BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੀਡੀਆ ਕੋਲੋਂ ਓਹਲਾ ਰੱਖ ਕੇ ਕੀਤਾ ਗਿਆ ਤਲਵੰਡੀ ਸਾਬੋ ਨਗਰ ਪੰਚਾਇਤ ਸੌਂਹ ਚੁੱਕ ਸਮਾਗਮ

ਤਲਵੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੀ 17 ਦਸੰਬਰ ਨੂੰ ਹੋਈ ਸਥਾਨਕ ਨਗਰ ਪੰਚਾਇਤ ਲਈ ਚੁੱਣੇ ਗਏ ਪੰਦਰਾਂ ਕੌਂਸਲਰਾਂ ਵਿੱਚੋਂ 13 ਨੂੰ ਸੌਂਹ ਚੁਕਾਉਣ ਦਾ ਕੰਮ ਮੀਡੀਆ ਤੋਂ ਦੂਰੀ ਬਣਾਉਂਦਿਆਂ ਬੀਤੀ ਕੱਲ੍ਹ ਨਿਬੇੜ ਦਿੱਤਾ ਗਿਆ ਜਦੋਂ ਕਿ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਤਾਜ਼ ਅਜੇ ਤੱਕ ਕਿਸੇ ਵੀ ਕੌਂਸਲਰ ਨੂੰ ਨਹੀਂ ਸਜਾਇਆ ਜਾ ਸਕਿਆ।
ਸੌਂਹ ਚੁੱਕ ਸਮਾਗਮ ਲਈ ਜਿੱਥੇ ਇੱਕ ਬਹੁਮਤ ਹਾਸਲ ਕਰਨ ਵਾਲੀ ਪਾਰਟੀ ਦੇ ਵਾਰਡ ਨੰਬਰ 13 ਤੋਂ ਚੁਣੇ ਗਏ ਕੌਂਸਲਰ ਬਲਕਰਨ ਸਿੰਘ ਬੱਬੂ ਨੂੰ ਕੋਈ ਜਾਣਕਾਰੀ ਨਹੀਂ ਸੀ ਉੱਥੇ ਵਿਰੋਧੀ ਪਾਰਟੀ ਦੇ ਜੇਤੂ ਕੌਂਸਲਰ ਅਤੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਬੀਬੀ ਸ਼ਵਿੰਦਰ ਕੌਰ ਚੱਠਾ ਨੂੰ ਵੀ ਸੌਂਹ ਚੁੱਕ ਸਮਾਗਮ ਵਿੱਚ ਬੁਲਾਉਣਾ ਜ਼ਰੂਰੀ ਨਹੀਂ ਸਮਝਿਆ ਗਿਆ। 21 ਦਸੰਬਰ ਨੂੰ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਅਗਲੇ 14 ਦਿਨਾਂ ਦੇ ਅੰਦਰ ਅੰਦਰ ਕਨਵੀਨਰ ਬਣਾ ਕੇ ਸਾਰੇ ਕੌਂਸਲਰਾਂ ਨੂੰ ਸੌਂਹ ਚੁਕਾਉਣ ਅਤੇ ਪ੍ਰਧਾਨ ਸਮੇਤ ਮੀਤ ਪ੍ਰਧਾਨ ਚੁਣੇ ਜਾਣ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਸੀ। ਉਕਤ ਨੋਟੀਫਿਕੇਸ਼ਨ ਅਨੁਸਾਰ ਕੱਲ੍ਹ ਨੋਟੀਫਿਕੇਸ਼ਨ ਦੇ ਅੰਤਲੇ ਦਿਨ ਐਸ. ਡੀ ਐਮ ਤਲਵੰਡੀ ਸਾਬੋ ਸ੍ਰੀ ਵਰਿੰਦਰ ਕੁਮਾਰ ਨੂੰ ਕਨਵੀਨਰ ਥਾਪ ਕੇ ਅਤੇ ਮੀਡੀਆ ਤੋਂ ਪਰਦਾ ਰੱਖ ਕੇ ਕੀਤੇ ਬੇਹੱਦ ਮਹੱਤਵਪੂਰਨ ਸਮਾਗਮ ਦੌਰਾਨ ਚੁੱਣੇ ਗਏ 15 ਕੌਂਸਲਰਾਂ ਵਿੱਚੋਂ ਕਾਂਗਰਸ ਦੇ 12 ਅਤੇ ਇੱਕ ਆਜ਼ਾਦ ਕੌਂਸਲਰ ਨੂੰ ਸੌਂਹ ਚੁਕਾਈ ਗਈ ਜਦੋਂ ਕਿ ਕਾਂਗਰਸ ਦੇ ਹੀ ਵਾਡਰ ਨੰੰ: 13 ਤੋਂ ਵੀ ਲੋਕਾਂ ਵੱਲੋਂ ਚੁਣੇ ਗਏ ਕੌਂਸਲਰ ਬਲਕਰਨ ਸਿੰਘ ਬੱਬੂ ਅਤੇ ਵਾਰਡ ਨੰ: 14 ਤੋਂ ਚੁਣੇ ਗਏ ਅਕਾਲੀ ਕੌਂਸਲਰ ਬੀਬੀ ਸ਼ਵਿੰਦਰ ਕੌਰ ਚੱਠਾ ਨੂੰ ਵੀ ਮੀਡੀਆ ਦੀ ਤਰ੍ਹਾਂ ਇਸ ਸਮਾਗਮ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ।
ਭਾਵੇਂ ਕਿ ਇਸ ਸਮਾਗਮ ਦੌਰਾਨ ਨਗਰ ਪੰਚਾਇਤ ਦੀ ਪ੍ਰਧਾਨਗੀ ਦੀ ਤਾਜ਼ਪੋਸ਼ੀ ਦੀਆਂ ਅਫਵਾਹਾਂ ਦਾ ਬਾਜ਼ਾਰ ਵੀ ਸ਼ਹਿਰ ਅੰਦਰ ਗਰਮ ਰਿਹਾ ਪ੍ਰੰਤੂ ਇਸ ਦੌਰਾਨ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਾ ਹੋ ਸਕੀ। ਸ਼ਹਿਰ ਅੰਦਰ ਕੰਨੋ-ਕੰਨੀ ਹੋ ਰਹੀ ਚਰਚਾ ਅਨੁਸਾਰ ਜਿੱਥੇ ਅਕਾਲੀ ਵਜ਼ਾਰਤ ਵੇਲੇ ਨਗਰ ਪੰਚਾਇਤ ਦੇ ਪ੍ਰਧਾਨ ਰਹਿ ਚੁੱਕੇ ਰਿੰਪੀ ਮਾਨ ਅਤੇ ਵਾਰਡ ਨੰ: 2 ਤੋਂ ਨਿਰਵਿਰੋਧੀ ਚੁਣੇ ਗਏ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਦਾਅਵੇਦਾਰ ਮੰਨੇ ਜਾ ਰਹੇ ਹਨ ਉੱਥੇ ਹੀ ਇਹਨਾਂ ਦੋਵਾਂ ਵਿੱਚ ਅੱਧਾ ਅੱਧਾ ਕਾਰਜ਼ਕਾਲ ਪ੍ਰਧਾਨਗੀ ਦਾ ਤਾਜ਼ ਪਹਿਨਣ ਦਾ ਕਥਿਤ ਸਮਝੌਤਾ ਵੀ ਹੋ ਚੁੱਕਿਆ ਹੈ। ਅਫਵਾਹਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਹ ਵੀ ਸੰਭਵ ਹੈ ਕਿ ਪਹਿਲੀ ਪਾਰੀ ਦੌਰਾਨ ਕਮਾਈ ਦਾ ਸਾਧਨ ਨਾ-ਮਾਤਰ ਹੋਣ ਕਾਰਨ ਉਕਤ ਦੋਵੇਂ ਹੀ ਪਿਛਲੇ ਕਾਰਜਕਾਲ ਵਿੱਚ ਪ੍ਰਧਾਨਗੀ ਕਰਨ ਦੇ ਇੱਛੁਕ ਹੋਣ ਕਾਰਨ ਕਾਂਗਰਸੀ ਆਗੂਆਂ ਨੂੰ ਪ੍ਰਧਾਨ ਥਾਪਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੌਂਹ ਸੁੱਕ ਸਮਾਗਮ ਵਿੱਚੋਂ ਗੈਰ ਹਾਜ਼ਰ ਰਹਿਣ ਸਬੰਧੀ ਪੁੱਛੇ ਜਾਣ 'ਤੇ ਵਾਰਡ ਨੰ: 14 ਤੋਂ ਅਕਾਲੀ ਕੌਂਸਲਰ ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ ਬੀਬੀ ਸ਼ਵਿੰਦਰ ਕੌਰ ਚੱਠਾ ਦੇ ਬੇਟੇ ਸੁਖਬੀਰ ਸਿੰਘ ਚੱਠਾ ਨੇ ਕਿਹਾ ਕਿ ਮੀਟਿੰਗ ੳਤੇ ਸੌਂਹ ਚੁੱਕ ਸਮਾਗਮ ਸ਼ੁਰੂ ਹੋਣ ਵੇਲੇ ਤੱਕ ਉਹਨਾਂ ਨੂੰ ਦਫਤਰ ਵੱਲੋਂ ਕੋਈ ਲਿਖਤੀ ਨੋਟਿਸ ਪ੍ਰਾਪਤ ਨਹੀਂ ਹੋਇਆ ਸੀ ਜਦੋਂ ਕਿ ਮੀਟਿੰਗ ਸ਼ੁਰੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਮੀਟਿੰਗ ਵਾਲੇ ਦਿਨ ਹੀ ਉਹਨਾਂ ਦੀ ਮਾਤਾ ਨੂੰ ਮੀਟਿੰਗ ਬਾਰੇ ਫੋਨ 'ਤੇ ਸੂਚਿਤ ਕੀਤਾ ਗਿਆ ਸੀ ਪ੍ਰੰਤੂ ਫੋਨ 'ਤੇ ਕਾਨੂੰਨ ਮੁਤਾਬਿਕ ਮੀਟਿੰਗ ਦੀ ਜਾਣਕਾਰੀ 48 ਘੰਟੇ ਪਹਿਲਾਂ ਲਿਖਤੀ ਨੋਟਿਸ ਰਾਹੀਂ ਦਿੱਤੇ ਜਾਣ ਸਬੰਧੀ ਉਹਨਾਂ ਵੱਲੋਂ ਕਹੇ ਜਾਣ ਤੋਂ ਬਾਅਦ ਨਗਰ ਪੰਚਾਇਤ ਦਫਤਰ ਵੱਲੋਂ 3 ਵਜੇ ਤੋਂ ਬਾਅਦ ਮੀਟਿੰਗ ਵਾਲੇ ਦਿਨ ਉਹਨਾਂ ਦੇ ਘਰ ਲਿਖਤੀ ਨੋਟਿਸ ਉਸ ਸਮੇਂ ਪੁੱਜਿਆ ਜਦੋਂ ਮੀਟਿੰਗ ਅਤੇ ਸੌਂਹ ਚੁੱਕ ਸਮਾਗਮ ਸ਼ੁਰੂ ਹੋ ਚੁੱਕਿਆ ਸੀ ਜਿਸ ਕਾਰਨ ਅਕਾਲੀ ਕੌਂਸਲਰ ਇਸ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕੇ।
ਇਸ ਮਾਮਲੇ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਤਲਵੰਡੀ ਸਾਬੋ ਨਾਲ ਉਹਨਾਂ ਦੇ ਮੋਬਾਈਲ 'ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨੋਟਿਸ ਪਹੁੰਚਣ ਵਿੱਚ ਦੇਰੀ ਹੋਣ ਬਾਰੇ ਉਹ ਪੜਤਾਲ ਕਰਨਗੇ ਜਦੋਂ ਕਿ ਐੱਸ ਡੀ ਅੇੱਮ ਤਲਵੰਡੀ ਸਾਬੋ ਨੇ ਇਸ ਸਬੰਧ ਵਿੱਚ ਗੱਲ ਕਰਨ ਲਈ ਫੋਨ ਕਰਨ 'ਤੇ ਫੋਨ ਚੁੱਕਣਾ ਹੀ ਮੁਨਾਸਿਬ ਨਹੀਂ ਸਮਝਿਆ।

No comments: