BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਾਰ ਰਹੀ ਹੈ ਕੂੜੇ ਦੀ ਸੜਿਆਂਦ

ਤਲਵੰਡੀ ਸਾਬੋ, 12 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਜਿਸ ਨੂੰ ਕਿਸੇ ਵੇਲੇ ਕਾਂਗਰਸ ਦੀ ਸਰਕਾਰ ਦੇ ਮਰਹੂੰਮ ਮੁੱਖ ਮੰਤਰੀ ਸ. ਬੇਅੰਤ ਸਿੰਘ ਨੇ ਪਵਿੱਤਰ ਧਰਤੀ ਦਾ ਦਰਜ਼ਾ ਦਿੱਤਾ ਸੀ ਅੱਜ-ਕੱਲ ਕੂੜੇ ਦੀ ਸੜਿਆਂਦ ਨਾਲ ਨੱਕੋ-ਨੱਕ ਭਰੀ ਪਈ ਹੈ। ਸ਼ਹਿਰ ਦੇ ਹਰ ਮੁਹੱਲੇ ਦੀਆਂ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਜਿੱਥੇ ਸ਼ਹਿਰ ਦਾ ਸਫਾਈ ਪੱਖੋਂ ਮੂੰਹ ਚਿੜਾ ਰਿਹਾ ਹੈ ਉੱਥੇ ਪਵਿੱਤਰਤਾ ਨੂੰ ਵੀ ਭੰਗ ਕਰਨ ਦੇ ਨਾਲ-ਨਾਲ ਬਿਮਾਰੀਆਂ ਨੂੰ ਖੁੱਲਾ ਸੱਦਾ ਦੇ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਲਈ ਬਹੁਤ ਵੱਡੀ ਸਿਰ ਦਰਦੀ ਬਣੇ ਅਵਾਰਾ ਪਸ਼ੂ ਅਤੇ ਉਹਨਾਂ ਦੁਆਰਾ ਫੈਲਾਈ ਗੰਦਗੀ ਕਾਰਨ ਸ਼ਹਿਰ ਦੀਆਂ ਗਲੀਆਂ 'ਚੋਂ ਲੰਘਣਾ ਮੁਹਾਲ ਹੋਇਆ ਪਿਆ ਹੈ। ਹਰ ਲੰਘਣ ਵਾਲੇ ਨੂੰ ਹੁਣ ਤਾਂ ਇਉਂ ਜਾਪਦਾ ਹੈ ਜਿਵੇਂ ਸ਼ਹਿਰ 'ਚ ਨਹੀਂ ਸਗੋਂ ਕਿਸੇ ਗੰਦਗੀ ਦੇ ਢੇਰ ਉੱਪਰੋਂ ਦੀ ਗੁਜ਼ਰ ਰਹੇ ਹੋਈਏ। ਸ਼ਹਿਰ ਦੀ ਸਫਾਈ ਅਤੇ ਹੋਰ ਪ੍ਰਬੰਧਾਂ ਦਾ 'ਪ੍ਰਬੰਧ' ਕਰਨ ਵਾਲੀ ਨਗਰ ਪੰਚਾਇਤ ਦੇ ਬਿਲਕੁੱਲ ਨੱਕ ਥੱਲੇ ਜੋ ਗੰਦਗੀ ਦੇ ਢੇਰ ਅਤੇ ਅਵਾਰਾ ਪਸ਼ੂਆਂ ਦੇ ਅੱਡਾ ਬਣਿਆ ਹੋਇਆ ਹੈ, ਇਸ ਵੱਲ ਕਿਸੇ ਵੀ  ਨਗਰ ਪੰਚਾਇਤ ਅਧਿਕਾਰੀ, ਸਿਆਸੀ ਆਗੂਆਂ ਜਾਂ ਪ੍ਰਸ਼ਾਸ਼ਨਿਕ ਅਫਸਰਾਂ ਦਾ ਧਿਆਨ ਕਿਉਂ ਨਹੀਂ ਆਇਆ, ਇਸ ਗੱਲ ਦੀ ਚਿੰਤਾ ਸ਼ਹਿਰ ਵਾਸੀਆਂ ਨੂੰ ਸਤਾ ਰਹੀ ਹੈ।
ਸੰਗਤ ਵਾਲੇ ਅੱਡੇ ਦੇ ਨਜ਼ਦੀਕ ਵਾਰਡ ਨੰ: 13 ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੁਹੱਲੇ ਦਾ ਸੀਵਰੇਜ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਜਿਸ ਦੇ ਓਵਰ ਫਲੋਅ ਕਾਰਨ ਸੀਵਰੇਜ ਦਾ ਪਾਣੀ ਜਿੱਥੇ ਉਹਨਾਂ ਦੇ ਘਰਾਂ ਅੰਦਰ ਚਲਾ ਜਾਂਦਾ ਹੈ ਉੱਥੇ ਇਹ ਸੜਕ ਵੀ ਥਾਂ-ਥਾਂ ਤੋਂ ਪਾਣੀ ਨਾਲ ਟੁੱਟ ਕੇ ਸੜਕੀ ਹਾਦਸਿਆਂ ਦਾ ਕਾਰਨ ਬਣੀ ਹੋਈ ਹੈ। ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਬੀਬਾ ਸ਼ਵਿੰਦਰ ਕੌਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਦੀ ਰਿਹਾਇਸ਼ ਵੀ ਇਸੇ ਸੜਕ 'ਤੇ ਹੀ ਹੈ ਅਤੇ ਪ੍ਰਧਾਨ ਦੀ ਰਿਹਾਇਸ਼ ਦੇ ਪਿਛਲੇ ਪਾਸਿਓਂ ਦੀ ਲੰਘਦੀ ਮਲਕਾਣਾ ਰੋਡ ਬੀਡੀਪੀਓ ਦਫਤਰ ਦੇ ਬਿਲਕੁੱਲ ਸਾਹਮਣਿਓਂ, ਰਾਮਾਂ ਰੋਡ ਤੋਂ ਸ਼ੁਰੂ ਹੁੰਦਿਆਂ ਹੀ ਇੱਕ ਲਗਭਗ ਕਿਲੋਮੀਟਰ ਦੀ ਦੂਰੀ ਤੱਕ ਕਦੇ ਕਿਸੇ ਨੇ ਸੀਵਰੇਜ ਦੇ ਪਾਣੀ ਤੋਂ ਸੱਖਣੀ ਨਹੀਂ ਦੇਖੀ।
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਐਨ ਨਾਲ ਵਾਰਡ ਨੰ: 7 'ਚ ਵੀ ਗੰਦਗੀ ਦੇ ਐਨੇ ਵੱਡੇ ਢੇਰ ਲੱਗੇ ਹੁੰਦੇ ਹਨ ਕਿ ਕਈ ਵਾਰ ਤਾਂ ਕੂੜੇ ਨਾਲ ਸੜਕ ਰੁਕ ਜਾਣ ਦੇ ਬਾਵਜੂਦ ਵੀ ਕਿਸੇ ਅਧਿਕਾਰੀ ਦੀ ਇਸ ਪਾਸੇ ਸਵੱਲੀ ਨਜ਼ਰ ਨਹੀਂ ਪੈਂਦੀ। ਵਾਰਡ ਨੰ: 15 ਨਜ਼ਦੀਕ ਬੁੰਗਾ ਮਸਤੂਆਣਾ ਦੇ ਵਸਨੀਕਾਂ ਨੇ ਭਰੇ ਮਨ ਨਾਲ ਕਿਹਾ ਕਿ ਉਹਨਾਂ ਦੇ ਘਰਾਂ ਦੇ ਬਿਲਕੁੱਲ ਅੱਗੇ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਪਿਛਲੀਆਂ ਗਲੀਆਂ 'ਚੋਂ ਆ ਕੇ ਖੜ੍ਹ ਜਾਂਦਾ ਹੈ ਜਿਸ ਨੇ ਉਹਨਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ, ਮੁਹੱਲੇ ਵਾਸੀਆਂ ਦੇ ਦੱਸਣ ਮੁਤਾਬਿਕ ਉਹ ਬਹੁਤ ਵਾਰੀ ਸਬੰਧਿਤ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਵੀ ਮਿਲ ਚੁੱਕੇ ਹਨ ਪ੍ਰੰਤੂ ਸਥਾਨਕ ਅਫਸਰ ਤੇ ਕਰਮਚਾਰੀਆਂ ਵੱਲੋਂ ਸਾਡੀ ਕਿਸੇ ਵੀ ਫਰਿਆਦ 'ਤੇ ਗ਼ੌਰ ਨਹੀਂ ਫਰਮਾਇਆ।
ਨਗਰ ਪੰਚਾਇਤ ਦਫਤਰ ਦੇ ਗੇਟ ਦੇ ਬਿਲਕੁਲ ਸਾਹਮਣੇ ਕਮਿਊਨਿਟੀ ਹਾਲ ਦੇ ਪਿਛਲੇ ਪਾਸੇ ਪਏ ਗੰਦਗੀ ਦੇ ਵੱਡੇ ਵੱਡੇ ਢੇਰ ਅਤੇ ਅਵਾਰਾਂ ਪਸ਼ੂਆਂ ਦਾ ਵਾੜਾ ਬਣੀ ਇਹ ਥਾਂ ਸ਼ਹਿਰ ਦੀ ਸਭ ਤੋਂ ਗੰਦੀ ਅਤੇ ਸੜਿਆਂਦ ਵਾਲੀ ਥਾਂ ਹੈ ਜਿਸ ਥਾਂ 'ਤੇ ਬਣੇ ਛਪੱੜਾਂ ਨੂੰ ਮਿੱਟੀ ਨਾਲ ਪੂਰ ਕੇ ਕੁੱਝ ਕੁ ਇਮਾਰਤਾਂ ਤਾਂ ਬਣਾ ਦਿੱਤੀਆਂ ਹਨ ਪਰ ਗੰਦਗੀ ਅਜੇ ਤੱਕ ਜਿਉਂ ਦੀ ਤਿਉਂ ਹੈ।
ਇੱਥੇ ਹੀ ਬੱਸ ਨਹੀਂ ਅਜੇ ਪਵਿੱਤਰ ਸ਼ਹਿਰ ਦੀ ਪਵਿੱਤਰਤਾ ਨੂੰ ਭੰਗ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਦਸੂਰਤ ਕਰਦੇ ਹੋਰ ਬਹੁਤ ਸਾਰੇ ਮਸਲੇ ਹਨ ਜੋ ਅਜੇ ਤੱਕ ਕਿਸੇ ਵੀ ਸਿਆਸੀ ਜਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਨਿਗ੍ਹਾ ਨਹੀਂ ਚੜੇ ਪ੍ਰੰਤੂ ਹੁਣ ਨਗਰ ਪੰਚਾਇਤ ਦੀਆਂ ਚੋਣਾਂ ਸਿਰ 'ਤੇ ਹਨ ਅਤੇ ਦੇਖਣਾ ਇਹ ਹੈ ਕਿ ਚੋਣਾਂ ਤੋਂ ਬਾਅਦ ਨਵੀਂ ਚੁਣੀ ਨਗਰ ਪੰਚਾਇਤ ਅਤੇ ਸਥਾਨਕ ਪ੍ਰਸ਼ਾਸ਼ਨ ਤਲਵੰਡੀ ਸਾਬੋ ਨੂੰ ਮੁੜ ਸੁੰਦਰ ਅਤੇ ਪਵਿੱਤਰ ਬਣਾਉਣ ਲਈ ਕੀ ਕੀ ਉਪਰਾਲੇ ਕਰਦੀ ਹੈ। ਇੱਥੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ. ਜਸਪਾਲ ਸਿੰਘ ਗਿੱਲ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਦੀ ਜਿੱਤ ਹੋਵੇ ਲੋਕਾਂ ਨੂੰ ਕੋਈ ਮਤਲਬ ਨਹੀਂ ਪ੍ਰੰਤੂ ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਬਿਨ੍ਹਾਂ ਕਿਸੇ ਭੇਦ-ਭਾਵ 'ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਣਾ ਚਾਹੀਦਾ ਹੈ।
ਨਗਰ ਪੰਚਾਇਤ ਤਲਵੰਡੀ ਸਾਬੋ ਦੇ ਕਾਰਜ ਸਾਧਕ ਅਫਸਰ ਨਾਲ ਜਦੋਂ ਨਗਰ ਵਿੱਚ ਪਸਰੀ ਗੰਦਗੀ ਨੂੰ ਅਣਦੇਖਿਆ ਕਰਨ ਦੇ ਕਾਰਨਾਂ ਬਾਰੇ ਪੁੱਛਣ ਲਈ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ 'ਸਾਹਬ' ਨੇ ਫੋਨ ਚੁੱਕਣ ਦੀ ਜ਼ਹਿਮਤ ਨਹੀਂ ਉਠਾਈ ਜਦੋਂ ਕਿ ਐੱਸ ਡੀ ਐੱਮ ਤਲਵੰਡੀ ਸਾਬੋ ਨੇ ਇਸ ਵਿਸ਼ੇ 'ਤੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਦਫਤਰ ਆ ਕੇ ਮਿਲੋ ਫਿਰ ਦੱਸਾਂਗੇ, ਜਦੋਂ ਕਿ ਇਸ ਬਾਰੇ ਸਾਰੀ ਜਾਣਕਾਰੀ ਫੋਨ 'ਤੇ ਵੀ ਦਿੱਤੀ ਜਾ ਸਕਦੀ ਸੀ।

No comments: