BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਂ ਬੋਲੀ ਦਿਵਸ ਤੇ

ਮਾਂ ਬੋਲੀ ਦਿਵਸ  ਸੰਸਾਰ ਭਰ ਵਿੱਚ ਬੜੇ ਫਖਰ ਨਾਲ ਮਨਾਇਆ ਜਾ ਰਿਹਾ ਹੈ ।ਫਖਰ ਹੋਵੇ ਵੀ ਕਿਉਂ ਨਾ ,ਕਿਉਂ ਕਿ ਮਾਂ ਬੋਲੀ ਹੀ ਇਕੋ ਇਕ ਆਧਾਰ ਹੈ ,ਜਿਸ ਰਾਹੀਂ ਅਸੀਂ ਆਪਣੇ ਿਦਲ ਦੇ ਹਾਵ ਭਾਵ ਪ੍ਰਗਟਾਅ ਸਕਦੇ ਹਾਂ ।ਮਾਂ ਬੋਲੀ ,ਅਸੀ ਮਾਂ ਦੀ ਝੋਲੀ ,ਮਾਂ ਦੇ ਪਿਆਰ ਤੇ ਮਾਂ ਦੀਆਂ ਲੋਰੀਆਂ ਤੋਂ ਸਿੱਖਦੇ ਹਾਂ ।ਜੋ ਸਾਡੇ ਰੋਮ ਰੋਮ ਵਿੱਚ ਸਮਾਈ ਹੁੰਦੀ ਹੈ ।ਇਸ ਨਾਲ ਪਿਆਰ ਤੇ ਲਗਾਓ ਹੋਣਾ ਕੁਦਰਤੀ ਹੈ ।ਮਾਂ ਬੋਲੀ ਨੂੰ ਨਕਾਰਨਾ, ਆਪਣੀ ਹਸਤੀ ਨੂੰ ਨਾਕਾਰਨਾ ਹੈ ।ਇਸ ਲਈ ਆਪਣੀ ਹਸਤੀ ਨੂੰ ਬਨਾਈ ਰੱਖਣ ਲਈ ਮਾਂ ਬੋਲੀ ਲਈ ਪਿਆਰ ਤੇ ਸਤਿਕਾਰ ਹੋਣਾ ਜਰੂਰੀ ਹੈ।
ਏਥੇ ਅਸੀਂ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਦੀ ਗੱਲ ਕਰਨੀ ਹੈ ।ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਹੈ ਤੇ ਇਸ ਧਰਤੀ ਦੇ ਲੋਕਾਂ ਦੀ ਬੋਲੀ ਪੰਜਾਬੀ ਹੈ ।ਜਿਸ ਵਿੱਚ ਵਹਿੰਦੇ ਦਰਿਆਵਾਂ ਦੀ ਰਵਾਨਗੀ ,ਹਰੇ ਭਰੇ ਖੇਤਾਂ ਵਰਗੀ ਸੁੰਦਰਤਾ ,ਗੰਨਿਆਂ ਦੇ ਗੁੜ ਵਰਗੀ ਮਿਠਾਸ ਹੈ।ਇਸ਼ਕ ਹਕੀਕੀ, ਇਸ਼ਕ ਮਜਾਜੀ ਤੇ ਸੂਫੀਆਨਾ ਰੰਗ ਦੀ ਮਸਤਾਨਗੀ ਵੀ ਹੈ।
ਸਾਡੇ ਸਿੱਖ ਗੁਰੂਆਂ ਨੇ ਇਸ ਧਰਤੀ ਤੇ ਜਨਮ ਲਿਆ ਤੇ ਏਥੋਂ ਦੀ ਬੋਲੀ ਪੰਜਾਬੀ ਨੂੰ ਹੀ ਅਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ।ਪਰਮਾਰਥ ਦੀ ਜੋ ਵੀ ਗੱਲ ਕੀਤੀ, ਉਹਨਾਂ ਨੇ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਸਾਹਮਣੇ ਰੱਖ ਕੇ ਕੀਤੀ।
ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨੁ ਖੇਤੁ।।ਨਾਮੁ ਬੀਜੁ ਸੰਤੋਖੁ ਸੁਹਾਗਾ ਰਖ ਗਰੀਬੀ ਵੇਸੁ।।
ਆਤਮਾਂ ਤੇ ਪਰਮਾਤਮਾਂ ਦੇ ਪਿਆਰ ਤੇ ਸਾਂਝ ਦੀ ਗੱਲ ਸਮਝਾਂਦਿਆਂ ਵੀ ਸੁਹਾਗਣ ,ਦੁਹਾਗਣ ,ਸੁਚੱਜੀ ਤੇ ਕੁਚੱਜੀ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੈ,ਤਾਂ ਕਿ ਵਿਚਾਰਾਂ ਦੀ ਡੂੰਘਾਈ ਨੂੰ ਸਮਝਿਆ ਜਾ ਸੱਕੇ ।ਸਾਡੀ ਮਾਂ ਬੋਲੀ ਪੰਜਾਬੀ ਦੀ ਅਮੀਰੀ ਦਾ ਇੱਕ ਹੋਰ ਪੱਖ, ਪੰਜਾਬੀ ਬੋਲੀ ਵਿੱਚ ਲਿਖੀਆਂ ਪਿਆਰ ਕਹਾਣੀਆਂ ਵੀ ਹਨ ,ਜੋ ਕਾਵਿ ਰੂਪ ਵਿੱਚ ਲਿਖੀਆਂ ਗਈਆਂ ਹਨ।
ਹੀਰ ਰਾਂਝਾ ,ਸੱਸੀ ਪੁਨੂੰ ,ਸੋਹਣੀ ਮਹੀਂਵਾਲ ,ਮਿਰਜਾ ਸਾਹਿਬਾਂ ਆਦਿ ਕਿੱਸੇ ਮਾਂ ਬੋਲੀ ਪੰਜਾਬੀ ਵਿੱਚ ਹੀ ਹਨ ,ਜਿਹਨਾਂ ਵਿਚਲਾ ਵਿਛੋੜੇ ਦਾ ਬਿਰਤਾਂਤ ਦਿਲ ਨੂੰ ਧੂਹ ਪਉਂਦਾ ਹੈ।
ਪੰਜਾਬ ਦੇ ਲੋਕ ਗੀਤਾਂ ਨੇ ਵੀਪੰਜਾਬੀ ਬੋਲੀ ਨੂੰ ਹਰਮਨ ਪਿਆਰਤਾ ਬਖਸ਼ੀ ।ਘੋੜੀਆਂ ,ਸੁਹਾਗ ,ਸਿੱਠਣੀਆ ,ਟੱਪੇ ਮਾਹੀਏ ਆਦਿ ਰਚਨਾਵਾਂ ਨੇ ,ਇਸ ਬੋਲੀ ਵਿੱਚ ਰੰਗੀਨਤਾ ਲਿਆਂਦੀ ।
ਪੰਜਾਬ ਦੀ ਧਰਤੀ ਜਰਵਾਣਿਆਂ ਦੀ ਧਰਤੀ ਰਹੀ ਹੈ  ।ਇਸ ਕਰਕੇ ਪੰਜਾਬੀ ਬੋਲੀ ਵਿੱਚ ਉਰਦੂ ਤੇ ਫਾਰਸੀ ਬੋਲੀ ਦੇ ਸ਼ਬਦ ਵੀ ਸਮਾਏ ਹੋਏ ਹਨ। ਸੂਫੀ ਕਵੀ ਬਾਬਾ ਫਰੀਦ ,ਬੁਲ੍ਹੇ ਸ਼ਾਹ ,ਸ਼ਾਹ ਹੁਸੈਨ ਆਦਿ ਦੀ ਕਵਿਤਾ ਦਾ ਸੂਫੀਆਨਾ ਰੰਗ ਵੀ ਇਸ ਵਿੱਚ ਮਿਲਦਾ ਹੈ ।ਹਿੰਦੀ ,ਦੇਵਨਾਗਰੀ ਦੇ ਸ਼ਬਦ ਵੀ ਪੰਜਾਬੀ ਬੋਲੀ ਦਾ ਹਿੱਸਾ ਬਣੇ ਹੋਏ ਹਨ ।ਇਸ ਦੇ ਬਾਵਜੂਦ ਵੀ ਪੰਜਾਬੀ ਬੋਲੀ ਨੇ ਆਪਣੀ ਵਿਲੱਖਣਾ ਬਣਾਈ ਰੱਖੀ ਹੈ।
ਪੰਜਾਬ ਦੀ ਧਰਤੀ ਤੇ ਜਰਵਾਨਿਆਂ ਨੇ ਕਈ ਹਮਲੇ ਕੀਤੇ ਜਿਹਨਾਂ ਦਾ ਪੰਜਾਬੀਆਂ ਨੇ ਮੂੰਹ ਤੋੜ ਜਵਾਬ ਦਿੱਤਾ ।ਪੰਜਾਬੀਆਂ ਵਿੱਚ ਬੀਰਤਾ ਦੀ ਰੂਹ ਫੂਕਣ ਲਈ ਬੀਰ ਰਸੀ ਕਵਿਤਾ ਵੀ ਰਚੀ ਗਈ ।ਗੁਰੂ ਗੋਬਿੰਦ ਸਿੰਘ ਦੀ ਰਚਨਾ ‘ਚੰਡੀ ਦੀ ਵਾਰ ‘ਇੱਕ ਵਿਸ਼ੇਸ਼ ਉਧਾਰਨ ਹੈ
ਪੰਜਾਬੀ ਦੇ ਪਰਸਿੱਧ ਕਵੀ ਭਾਰੀ ਵੀਰ ਸਿੰਘ  ,ਪ੍ਰੋਫੈਸਰ ਪੂਰਨ ਸਿੰਘ ,ਪ੍ਰੋਫੈਸਰ ਮੋਹਨ ਸਿੰਘ ,ਡਾ ਹਰਭਜਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਵਰਗੇਕਵੀਆਂ ।ਗੁਰਬਖਸ਼ ਸਿੰਘ ਪ੍ਰੀਤਲੜੀ ਪ੍ਰਿੰਸੀਪਲ ਤੇਜਾ ਸਿੰਘ ,ਆਈ ਸੀ ਨੰਦਾ ਤੇ ਅਨੇਕਾਂ ਹੋਰ ਸਾਹਿਤਕਾਰਾਂ ਨੇ ਪੰਜਾਬੀ ਬੋਲੀ ਵਿੱਚ ਰਚਨਾ ਕਰਕੇ ਬੋਲੀ ਦੇ ਪਿੜ ਨੂੰ ਮੋਕਲਾ ਕੀਤਾ ਤੇ ਕਰ ਰਹੇ ਹਨ ।ਭਾਵੇਂ ਉਹ ਪਰਦੇਸਾਂ ਵਿੱਚ ਆ ਵੱਸੇ ਹਨ ਪਰ ਆਪਣੀਆਂ ਰਚਨਾਵਾਂ ਰਾਹੀਂ ,ਪੰਜਾਬੀ ਬੋਲੀ ਨੂੰ ਅਮੀਰ ਬਣਾ ਰਹੇ ਹਨ ।
ਸਾਨੂੰ ਇਸ ਗੱਲ ਤੇ ਵੀ ਫੱਖਰ ਹੈ ਕਿ ਪੰਜਾਬ ਤੋਂ ਬਾਹਰ ਵੱਸਦੇ ਲੋਕ ,ਆਪਣੀ ਮਾਂ ਬੋਲੀ ਪੰਜਾਬੀ ਨੂੰ ਪੂਰਾ ਮਾਣ ਤੇ ਸਤਿਕਾਰ ਦੇ ਰਹੇ ਹਨ ।ਜਿਥੇ ਵੀ ਉਹ ਰਹਿੰਦੇ ਹਨ ,ਉਥੇ ਗੁਰਦਵਾਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ ।ਗੁਰਬਾਣੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਆਪਣੇ ਵਿਰਸੇ ਤੋਂ ਦੂਰ ਨਾ ਜਾਣ ।ਗੁਰਦਵਾਰਿਆਂ ਵਿੱਚ ਗੁਰਪੁਰਬ ਮਨਾਏ ਜਾਂਦੇ ਹਨ ,ਨਗਰ ਕੀਰਤਨ ਸਜਾਏ ਜਾਂਦੇ ਹਨ ,ਤੀਆਂ ਦੇ ਮੇਲੇ ਤੇ ਸਮੇ ਸਮੇ ਰੰਗਾ ਰੰਗ ਪ੍ਰੋਗਰਾਮਾਂ ਰਾਹੀਂ ,ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਉਹਨਾਂ ਦੀ ਪੜ੍ਹਾਈ ਤੇ ਪਹਿਰਾਵਾ ਭਾਵੇਂ ਬਦੇਸ਼ੀ ਹੈ ਪਰ ਮਾਂ ਬਾਪ ,ਆਪਣੀ ਮਾਂ ਬੋਲੀ ਦੇ ਨੇੜੇ ਰੱਖਣ ਲਈ ਸੁਚੇਤ ਹਨ।
ਹੁਣ ਲੋੜ ਹੈ ਆਪਣੇ ਵਿਰਸੇ ਨੂੰ ਸੰਭਾਲਣ ਦੀ ਆਪਣੀ ਮਾਂ ਬੋਲੀ ਦੀ ਸਵੱਛਤਾ ਨੂੰ ਕਾਇਮ ਰੱਖਣ ਦੀ ਇਸ ਪੱਖੋ ਸਾਡੇ ਗੀਤਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬੀ ਬੋਲੀ ਦੇ ਮਿਆਰ ਨੂੰ ਡਿੱਗਣ ਨਾ ਦੇਣ ।ਗੀਤ ਲਿੱਖਣ ਤੇ ਪੇਸ਼ ਕਰਨ ਲਈ ਕਲਾਕਾਰਾਂ ਦੇ ਪਹਿਰਾਵੇ ਤੇ ਅਦਾਵਾਂ ਸਭਿਅਕ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਮਾਂ ਬੋਲੀ ਪੰਜਾਬੀ ਦੀ ਦਿੱਖ ਹੋਰ ਵੀ ਚਮਕ ਸੱਕੇ।
-ਬਲਵੰਤ ਕੌਰ  ਛਾਬੜਾ, ਕੈਲੀਫੋਰਨੀਆਂ

No comments: