BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਿਫਾਇਨਰੀ ਵਿੱਚੋਂ ਗੁੰਡਾ ਟੈਕਸ ਦੀ ਵਸੂਲੀ ਕਾਂਗਰਸ ਤੇ ਆਪ ਵਿਧਾਇਕਾ ਦੀ ਮਿਲੀਭੁਗਤ ਨਾਲ ਹੋ ਰਹੀ ਹੈ-ਸਾਬਕਾ ਵਿਧਾਇਕ ਸਿੱਧੂ

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨਿਆਂ ਵਿੱਚੋਂ ਇੱਕ ਸਬ ਡਵੀਜਨ ਦੇ ਪਿੰਡ ਫੁੱਲੋਖਾਰੀ ਵਿੱਚ ਸਥਿਤ ਗੁਰੂੁ ਗੋਬਿੰਦ ਸਿੰਘ ਰਿਫਾਇਨਰੀ ਵਿੱਚੋਂ ਟਰਾਂਸਪੋਰਟ ਮਾਫੀਆ ਵੱਲੋਂ ਕਥਿਤ ਤੌਰ 'ਤੇ ਸੱਤਾਧਾਰੀ ਧਿਰ ਦੇ ਸਹਿਯੋਗ ਸਦਕਾ ਗੁੰਡਾ ਟੈਕਸ ਦੀ ਵਸੂਲੀ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਤੋਂ ਬਾਅਦ ਹਲਕੇ ਵਿੱਚ ਸਿਆਸਤ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਏ ਹਨ ਕਿ ਰਿਫਾਇੰਨਰੀ ਵਿੱਚੋਂ ਗੁੰਡਾ ਟੈਕਸ ਦੀ ਵਸੂਲੀ ਕਾਂਗਰਸ ਪਾਰਟੀ ਦੇ ਆਗੂਆਂ ਤੇ ਹਲਕੇ ਦੀ 'ਆਪ' ਵਿਧਾਇਕਾ ਦੀ ਮਿਲੀਭੁਗਤ ਸਦਕਾ ਹੋ ਰਹੀ ਹੈ।
ਸਾਬਕਾ ਵਿਧਾਇਕ ਨੇ ਦੋਸ਼ ਲਾਉਂਦਿਆਂ ਕਿਹਾ ਕਿ ਰਿਫਾਇੰਨਰੀ ਵਿੱਚੋਂ ਗੁੰਡਾ ਟੈਕਸ ਵਸੂਲੇ ਜਾਣ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਜਿੱਥੇ ਇੱਕ ਪਾਸੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਅਤੇ ਸਥਾਨਕ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਉੱਥੇ ਖੁਦ ਮੀਡੀਆ ਨੇ ਵੀ ਹਲਕੇ ਦੀ 'ਆਪ' ਵਿਧਾਇਕਾ ਬਲਜਿੰਦਰ ਕੌਰ ਵੱਲੋਂ ਗੁੰਡਾ ਟੈਕਸ ਦੀ ਵਸੂਲੀ ਤੇ ਚੁੱਪੀ ਸਾਧਣ 'ਤੇ ਹੈਰਾਨੀ ਪ੍ਰਗਟਾਈ ਹੈ ਤਾਂ ਮੀਡੀਆ ਦੇ ਇੱਕ ਹਿੱਸੇ ਨੇ ਤਾਂ ਆਪ ਵਿਧਾਇਕਾ ਦੀ ਇਸ ਸਾਰੀ ਪ੍ਰਕਿਰਿਆ ਵਿੱਚ ਮਿਲੀਭੁਗਤ ਹੋਣ ਸਬੰਧੀ ਕਿਆਸ ਲਾਉਂਦੀ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ ਜਿਸ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਗੁੰਡਾ ਟੈਕਸ ਦੀ ਵਸੂਲੀ ਦਾ ਸਾਰਾ ਕੰਮ ਦੋਵੇਂ ਧਿਰਾਂ ਮਿਲ ਕੇ ਅੰਜਾਮ ਦੇ ਰਹੀਆ ਹਨ। ਸਿੱਧੂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਨੇ ਸਰਕਾਰ ਵਿੱਚ ਆਉਂਦਿਆਂ ਹੀ ਰਿਫਾਇਨਰੀ ਵਿੱਚੋਂ ਉਕਤ ਟੈਕਸ ਦੀ ਵਸੂਲੀ ਸ਼ੁਰੂ ਕਰ ਦਿੱਤੀ ਸੀ ਤੇ ਹਲਕੇ ਦੀ ਵਿਧਾਇਕਾ ਨੇ ਵਿਧਾਨ ਸਭਾ ਵਿੱਚ ਆਵਾਜ ਉਠਾ ਕੇ ਜਾਂ ਬਿਆਨਬਾਜੀ ਰਾਹੀਂ ਉਕਤ ਗੁੰਡਾ ਟੈਕਸ ਦਾ ਵਿਰੋਧ ਕਰਕੇ ਲੋਕਾਂ ਨੂੰ ਤਾਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਗੁੰਡਾ ਟੈਕਸ ਦਾ ਵਿਰੋਧ ਕਰ ਰਹੀ ਹੈ ਪ੍ਰੰਤੂ ਸੱਚ ਇਹ ਸੀ ਕਿ ਉਹ ਸੱਤਾਧਾਰੀ ਧਿਰ ਤੇ ਦਬਾਅ ਬਣਾ ਰਹੀ ਸੀ ਤੇ ਉਸੇ ਦਾ ਨਤੀਜਾ ਨਿਕਲਿਆ ਕਿ ਜਦੋਂ ਸੱਤਾਧਾਰੀ ਧਿਰ ਦੇ ਆਗੂਆਂ ਨੇ 'ਆਪ' ਵਿਧਾਇਕਾ ਨਾਲ ਹੱਥ ਮਿਲਾ ਲਿਆ ਤਾਂ ਉਨਾਂ ਇਸ ਮਸਲੇ ਤੇ ਪੂਰੀ ਤਰ੍ਹਾਂ ਚੁੱਪੀ ਸਾਧ ਲਈ। ਉਨ੍ਹਾਂ ਕਿਹਾ ਕਿ ਗੁੰਡਾ ਟੈਕਸ ਦੀ ਵੱਡੇ ਪੱਧਰ 'ਤੇ ਵਸੂਲੀ ਦਾ ਹੀ ਨਤੀਜਾ ਹੈ ਕਿ ਰਿਫਾਇਨਰੀ ਵਿੱਚ ਨਿਰਮਾਣ ਅਧੀਨ ਪ੍ਰਾਜੈਕਟ ਪਲਾਇਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਅੱਗੇ ਕਿਹਾ ਕਿ ਨਾ ਕੇਵਲ ਰਿਫਾਇੰਨਰੀ ਸਗੋਂ ਰਾਮਾਂ ਮੰਡੀ ਦੀ ਟਰੱਕ ਯੂਨੀਅਨ ਵੱਲੋਂ ਨਗਰ ਅੰਦਰਲੀਆਂ ਛੋਟੀਆਂ ਵੱਡੀਆਂ ਫੈਕਟਰੀਆਂ ਦੇ ਸੰਚਾਲਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਬੀਤੇ ਸਮੇਂ ਵਿੱਚ ਅਜਿਹੇ ਮਾਮਲੇ ਵਿੱਚ ਟਰੱਕ ਯੂਨੀਅਨ ਸੰਚਾਲਕਾਂ ਤੇ ਮਾਮਲਾ ਵੀ ਦਰਜ ਹੋਇਆ ਸੀ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੇ ਜਾਣ ਦੇ ਬਾਵਜੂਦ ਟਰੱਕ ਯੂਨੀਅਨ ਦੇ ਸੰਚਾਲਕਾਂ ਨੂੰ ਮਿਲ ਰਹੀ ਸਿਆਸੀ ਸ਼ਹਿ ਦਾ ਹੀ ਨਤੀਜਾ ਸੀ ਕਿ ਉਕਤ ਮਾਮਲਿਆਂ ਵਿੱਚੋਂ ਟਰੱਕ ਯੂਨੀਅਨ ਦੇ ਆਗੂਆਂ ਨੂੰ ਕਢਵਾਉਣ ਲਈ ਫੈਕਟਰੀ ਮਾਲਕਾਂ ਤੇ ਦਬਾਅ ਪਾਇਆ ਗਿਆ। ਸਾਬਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਦੱਸ ਕੇ ਰਾਮਾਂ ਮੰਡੀ ਵਿੱਚ ਨਾ ਕੇਵਲ ਟਰੱਕ ਯੂਨੀਅਨ ਧੜੱਲੇ ਨਾਲ ਚੱਲ ਰਹੀ ਹੈ ਬਲਕਿ ਗੁੰਡਾ ਟੈਕਸ ਦੀ ਵਸੂਲੀ ਵਿੱਚ ਯੂਨੀਅਨ ਆਗੂਆਂ ਦਾ ਵੱਡਾ ਹੱਥ ਹੈ ਤੇ ਸਭ ਤੋਂ ਵੱਧ ਸੂਬੇ ਵਿੱਚ ਗੁੰਡਾਗਰਦੀ ਵੀ ਉਕਤ ਯੂਨੀਅਨ ਵੱਲੋਂ ਹੀ ਕੀਤੀ ਜਾ ਰਹੀ ਹੈ। ਸਾਬਕਾ ਵਿਧਾਇਕ ਨੇ ਜਿੱਥੇ ਗੁੰਡਾ ਟੈਕਸ ਤੇ ਮੁੱਖ ਮੰਤਰੀ ਪੰਜਾਬ ਅਤੇ ਹਲਕੇ ਦੀ ਵਿਧਾਇਕਾ ਤੋਂ ਆਪਣੀ ਸਥਿੱਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਉੱਥੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਲਕੇ ਅੰਦਰ ਅਜਿਹੀ ਪ੍ਰਕ੍ਰਿਆ ਨੂੰ ਕਿਸੇ ਕੀਮਤ ਤੇ ਨਹੀ ਹੋਣ ਦੇਵੇਗਾ ਭਾਵੇਂ ਇਸ ਲਈ ਕੁਝ ਵੀ ਕਿਉਂ ਨਾ ਕਰਨਾ ਪਵੇ।

No comments: