BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੋਲਿੰਗ ਪਾਰਟੀਆਂ ਸਟੇਸ਼ਨਾਂ ਲਈ ਕੀਤੀਆਂ ਰਵਾਨਾ, ਸੁਰੱਖਿਆ ਦੇ ਸਖਤ ਪ੍ਰਬੰਧ, ਸੰਵੇਦਨਸ਼ੀਲ ਬੂਥਾਂ ਤੇ ਵੀਡੀਓਗ੍ਰਾਫੀ ਵੀ ਹੋਵੇਗੀ

ਸਵੇਰੇ 8 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪੈਣਗੀਆਂ ਵੋਟਾਂ, 37 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਤਲਵੰਡੀ ਸਾਬੋ 16 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ 17 ਦਸੰਬਰ ਨੂੰ ਹੋਣ ਜਾ ਰਹੀਆਂ ਤਿੰਨ ਕਾਰਪੋਰੇਸ਼ਨਾਂ ਅਤੇ 21 ਨਗਰ ਕੌਂਸਲਾਂਫ਼ਪੰਚਾਇਤਾਂ ਦੀ ਚੋਣ ਦੀ ਲੜੀ ਵਿੱਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਚੋਣ ਲਈ ਪ੍ਰਸਾਸ਼ਨ ਨੇ ਤਿਆਰੀ ਮੁਕੰਮਲ ਕਰਕੇ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰ ਦਿੱਤਾ ਹੈ। ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ 6 ਬੂਥਾਂ ਤੇ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ ਜਦੋਂ ਕਿ ਸੁਰੱਖਿਆ ਨੂੰ ਦੇਖਦੇ ਹੋਏ 500 ਪੁਲਿਸ ਮੁਲਾਜਮ ਸਮੇਤ ਪੁਲਸ ਅਧਿਕਾਰੀਆਂ ਦੀ ਤੈਨਾਤੀ ਕੀਤੀ ਗਈ ਹੈ।
ਜਿਕਰਯੋਗ ਹੈ ਕਿ 2008 ਵਿੱਚ ਹੋਂਦ ਵਿੱਚ ਆਈ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਪਹਿਲੀ ਚੋਣ 2012 ਵਿੱਚ ਹੋਈ ਸੀ ਜਦੋਂ ਨਗਰ ਪੰਚਾਇਤ ਦੇ ਕੁੱਲ 13 ਵਾਰਡ  ਵਿੱਚੋਂ 12 ਵਿੱਚੋਂ ਚੁਣੇ ਜਾਣ ਤੋਂ ਬਾਅਦ ਅਕਾਲੀ ਭਾਜਪਾ ਗਠਜੋੜ ਨਗਰ ਪੰਚਾਇਤ ਤੇ ਕਾਬਿਜ ਹੋਇਆ ਸੀ ਤੇ ਉਸ ਸਮੇਂ ਕਾਂਗਰਸ ਨੂੰ ਸਿਰਫ ਇੱਕ ਸੀਟ ਮਿਲੀ ਸੀ। ਨਗਰ ਪੰਚਾਇਤ ਦੀ ਦੂਜੀ ਵਾਰ ਹੋਣ ਜਾ ਰਹੀ ਚੋਣ ਵਿੱਚ ਹੁਣ 15 ਵਾਰਡਾਂ ਵਿੱਚੋ 14 ਵਾਰਡਾਂ ਦੀ ਚੋਣ ਲਈ 16 ਪੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ।ਦੱਸਣਾ ਬਣਦਾ ਹੈ ਕਿ ਵਾਰਡ ਨੰਬਰ 2 ਤੋ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਮਾਨਸ਼ਾਹੀਆਂ ਪਹਿਲਾਂ ਹੀ ਨਿਰਵਿਰੋਧ ਜੇਤੂ ਕਰਾਰ ਦਿੱਤੇ ਗਏ ਹਨ। ਤਲਵੰਡੀ ਸਾਬੋ ਦੇ 15 ਵਾਰਡਾਂ ਵਿੱਚ ਕੁੱਲ 15988 ਵੋਟਰ ਹਨ।ਕੁੱਲ 37 ਉਮੀਦਵਾਰ ਇਨਾਂ ਚੋਣਾਂ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ।ਤਲਵੰਡੀ ਸਾਬੋ ਚੋਣ ਲਈ ਕਾਂਗਰਸ ਦੇ ਕੁੱਲ 14,ਸ਼੍ਰੋਮਣੀ ਅਕਾਲੀ ਦਲ ਦੇ 11,ਭਾਜਪਾ ਦੇ 2,ਆਮ ਆਦਮੀ ਪਾਰਟੀ ਦੇ 4, ਸ਼੍ਰੋਮਣੀ ਅਕਾਲੀ ਦਲ ਦੀ ਹਿਮਾਇਤ ਪ੍ਰਾਪਤ ਸੀ. ਪੀ. ਆਈ (ਐੱਮ) ਦਾ ਇੱਕ ਅਤੇ 5 ਆਜਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਸਾਰੇ 15 ਵਾਰਡਾਂ ਵਿੱਚੋਂ 4 ਵਾਰਡ ਜਰਨਲ ਕੈਟਾਗਿਰੀ, 5 ਵਾਰਡ ਔਰਤ ਜਰਨਲ, 3 ਵਾਰਡ ਐਸ. ਸੀ, 2 ਵਾਰਡ ਐਸ. ਸੀ ਔਰਤ ਅਤੇ ਇੱਕ ਵਾਰਡ ਬੀ. ਸੀ ਵਰਗ ਲਈ ਰਾਖਵਾਂ ਰੱਖਿਆ ਗਿਆ ਹੈ। ਚੋਣ ਮੈਦਾਨ ਵਿੱਚ 16 ਔਰਤਾਂ ਅਤੇ 22 ਮਰਦ ਜਿੰਨਾ ਵਿੱਚ ਪੰਜ ਨੌਜਵਾਨ ਵੀ ਸ਼ਾਮਿਲ ਹਨ ਕਿਸਮਤ ਅਜਮਾਈ ਕਰ ਰਹੇ ਹਨ। ਜਿਨਾਂ ਉਮੀਦਵਾਰਾਂ ਦੇ ਰਾਜਸੀ ਭਵਿੱਖ ਦਾ ਅੱਜ ਫੈਸਲਾ ਹੋਣਾ ਹੈ ਉਨਾਂ ਵਿੱਚ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਦੋ ਸਾਬਕਾ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ ਅਤੇ ਬੀਬੀ ਸ਼ਵਿੰਦਰ ਕੌਰ ਚੱਠਾ ਦੇ ਨਾਂ ਵੀ ਸ਼ਾਮਿਲ ਹਨ।
ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਬਰਿੰਦਰ ਕੁਮਾਰ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਵੋੋਟਿੰਗ ਸਵੇਰੇ 8 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਹੋਵੇਗੀ ਤੇ ਪੋਲਿੰਗ ਸਟੇਸ਼ਨਾਂ ਤੇ ਹੀ ਉਪਰੰਤ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਉਕਤ ਚੋਣਾਂ ਲਈ ਹਰ ਇੱਕ ਬੂਥ ਤੇ ਇੱਕ ਪੀ. ਆਰ. ੳ, ਇੱਕ ਏ. ਪੀ. ਆਰ. ਓ. ਅਤੇ ਤਿੰਨ ਪੋਲਿੰਗ ਅਫਸਰ ਤੈਨਾਤ ਕੀਤੇ ਗਏ ਹਨ। ਤਲਵੰਡੀ ਸਾਬੋ ਵਿਖੇ ਪੋਲਿੰਗ 6 ਵੱਖ ਵੱਖ ਸਥਾਨਾਂ (ਖਾਲਸਾ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ, ਸਰਕਾਰੀ ਸੈਕੰਡਰੀ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਯਾਦਵਿੰਦਰਾ ਇੰਜਨੀਅਰਿੰਗ ਕਾਲਜ, ਗੁਰੂੁ ਕਾਸ਼ੀ ਕਾਲਜ) ਵਿਖੇ ਹੋਵੇਗੀ। ਅੱਜ ਚੋਣ ਅਧਿਕਾਰੀਆਂ ਨੇ ਪੋਲਿੰਗ ਸਟਾਫ ਨੂੰ ਈ. ਵੀ. ਐਮ ਮਸ਼ੀਨਾਂ ਅਤੇ ਹੋਰ ਲੋੜੀਂਦਾ ਸਮਾਨ ਦੇ ਕੇ ਉਹਨਾਂ ਦੇ ਬੂਥਾਂ ਲਈ ਰਵਾਨਾ ਕਰ ਦਿੱਤਾ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ 4 ਬੂਥ (1,10,14 ਤੇ 15) ਸੰਵੇਦਨਸ਼ੀਲ ਐਲਾਨੇ ਗਏ ਹਨ ਜਦੋਂ ਕਿ 6 ਬੂਥਾਂ ਤੇ ਵੀਡੀੳਗ੍ਰਾਫੀ ਵੀ ਕਰਵਾਈ ਜਾ ਰਹੀ ਹੈ। ਚੋਣ ਅਧਿਕਾਰੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿੰਨਾ ਕਿਸੇ ਡਰ ਭੈਅ ਦੇ ਵੱਧ ਚੜ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।
ਉਧਰ ਪੁਲਿਸ ਨੇ ਵੀ ਚੋਣਾਂ ਦੇ ਮੱਦੇ ਨਜਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਡੀ. ਐੱਸ. ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਅਨੁਸਾਰ ਚੋਣ ਲਈ ਤਲਵੰਡੀ ਸਾਬੋ ਵਿਖੇ 500 ਪੁਲਿਸ ਮੁਲਾਜਮ ਤਾਇਨਾਤ ਕੀਏ ਗਏ ਹਨ ਜਿਨਾਂ ਦੀ ਅਗਵਾਈ ਇੱਕ ਐਸ.ਪੀ, ਦੋ ਡੀ. ਐਸ. ਪੀ,6 ਐਸ. ਐਚ. ਓ ਪੱਧਰ ਦੇ ਅਧਿਕਾਰੀ ਕਰਨਗੇ। ਇਸ ਦੇ ਨਾਲ ਸ਼ਹਿਰ ਵਿੱਚ 5 ਨਾਕੇ ਅਤੇ 6 ਪੋੋਲਿੰਗ ਪਾਰਟੀਆਂ ਗਸ਼ਤ ਲਈ ਲਗਾਈਆਂ ਗਈਆਂ ਹਨ। ਡੀ. ਐੱਸ. ਪੀ ਨੇ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ ਤੇ ਉਹ ਖੁਦ ਨਿਗਰਾਨੀ ਰੱਖਣਗੇ ਤੇ ਉਮੀਦਵਾਰਾਂ ਜਾਂ ਵੋਟਰਾਂ ਨੂੰ ਡਰਨ ਦੀ ਲੋੜ ਨਹੀਂ।

No comments: