BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੋਕਾਂ ਦੇ ਵਿਰੋਧ ਕਾਰਨ ਖਾਲਸਾ ਸਕੂਲ ਵਿੱਚ ਬਣੀ ਵਿਵਾਦਤ ਸਮਾਧ ਢਾਹੀ

  • ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਸਮਾਧ ਢਾਹੁਣ ਨੂੰ ਜਾਇਜ ਕਰਾਰ ਦਿੱਤਾ
  • ਵਿੱਦਿਆ ਦੇ ਮੰਦਰ 'ਤੇ ਲੱਗੇ ਅੰਧ ਵਿਸ਼ਵਾਸ਼ੀ ਦਾਗ਼ ਨੂੰ ਲੋਕਾਂ ਮਿਟਾਇਆ
  • ਕਾਰ ਸੇਵਾ ਮੌਕੇ ਪ੍ਰਿੰਸੀਪਲ ਸਮੇਤ ਪ੍ਰਬੰਧਕੀ ਕਮੇਟੀ ਗਾਇਬ
ਤਲਵੰਡੀ ਸਾਬੋ, 17 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਨਾਲ ਸਬੰਧਿਤ ਪਵਿੱਤਰ ਲਫਜ 'ਖਾਲਸਾ' ਦੇ ਨਾਂ 'ਤੇ ਕਰੀਬ ਸਵਾ ਸੌ ਸਾਲ ਪਹਿਲਾਂ ਹੋਂਦ ਵਿੱਚ ਆਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿੱਚ ਬੀਤੇ ਦਿਨੀਂ ਇੱਕ ਫਕੀਰ ਦੇ ਨਾਂ 'ਤੇ ਬਣੀ ਸਮਾਧ ਦੇ ਨਵਨਿਰਮਾਣ ਤੋਂ ਬਾਅਦ ਨਗਰ ਦੇ ਕੁਝ ਲੋਕਾਂ ਵੱਲੋਂ ਸਮਾਧ ਦੇ ਨਿਰਮਾਣ ਵਿਰੁਧ ਆਵਾਜ ਉਠਾਉਣ ਅਤੇ ਉਕਤ ਸਮਾਧ ਨੂੰ ਸਿੱਖ ਸਿਧਾਂਤਾਂ ਦੇ ਉਲਟ ਕਰਾਰ ਦੇਣ ਪਿੱਛੋਂ ਉਕਤ ਮਾਮਲੇ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਕੋਲ ਪੁੱਜਣ ਤੋਂ ਮਗਰੋਂ ਅੱਜ ਸਵੇਰੇ ਉਕਤ ਸਮਾਧ ਨੂੰ ਢਾਹ ਦਿੱਤਾ।
ਕਾਬਲੇਗੌਰ ਹੈ ਕਿ ਬੀਤੇ ਦਿਨੀ ਖਾਲਸਾ ਸਕੂਲ ਦੇ ਗਰਾਊਂਡ ਨੇੜੇ ਕੁਝ ਲੋਕਾਂ ਵੱਲੋਂ ਸਾਂਈ ਤੇਗਲੀ ਸ਼ਾਹ ਦੇ ਨਾਂ ਤੇ ਇੱਕ ਸਮਾਧ ਦਾ ਨਵ ਨਿਰਮਾਣ ਇਹ ਕਹਿੰਦਿਆਂ ਕਰ ਦਿੱਤਾ ਗਿਆ ਸੀ ਕਿ ਸਾਂਈ ਤੇਗਲੀ ਸ਼ਾਹ ਦੀ ਉਕਤ ਸਮਾਧ ਕਰੀਬ ਡੇਢ ਸੌ ਸਾਲ ਪੁਰਾਣੀ ਹੈ ਪਰ ਬੀਤੇ ਸਮੇਂ ਤੋਂ ਕੁਝ ਕਾਰਣਾ ਕਰਕੇ ਇਹ ਸਮਾਧ ਬਣਾਈ ਨਹੀਂ ਸੀ ਜਾ ਸਕੀ। ਸਮਾਧ ਬਨਣ ਤੋਂ ਬਾਅਦ ਵਿਵਾਦ ਉਸ ਸਮੇਂ ਭਖਿਆ ਜਦੋਂ ਬਕਾਇਦਾ ਉਸ ਉੱਪਰ ਸ਼ੈੱਡ ਪਾ ਕੇ ਇੱਕ ਡੇਰਾ ਰੂਪੀ ਬਣਾ ਦਿੱਤਾ ਗਿਆ ਤੇ ਉੱਥੇ ਇੱਕ ਵਾਰ ਦੀਵਾਨ ਵੀ ਲੱਗ ਗਿਆ। ਨਗਰ ਦੇ ਕੁਝ ਲੋਕਾਂ ਵੱਲੋਂ ਸਕੂਲੀ ਬੱਚਿਆਂ ਤੇ ਇਸ ਸਮਾਧ ਦਾ ਬੁਰਾ ਪ੍ਰਭਾਵ ਪੈਣ ਦਾ ਹਵਾਲਾ ਦਿੰਦਿਆਂ ਉਕਤ ਸਮਾਧ ਨੂੰ ਹਟਾਉਣ ਲਈ ਮੁਹਿੰਮ ਛੇੜ ਦਿੱਤੀ ਗਈ ਸੀ। ਬੀਤੇ ਦਿਨ ਨਗਰ ਦੇ ਕੁਝ ਲੋਕਾਂ ਵੱਲੋਂ ਇਹ ਮਾਮਲਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਉਠਾਇਆ ਗਿਆ ਸੀ ਕਿ ਕਿਉਂਕਿ ਵਿੱਦਿਅਕ ਸੰਸਥਾ ਖਾਲਸੇ ਦੇ ਨਾਂ ਤੇ ਬਣੀ ਹੈ ਇਸਲਈ ਇਸ ਵਿੱਚ ਕਿਸੇ ਸਮਾਧ ਦਾ ਹੋਣਾ ਸਿੱਖ ਪ੍ਰੰਪਰਾਵਾਂ ਦੇ ਉਲਟ ਹੈ। ਇਸੇ ਵਿਵਾਦ ਦੇ ਚਲਦਿਆਂ ਅੱਜ ਸਵੇਰੇ ਸਰਬਜੀਤ ਸਿੰਘ ਨਾਮੀ ਨੌਜਵਾਨ ਦੀ ਅਗਵਾਈ ਵਿੱਚ ਪੁੱਜੇ ਸਿੱਖ ਨੌਜਵਾਨਾਂ ਨੇ ਉਕਤ ਸਮਾਧ ਨੂੰ ਸਿੱਖ ਸਿਧਾਂਤਾ ਦੇ ਉਲਟ ਦੱਸਦਿਆਂ ਢਾਹ ਦਿੱਤਾ। ਉੱਥੇ ਲੱਗੀਆਂ ਮੁਸਲਿਮ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਨੂੰ ਨੌਜਵਾਨਾਂ ਵੱਲੋਂ ਸਤਿਕਾਰ ਸਹਿਤ ਮਸਜਿਦ ਪਹੁੰਚਾ ਦੇਣ ਦੀ ਜਾਣਕਾਰੀ ਮਿਲੀ ਹੈ। ਗੱਤਕਾ ਅਕੈਡਮੀ ਚਲਾ ਰਹੇ ਸਿੱਖ ਨੌਜਵਾਨ ਸਰਬਜੀਤ ਸਿੰਘ ਨੇ ਉਕਤ ਪੱਤਰਕਾਰ ਨੂੰ ਦੱਸਿਆ ਕਿ ਸਿੱਖ ਸਿਧਾਂਤਾਂ ਦੀ ਰਾਖੀ ਲਈ ਉਨਾਂ ਵੱਲੋਂ ਉਕਤ ਸਮਾਧ ਢਾਹੀ ਗਈ ਹੈ ਹੋਰ ਉਨਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ। ਜਦੋਂ ਇਸ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਨੇ ਸਮਾਧ ਢਾਹੁਣ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਅੱਜ ਉਕਤ ਸਿੱਖ ਨੌਜਵਾਨ ਸਮਾਧ ਨਾ ਢਾਹੁੰਦੇ ਤਾਂ ਆਉਣ ਵਾਲੀ ਕੱਲ ਨੂੰ ਸ਼੍ਰੋਮਣੀ ਕਮੇਟੀ ਦੇ ਸਿੰਘਾਂ ਵੱਲੋਂ ਇਹ ਸਮਾਧ ਢਾਹੀ ਜਾਣੀ ਸੀ ਜਿਸ ਦੀ ਪੂਰੀ ਤਿਆਰੀ ਹੋ ਚੁੱਕੀ ਸੀ। ਸਮਾਧ ਢਾਹੁਣ ਤੋਂ ਬਾਅਦ ਪਤਾ ਲੱਗਾ ਹੈ ਕਿ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਬਾਬਾ ਕਾਕਾ ਸਿੰਘ ਦੀ ਅਗਵਾਈ ਵਿੱਚ ਪੁੱਜੇ ਸਿੰਘਾਂ ਨੇ ਬਾਕੀ ਰਹਿੰਦੇ ਸਮਾਧ ਦੇ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ। ਸਮਾਧ ਦੇ ਢਹਿਣ ਨਾਲ ਬੀਤੇ ਦਿਨਾਂ ਤੋਂ ਨਗਰ ਅੰਦਰ ਉੱਠਿਆ ਵਿਵਾਦ ਫਿਲਹਾਲ ਠੰਢਾ ਪੈ ਗਿਆ ਹੈ ਤੇ ਕਿਸੇ ਪਾਸੋਂ ਵਿਰੋਧ ਦੇ ਸੁਰ ਵੀ ਨਾ ਉੱਠਣ ਕਾਰਣ ਪ੍ਰਸ਼ਾਸਨ ਵਾਸਤੇ ਵੀ ਕੋਈ ਮੁਸ਼ਕਿਲ ਖੜੀ ਨਹੀ ਹੋਈ।

No comments: