BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਫੌਜੀ ਕੁਲਦੀਪ ਸਿੰਘ ਦਾ ਸ਼ਰਧਾਂਜਲੀ ਸਮਾਗਮ ਅੱਜ, ਵੱਡੀ ਗਿਣਤੀ ਵਿੱਚ ਹਲਕੇ ਦੇ ਪਿੰਡਾਂ ਦੇ ਲੋਕ ਅੰਤਿਮ ਅਰਦਾਸ ਵਿੱਚ ਪੁੱਜਣਗੇ

ਤਲਵੰਡੀ ਸਾਬੋ, 1 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਦੇ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਜੋ ਕਿ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਬੀਤੇ ਦਿਨੀਂ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿੱਚ ਸ਼ਹੀਦ ਹੋ ਗਏ ਸਨ, ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 2 ਜਨਵਰੀ ਨੂੰ ਉਨਾਂ ਦੇ ਪਿੰਡ ਕੌਰੇਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਭੋਗ ਮੌਕੇ ਜਿੱਥੇ ਵੱਖ-ਵੱਖ ਸਿਆਸੀ, ਸਮਾਜਿਕ ਜਥੇਬੰਦੀਆਂ, ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੁੱਜਣ ਦੀ ਉਮੀਦ ਹੈ ਉੱਥੇ ਸਮੁੱਚੇ ਹਲਕੇ ਭਰ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਆਮ ਲੋਕ ਦੇਸ਼ ਲਈ ਸ਼ਹੀਦ ਹੋਏ ਆਪਣੇ ਮਹਾਨ ਸਪੂਤ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਅੰਤਿਮ ਅਰਦਾਸ ਵਿੱਚ ਪੁੱਜਣਗੇ। ਅੱਜ ਇੱਥੇ ਪਿੰਡ ਦੇ ਮੋਹਤਬਰ ਆਗੂ ਤਾਰਾ ਸਿੰਘ ਪ੍ਰਧਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਕੁਲਦੀਪ ਸਿੰਘ ਦਾ ਸ਼ਰਧਾਂਜਲੀ ਸਮਾਗਮ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ 'ਤੇ ਪਿੰਡ ਦੀ ਅਨਾਜ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ। ਉਕਤ ਸ਼ਰਧਾਂਜਲੀ ਸਮਾਗਮ ਲਈ ਸਹਿਯੋਗ ਦੀ ਪੇਸ਼ਕਸ਼ ਲੈ ਕੇ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਪਿੰਡ ਨਹੀਂ ਪੁੱਜਾ। ਜਿਕਰਯੋਗ ਹੈ ਕਿ ਸ਼ਹੀਦ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਜਿੱਥੇ ਹੁਣ ਤੱਕ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ, ਹਲਕੇ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸਾਬਕਾ ਅਕਾਲੀ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਡੀ. ਆਈ. ਜੀ ਅਤੇ ਕੋਸ਼ਿਸ ਚਾਹਲ ਚੈਰੀਟੇਬਲ ਟਰੱਸਟ ਦੇ ਬਾਨੀ ਸ. ਹਰਿੰਦਰ ਸਿੰਘ ਚਾਹਲ ਉਨਾਂ ਦੇ ਘਰ ਪੁੱਜ ਚੁੱਕੇ ਹਨ ਉੱਥੇ ਸੱਤਾਧਾਰੀ ਧਿਰ ਦੇ ਆਗੂ ਕੇਵਲ ਸੰਸਕਾਰ ਮੌਕੇ ਹੀ ਪੁੱਜੇ ਤੇ ਉਸ ਤੋਂ ਬਾਅਦ ਕੋਈ ਵੀ ਸਰਕਾਰੀ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਦੇ ਪਰਿਵਾਰ ਦੀ ਸਾਰ ਲੈਣ ਉਨਾਂ ਦੇ ਘਰ ਨਹੀਂ ਪੁੱਜਾ। ਪਿੰਡ ਵਾਸੀਆਂ ਨੂੰ ਜਿੱਥੇ ਸ਼ਹੀਦ ਦੇ ਸੰਸਕਾਰ ਤੋਂ ਇਲਾਵਾ ਇੱਕ ਵੀ ਦਿਨ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਜਾਂ ਜ਼ਿਲ੍ਹੇ ਦੇ ਕਿਸੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਦੇ ਸ਼ਹੀਦ ਦੇ ਘਰ ਅਫਸੋਸ ਪ੍ਰਗਟ ਕਰਨ ਨਾ ਪੁੱਜਣ 'ਤੇ ਰੋਸ ਹੈ ਉੱਥੇ ਹੁਣ ਇਹ ਉਮੀਦ ਵੀ ਹੈ ਕਿ ਸੂਬਾ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਐਲਾਨੀ 12 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਸ਼ਹੀਦ ਦੀ ਵਿਧਵਾ ਨੂੰ ਕੀਤੇ ਸਰਕਾਰੀ ਨੌਕਰੀ ਦੇ ਐਲਾਨ ਸਬੰਧੀ ਨੌਕਰੀ ਦਾ ਨਿਯੁਕਤੀ ਪੱਤਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਭੋਗ ਦੇ ਮੌਕੇ ਦੇ ਕੇ ਉਹ ਸ਼ਹੀਦ ਦੀ ਸ਼ਹਾਦਤ ਦਾ ਮਾਣ ਰੱਖਣਗੇ। ਸ਼ਹੀਦ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਜਾਣ ਲਈ ਅੱਜ ਹਲਕੇ ਦੇ ਲੋਕਾਂ ਵਿੱਚ ਖਿੱਚ ਦੇਖਣ ਨੂੰ ਮਿਲੀ ਤੇ ਹਲਕਾ ਤਲਵੰਡੀ ਸਾਬੋ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਲੋਕ ਵੀ ਪੱਤਰਕਾਰਾਂ ਨੂੰ ਫੋਨ 'ਤੇ ਸ਼ਹੀਦ ਕੁਲਦੀਪ ਸਿੰਘ ਦੇ ਭੋਗ ਸਬੰਧੀ ਫੋਨ 'ਤੇ ਸਾਰਾ ਦਿਨ ਪੁੱਛਦੇ ਰਹੇ। ਭਾਵੇਂ ਅੱਜ ਭੋਗ ਸਮਾਗਮ ਤੋਂ ਬਾਅਦ ਬੀਤੇ ਇੱਕ ਹਫਤੇ ਤੋਂ ਸੋਗ ਵਿੱਚ ਡੁੱਬੇ ਪਿੰਡ ਵਾਸੀਆਂ ਦੀ ਜਿੰਦਗੀ ਦੀ ਰਫਤਾਰ ਫਿਰ ਆਮ ਵਾਂਗ ਹੋ ਜਾਵੇਗੀ ਪਰ ਅੱਜ ਭੋਗ ਮੌਕੇ ਦੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਆਪਣੇ ਕੀਤੇ ਐਲਾਨਾਂ ਨੂੰ ਅਮਲੀ ਜਾਮ੍ਹਾ ਪਹਿਨਾਉਂਦੀ ਹੈ ਕਿ ਨਹੀਂ ਤੇ ਦੂਜੀਆਂ ਸਿਆਸੀ ਜਾਂ ਸਮਾਜਿਕ ਧਿਰਾਂ ਸ਼ਹੀਦ ਦੇ ਪਰਿਵਾਰ ਦੀ ਕਿਸ ਤਰੀਕੇ ਨਾਲ ਮਦੱਦ ਕਰਨਗੀਆਂ।

No comments: