ੍ਰਧਾਨ ਬਲਵਿੰਦਰ ਗਿੱਲ, ਰਣਜੀਤ ਮਲਕਾਣਾ, ਸੁਰਜੀਤ ਭੱਮ, ਭਾਜਪਾ ਆਗੂ ਜਗਦੀਸ਼ ਰਾਏ, ਹਰਪਾਲ ਸਿੰਘ ਸਾਬਕਾ ਸਰਪੰਚ ਸੰਗਤ ਆਦਿ ਆਗੂਆਂ ਨੇ ਪੀੜਿਤ ਕੌਂਸਲਰ ਨਾਲ ਮੁਲਾਕਾਤ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਥੇ ਹਮਲਾਵਰਾਂ ਖਿਲਾਫ ਠੋਸ ਕਾਰਵਾਈ ਦੀ ਮੰਗ ਕੀਤੀ ਉੱਥੇ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਅੰਦਰ ਗਠਜੋੜ ਦੇ ਕਿਸੇ ਵੀ ਆਗੂ ਜਾਂ ਵਰਕਰ ਨਾਲ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਪੁਲਿਸ ਉੱਚ ਅਧਿਕਾਰੀਆਂ ਨਾਲ ਉਨਾਂ ਦੀ ਗੱਲ ਹੋਈ ਹੈ ਤੇ ਉਨਾਂ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੈ ਪਰ ਫਿਰ ਵੀ ਜੇਕਰ ਯੋਗ ਕਾਰਵਾਈ ਨਾ ਕੀਤੀ ਗਈ ਤਾਂ ਉਹ ਕੌਂਸਲਰ ਗੁਰਦੇਵ ਸਿੰਘ ਦੇ ਨਾਲ ਖੜਨਗੇ ਤੇ ਇਨਸਾਫ ਲੈਣ ਲਈ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀ ਹਟਣਗੇ। ਇਸ ਮਾਮਲੇ ਸਬੰਧੀ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ ਤੇ ਪੀੜਿਤ ਕੌਂਸਲਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਸਬੰਧਿਤ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇਗੀ। ਖਬਰ ਲਿਖੇ ਜਾਣ ਵੇਲੇ ਪਤਾ ਲੱਗਾ ਹੈ ਕਿ ਪੁਲਿਸ ਪਾਰਟੀ ਹਸਪਤਾਲ ਵਿੱਚ ਪੀੜਿਤ ਕੌਂਸਲਰ ਗੁਰਦੇਵ ਸਿੰਘ ਦੇ ਬਿਆਨ ਦਰਜ ਕਰਨ ਲਈ ਪਹੁੰਚ ਗਈ ਹੈ।

No comments: