BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਘੀ ਦੇ ਪਾਵਨ ਦਿਹਾੜੇ ਮੌਕੇ ਦਮਦਮਾ ਸਾਹਿਬ ਵਿਖੇ ਵੀ ਸਜਿਆ ਜੋੜ ਮੇਲਾ

ਹਜਾਰਾਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਹੋਈਆਂ ਨਤਮਸਤਕ, ਧਾਰਮਿਕ ਸਮਾਗਮਾਂ ਦਾ ਕੀਤਾ ਆਯੋਜਨ
ਤਲਵੰਡੀ ਸਾਬੋ, 14 ਜਨਵਰੀ (ਗੁਰਜੰਟ ਸਿੰਘ ਨਥੇਹਾ)- 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਕਰਕੇ ਮਨਾਏ ਜਾਂਦੇ ਮਾਘੀ ਦੇ ਪਾਵਨ ਦਿਹਾੜੇ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਨਾਲ ਸਿੱਖਾਂ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਜੋੜ ਮੇਲਾ ਸਜਾਇਆ ਗਿਆ। ਜੋੜ ਮੇਲੇ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਾਵਨ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖਤ ਸਾਹਿਬ ਮੱਥਾ ਟੇਕਿਆ। ਜਿੱਥੇ ਸ਼੍ਰੋਮਣੀ ਕਮੇਟੀ ਸਮੇਤ ਧਾਰਮਿਕ ਅਦਾਰਿਆਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਗਏ ਉੱਥੇ ਨਗਰ ਦੇ ਲੋਕਾਂ ਨੇ ਆਪਣੇ ਵੱਲੋਂ ਵੱਡੀ ਪੱਧਰ ਤੇ ਲੰਗਰ ਵੀ ਲਗਾਏ ਹੋਏ ਸਨ ਜਦੋਂਕਿ ਇਸ ਦਿਹਾੜੇ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਤਲਵੰਡੀ ਸਾਬੋ ਵਿਖੇ ਰਾਜਸੀ ਕਾਨਫਰੰਸ ਦਾ ਆਯੋਜਨ ਵੀ ਕੀਤਾ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਜਿੱਥੇ ਮਾਘੀ ਦੇ ਪਵਿੱਤਰ ਦਿਹਾੜੇ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵਿਸ਼ਾਲ ਜੋੜ ਮੇਲਾ ਲੱਗਦਾ ਹੈ ਉੱਥੇ ਮੁਕਤਸਰ ਸਾਹਿਬ ਤੋਂ ਬਾਦ ਦਮਦਮਾ ਸਾਹਿਬ ਵਿਖੇ ਵੀ ਦੂਜਾ ਵੱਡਾ ਜੋੜ ਮੇਲਾ ਸਜਾਇਆ ਜਾਂਦਾ ਹੈ ਜਿਸ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਤੋਂ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ। ਅੱਜ ਸਵੇਰੇ ਤੜਕਸਾਰ ਤੋਂ ਹੀ ਸੰਗਤਾਂ ਤਖਤ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਕਾਫੀ ਠੰਢ ਦੇ ਬਾਵਜੂਦ ਸੰਗਤਾਂ ਨੇ ਮਾਘ ਮਹੀਨੇ ਦੀ ਇਸ ਸੰਗਰਾਂਦ ਮੌਕੇ ਪਾਵਨ ਸਰੋਵਰਾਂ ਵਿੱਚ ਇਸ਼ਨਾਨ ਕੀਤੇ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਨਾਲ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਮੱਥਾ ਟੇਕਿਆ। ਤਖਤ ਸਾਹਿਬ ਦੇ ਕਥਾਵਾਚਕ ਭਾਈ ਜਗਤਾਰ ਸਿੰਘ ਕੀਰਤਪੁਰੀ ਨੇ ਸੰਗਤਾਂ ਨੂੰ ਚਾਲੀ ਮੁਕਤਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੰਗਤਾਂ ਨਾਲ ਚਾਲੀ ਮੁਕਤਿਆਂ ਦੇ ਸਮੁੱਚੇ ਇਤਿਹਾਸ ਸਬੰਧੀ ਵਿਚਾਰ ਕਰਦਿਆਂ ਸੰਗਤਾਂ ਨੂੰ ਗੁਰੂੁ ਦੇ ਲੜ ਲੱਗੇ ਰਹਿਣ ਦੀ ਅਪੀਲ ਕੀਤੀ। ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਢਾਡੀ ਅਤੇ ਕਵੀਸ਼ਰੀ ਦਰਬਾਰ ਵੀ ਕਰਵਾਇਆ ਗਿਆ। ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਦੇ ਨੌਂਵੀ ਪਾਤਸ਼ਾਹੀ ਦੇ ਪਵਿੱਤਰ ਸਰੋਵਰ ਵਿੱਚ ਵੀ ਵੱਡੀ ਗਿਣਤੀ ਸੰਗਤਾਂ ਨੇ ਇਸ਼ਨਾਨ ਕਰਕੇ ਬੁੰਗਾ ਮਸਤੂਆਣਾ ਮੱਥਾ ਟੇਕਿਆ। ਬਾਬਾ ਛੋਟਾ ਸਿੰਘ ਤੇ ਬਾਬਾ ਕਾਕਾ ਸਿੰਘ ਨੇ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂੰ ਕਰਵਾਇਆ। ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਵਿਖੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਵੱਲੋਂ ਕਰਵਾਏ ਧਾਰਮਿਕ ਸਮਾਗਮਾਂ ਵਿੱਚ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂੁ ਦੇ ਲੜ ਲੱਗੇ। ਇਸ ਮੌਕੇ ਨਿਹੰਗ ਸਿੰਘਾਂ ਦੇ ਲਾਇਸੰਸ ਵੀ ਰਿਨੀਊ ਕੀਤੇ ਗਏ। ਮੇਲੇ ਵਿੱਚ ਵੱਡੇ ਇਕੱਠ ਦੇ ਬਾਵਜੂਦ ਪੁਲਿਸ ਅਤੇ ਪ੍ਰਸ਼ਾਸਨ ਦੀ ਗੈਰ ਮੌਜੂਦਗੀ ਕਾਰਣ ਮੇਲੇ ਵਿੱਚ ਟ੍ਰੈਫਿਕ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਫਿਰ ਪੁਲਿਸ ਵੱਲੋਂ ਖੰਡਾ ਚੌਂਕ ਕੋਲ ਨਾਕਾ ਲਾ ਕੇ ਤਖਤ ਸਾਹਿਬ ਵੱਲ ਜਾਂਦੇ ਵਹੀਕਲਾਂ ਨੂੰ ਰੋਕਣ ਉਪਰੰਤ ਹੀ ਸੁਚਾਰੂ ਢੰਗ ਨਾਲ ਆਵਾਜਾਈ ਬਹਾਲ ਹੋ ਸਕੀ।
ਉਕਤ ਧਾਰਮਿਕ ਸਮਾਗਮਾਂ ਮੌਕੇ ਤਖਤ ਸਾਹਿਬ ਤੇ ਜਿੱਥੇ ਸਾਰਾ ਦਿਨ ਵੱਖ ਵੱਖ ਪਦਾਰਥਾਂ ਦੇ ਲੰਗਰ ਚੱਲਦੇ ਰਹੇ ਉੱਥੇ ਕਾਰ ਸੇਵਾ (ਦਿੱਲੀ ਵਾਲਿਆਂ) ਵੱਲੋਂ ਵੀ ਪਕੌੜਿਆਂ ਅਤੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਸਨ। ਪਿੰਡਾਂ ਦੀਆਂ ਸੰਗਤਾਂ ਵੱਲੋਂ ਵੀ ਚਾਹ ਪਕੌੜਿਆਂ ਦੇ ਲੰਗਰ ਥਾਂ ਥਾਂ ਲੱਗੇ ਦਿਖਾਈ ਦਿੱਤੇ। ਖਿਡੌਣਿਆਂ ਅਤੇ ਵੱਖ ਵੱਖ ਚੀਜਾਂ ਦੇ ਸਟਾਲ ਖਿੱਚ ਦਾ ਕੇਂਦਰ ਬਣੇ ਰਹੇ।

No comments: