BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖਾਲਸਾ ਸਕੂਲ ਤਲਵੰਡੀ ਸਾਬੋ 'ਚ ਭੂਤ ਪ੍ਰਗਟ ਕੀਤੇ ਜਾਣ ਤੋਂ ਦੁਖੀ ਸਕੂਲ ਸਲਾਹਕਾਰ ਵੱਲੋਂ ਅਸਤੀਫਾ

  • ਸਕੂਲ ਕਮੇਟੀ ਅਜੇ ਵੀ ਆਪਣੇ ਹੱਠ 'ਤੇ ਕਾਇਮ, ਰਾਤਾਂ ਨੂੰ ਜੋਤ ਜਗਾ ਰਿਹੈ ਬਸਪਾ ਦਾ ਇੱਕ ਵੱਡਾ ਆਗੂ
ਤਲਵੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ 'ਚ ਪਿਛਲੇ ਲੱਗਭਗ ਤਿੰਨ ਹਫਤਿਆਂ ਤੋਂ ਹੋ ਰਹੀ ਅਤੇ ਹੋਣ ਦਿੱਤੇ ਜਾ ਰਹੇ ਸਿਰੇ ਦੇ ਗੈਰ ਵਿੱਦਿਅਕ ਅਤੇ ਗੈਰ ਵਿਗਿਆਨਿਕ ਕੰਮ ਦੇ ਚੱਲੇ ਜਾਣ ਦੇ ਬਾਵਜੂਦ ਵੀ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਸਕੂਲ 'ਤੇ ਕਬਜ਼ਾ ਜਮਾਈ ਬੈਠਾ ਸਿਆਸੀ ਲੀਡਰਾਂ ਤੇ ਪਿਛਲੱਗਾਂ ਦਾ ਪੜਿਆ-ਲਿਖਿਆ ਅਣਪੜ੍ਹ ਟੋਲਾ ਤਾਂ ਟਸ ਤੋਂ ਮਸ ਨਾ ਹੋਇਆ ਪ੍ਰੰਤੂ ਬੇਵਕੂਫੀ ਦੀਆਂ ਹੱਦਾਂ ਟੁੱਟ ਜਾਣ ਦੇ ਚਲਦਿਆਂ ਸਕੂਲ ਪ੍ਰਬੰਧਕ ਕਮੇਟੀ ਦਾ ਵਿੱਦਿਅਕ ਸਲਾਹਕਾਰ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਿਆ ਹੈ। ਕਾਬਿਲੇਗ਼ੌਰ ਹੈ ਕਿ ਸਥਾਨਕ ਉਕਤ ਸਕੂਲ ਦੀ ਪ੍ਰਬੰਧਕ ਕਮੇਟੀ ਵਿੱਚ ਸ਼ਾਇਦ ਸ. ਅਵਤਾਰ ਸਿੰਘ ਸਿੱਧੂ ਐਡਵੋਕੇਟ ਹੀ ਇੱਕੋ-ਇੱਕ ਅਜਿਹੇ ਵਿਅਕਤੀ ਸਨ ਜੋ ਸਕੂਲ ਅੰਦਰ ਪਿਛਲੇ ਸਮੇਂ ਤੋਂ ਚੱਲ ਰਹੇ ਵਪਾਰ ਨੂੰ ਲੈ ਕੇ ਜਿੰਨ੍ਹਾਂ ਤੋਂ ਲੋਕ ਕਿਸੇ ਚੰਗੇ ਭਵਿੱਖ ਦੀ ਉਡੀਕ ਕਰ ਰਹੇ ਸਨ। ਵਿਧਾਨ ਸਭਾ ਚੋਣਾਂ ਤੋਂ ਪਿੱਛੋਂ ਪਿਛਲੇ ਦਿਨੀਂ ਜਦੋਂ 17 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ ਹੋਣੀਆਂ ਸਨ ਤਾਂ ਉਕਤ ਭਾਈਚਾਰੇ ਦੇ ਲੋਕਾਂ ਨੂੰ ਖਾਲਸਾ ਸਕੂਲ ਵਿਖੇ ਨਾ ਸਿਰਫ ਸਕੂਲ ਪ੍ਰਬੰਧਕਾਂ ਵੱਲੋਂ ਉਸ ਸਥਾਨ 'ਤੇ ਪੂਜਾ ਕਰਨ ਅਤੇ ਲੰਗਰ ਵਗੈਰਾ ਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਸਗੋਂ ਇੱਕ ਹਫਤੇ ਤੋਂ ਵੱਧ ਸਮਾਂ ਉੱਥੋਂ ਭੂਤ ਪ੍ਰਗਟ ਕਰਨ ਵਰਗਾ ਕੰਮ ਸ਼ਾਇਦ ਇਸ ਲਈ ਚੱਲਣ ਦਿੱਤਾ ਜਾਂਦਾ ਰਿਹਾ ਤਾਂ ਕਿ ਨਗਰ ਪੰਚਾਇਤ ਵਿੱਚ ਇੱਕ ਖਾਸ ਭਾਈਚਾਰੇ ਦੀਆਂ ਵੋਟਾਂ ਨੂੰ ਵਟੋਰਿਆ ਜਾ ਸਕੇ। ਇਸ ਮਾਮਲੇ ਦੇ ਸਬੰਧ ਵਿੱਚ ਸਕੂਲ ਦੀ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਪਹਿਲਾਂ ਉਹ ਸਮੁੱਚੇ ਮਾਮਲੇ ਨੂੰ ਹੀ ਪ੍ਰਬੰਧਕ ਕਮੇਟੀ ਦੇ ਪਾਲੇ 'ਚ ਸੁੱਟਣ ਦੀ ਕੋਸ਼ਿਸ ਕਰਕੇ ਆਪ ਸੁਰਖੁਰੂ ਹੋਣ ਦਾ ਯਤਨ ਕਰਦੀ ਰਹੀ ਪਰ ਸਵਾਲਾਂ ਦੀ ਤਾਬ ਨਾ ਝਲਦੀ ਹੋਈ ਆਖਰ ਇਸ ਗੱਲ ਨੂੰ ਮੰਨ ਲਿਆ ਕਿ ਜੋ ਕੁੱਝ ਹੋ ਰਿਹਾ ਹੈ ਉਹ ਬਿਲਕੁੱਲ ਗੈਰ ਵਿਗਿਆਨਿਕ, ਗੈਰ ਵਿੱਦਿਅਕ ਅਤੇ ਅਣ ਅਧਿਕਾਰਿਤ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਿੰਸੀਪਲ ਨੇ ਇਹ ਖੁਲਾਸਾ ਵੀ ਕੀਤਾ ਕਿ ਉਕਤ ਜਗ੍ਹਾ ਸਕੂਲ ਦੇ ਵਿਹੜੇ 'ਚ ਜਿੱਥੇ ਪੂਜਾ ਸਮੱਗਰੀ ਚੜ੍ਹਾਈ ਜਾ ਰਹੀ ਹੈ ਇੱਥੇ ਹਰ ਰੋਜ਼ ਰਾਤਾਂ ਨੂੰ ਜੋਤਾਂ ਜਗਾਉਣ ਦਾ ਕੰਮ ਪੰਚਾਇਤੀ ਅਦਾਰੇ ਨਾਲ ਪੰਜ ਸਾਲ ਜੁੜਿਆ ਰਿਹਾ ਉਹ ਵਿਅਕਤੀ ਕਰ ਰਿਹਾ ਹੈ ਜੋ ਬਹੁਜਨ ਸਮਾਜ ਪਾਰਟੀ ਦਾ ਕਿਸੇ ਸਮੇਂ ਵੱਡਾ ਆਗੂ ਰਿਹਾ ਹੈ।  ਵਿਗਿਆਨਿਕ ਸੋਚ ਰੱਖਣ ਵਾਲੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਨੱਕ ਹੇਠ ਚੱਲ ਰਹੇ ਖਾਲਸਾ ਸਕੂਲ ਅੰਦਰ ਇਸ ਪਾਖੰਡ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਵਿਭਾਗ ਨੇ ਕਿਉਂ ਨਹੀਂ ਵਿਚਾਰਿਆ। ਹੁਣ ਇੱਥੇ ਦੇਖਣਾ ਇਹ ਬਣਦਾ ਹੈ ਕਿ ਕਮੇਟੀ ਦੇ ਵਿੱਦਿਅਕ ਸਲਾਹਕਾਰ ਦੇ ਅਸਤੀਫਾ ਦੇਣ ਤੋਂ ਬਾਅਦ ਬਾਕੀ ਮੈਂਬਰ ਇਸ ਮਾਮਲੇ ਬਾਰੇ ਕੀ ਫੈਸਲਾ ਲੈਂਦੇ ਹਨ ਅਤੇ ਜਾਂ ਫਿਰ ਇਹ ਪਾਖੰਡ ਦਾ ਅੱਡਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ।

No comments: