BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਲਵੰਡੀ ਸਾਬੋ ਵਾਸੀਆਂ 'ਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਮੰਡਰਾ ਰਿਹੈ ਬਿਮਾਰੀਆਂ ਦਾ ਖਤਰਾ

ਅਣਅਧਿਕਾਰਿਤ ਕੁਨੈਕਸ਼ਨ ਆੜ ਵਿੱਚ ਨਹੀਂ ਕੀਤੀ ਜਾ ਰਹੀ ਸੀਵਰੇਜ ਦੀ ਸਫਾਈ
ਤਲਵੰਡੀ ਸਾਬੋ, 31 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸੀਵਰੇਜ ਦੇ ਕੁੱਝ ਅਣਅਧਿਕਾਰਿਤ ਕੁਨੈਕਸ਼ਨਾਂ ਦੀ ਆੜ ਹੇਠ ਸਥਾਨਕ ਸੀਵਰੇਜ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਬੰਦ ਪਿਆ ਸੀਵਰੇਜ ਖੋਲ੍ਹਿਆ ਨਹੀਂ ਜਾ ਰਿਹਾ ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋਅ ਹੋਣ ਕਾਰਨ ਜਿੱਥੇ ਸਫਾਈ ਦੇ ਪੱਖ ਤੋਂ ਗਲੀਆਂ-ਰਸਤਿਆਂ ਦਾ ਬੁਰਾ ਹਾਲ ਹੋਇਆ ਪਿਆ ਹੈ ਉੱਥੇ ਇਹਦੇ ਕਾਰਨ ਬਿਮਾਰੀਆਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ।
ਮੌਜ਼ੂਦਾ ਸਮੇਂ ਸੀਵਰੇਜ ਵਿਭਾਗ ਦੀ ਇਸ ਹਰਕਤ ਦਾ ਸਭ ਤੋਂ ਵੱਡਾ ਮੁੱਲ ਤਾਰਨਾ ਪੈ ਰਿਹਾ ਹੈ ਤਲਵੰਡੀ ਸਾਬੋ ਦੇ ਵਾਰਡ ਨੰਬਰ ਛੇ ਅਤੇ ਸੱਤ ਦੇ ਨਾਗਰਿਕਾਂ ਨੂੰ। ਇੱਥੇ ਸ਼ਹਿਰ ਵਾਲੇ ਪਾਸੇ ਤੋਂ ਅੰਦਰ ਵੜਦਿਆਂ ਹੀ ਯੂਨੀਵਰਸਿਟੀ ਰੋਡ (ਪੀ.ਜੀ. ਵਾਲੀ ਗਲ਼ੀ) ਵਿੱਚ ਸਵਿਰੇਜ ਬੰਦ ਹੋਣ ਕਾਰਨ ਗੰਦੇ ਪਾਣੀ ਦੇ ਦਰਿਆ ਵਹਿ ਰਹੇ ਹਨ ਜਿਸ ਕਾਰਨ ਇਸ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਜਿੱਥੇ ਰੋਟੀ ਖਾਣੀ ਵੀ ਦੁੱਭਰ ਹੋਈ ਪਈ ਹੈ ਉੱਥੇ ਭਿਆਨਕ ਬਿਮਾਰੀਆਂ ਫੈਲਣ ਦੇ ਖਤਰੇ ਨੇ ਲੋਕਾਂ ਦੀ ਨੀਂਦ ਉਡਾਅ ਰੱਖੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਸ ਪਵਿੱਤਰ ਐਲਾਨੇ ਗਏ ਸ਼ਹਿਰ ਨੂੰ ਮਿਲੀ ਦੋ ਕਰੋੜ ਦੀ ਗ੍ਰਾਂਟ ਨਾਲ ਜਿੱਥੇ ਸੁੰਦਰ ਸ਼ਹਿਰ ਬਣਾਇਆ ਜਾ ਰਿਹਾ ਹੈ ਉੱਥੇ ਸੀਵਰੇਜ ਵਿਭਾਗ ਵੱਲੋਂ ਆਪਣੀ ਜਿੰਮੇਵਾਰੀ ਨੂੰ ਨਹੀਂ ਨਿਭਾਇਆ ਜਾ ਰਿਹਾ ਸਗੋਂ ਅਣਅਧਿਕਾਰਿਤ ਕੁਨੈਕਸ਼ਨਾਂ ਦਾ ਬਹਾਨਾ ਲਾ ਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ।
ਇਸ ਸਬੰਧੀ ਪੁੱਛੇ ਜਾਣ 'ਤੇ ਐੱਸ. ਡੀ. ਓ. ਸੀਵਰੇਜ ਨੇ ਕਿਹਾ ਕਿ ਇਹਨਾਂ ਵਾਰਡਾਂ ਵਿੱਚ ਰਹਿੰਦੇ ਲੋਕਾਂ ਦੇ ਕੁਨੈਕਸ਼ਨ ਅਣਅਧਿਕਾਰਿਤ ਹਨ, ਲੋਕ ਕੁਨੈਕਸ਼ਨ ਸਹੀ ਕਰਵਾ ਲੈਣ ਅਸੀਂ ਸਫਾਈ ਕਰਵਾ ਦੇਵਾਂਗੇ। ਉਹਨਾਂ ਕਿਹਾ ਅਸੀਂ ਸਫਾਈ ਕਰਵਾ ਕੇ ਥੱਕ ਚੁੱਕੇ ਹਾਂ ਕੋਈ ਵੀ ਸੀਵਰੇਜ ਦਾ ਬਿੱਲ ਨਹੀਂ ਦੇ ਰਿਹਾ। ਸਿਤਮਜ਼ਰੀਫੀ ਇਹ ਰਹੀ ਕਿ ਪੱਤਰਕਾਰ ਵੱਲੋਂ ਵਾਰ-ਵਾਰ ਅਧਿਕਾਰੀ ਦਾ ਨਾਮ ਪੁੱਛੇ ਜਾਣ 'ਤੇ ਵੀ ਆਪਣਾ ਨਾਮ ਦੱਸਣਾ ਠੀਕ ਨਹੀਂ ਸਮਝਿਆ।

No comments: