BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀੜਿਤ ਕਾਰਡਧਾਰਕਾਂ ਨੇ ਐੱਸ. ਡੀ. ਐੱਮ ਦਫਤਰ ਦਾ ਕੀਤਾ ਘਿਰਾਓ

  • ਮਾਮਲਾ ਆਟਾ ਦਾਲ ਕਾਰਡ ਕੱਟੇ ਜਾਣ ਦਾ
  • ਨਗਰ ਪੰਚਾਇਤ ਪ੍ਰਧਾਨ ਕੋਲ ਵੀ ਕਰਵਾਇਆ ਰੋਸ ਦਰਜ
ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬਣੇ ਅਤੇ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਬੀਤੇ ਦਿਨੀ ਛਾਂਟੀ ਦੌਰਾਨ ਨਜਾਇਜ ਦੱਸਦਿਆਂ ਸਰਕਾਰੀ ਹਦਾਇਤਾਂ ਤੇ ਅਧਿਕਾਰੀਆਂ ਵੱਲੋਂ ਕੱਟੇ ਆਟਾ ਦਾਲ ਕਾਰਡ ਹੁਣ ਕਾਂਗਰਸੀ ਆਗੂਆਂ ਤੇ ਪ੍ਰਸ਼ਾਸਨ ਲਈ ਜੀ ਦਾ ਜੰਜਾਲ ਬਣੇ ਹੋਏ ਹਨ। ਜਿੱਥੇ ਬੀਤੇ ਦਿਨੀਂ ਹਲਕੇ ਦੇ ਕੁਝ ਪਿੰਡਾਂ ਦੇ ਲੋਕਾਂ ਨੇ ਇਸ ਮਾਮਲੇ ਸਬੰਧੀ ਐੱਸ. ਡੀ. ਐੱਮ ਤਲਵੰਡੀ ਸਾਬੋ ਨੂੰ ਮੰਗ ਪੱਤਰ ਦਿੱਤਾ ਸੀ ਉੱਥੇ ਅੱਜ ਸਥਾਨਕ ਨਗਰ ਦੇ ਵੱਡੀ ਗਿਣਤੀ ਲੋਕਾਂ ਨੇ ਜਿੱਥੇ ਕਾਰਡ ਕੱਟੇ ਜਾਣ ਦੇ ਵਿਰੋਧ ਵਿੱਚ ਐੱਸ. ਡੀ. ਐੱਮ ਦਫਤਰ ਦਾ ਘਿਰਾਓ ਕੀਤਾ ਉੱਥੇ ਨਗਰ ਪੰਚਾਇਤ ਪ੍ਰਧਾਨ ਦੀ ਰਿਹਾਇਸ਼ ਤੇ ਪਹੁੰਚ ਕੇ ਵੀ ਆਪਣਾ ਰੋਸ ਦਰਜ ਕਰਵਾਇਆ।
ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਆਟਾ ਦਾਲ ਕਾਰਡ ਧਾਰਕ ਜਿਨਾਂ ਵਿੱਚ ਵੱਡੀ ਗਿਣਤੀ ਬੀਬੀਆਂ ਦੀ ਸੀ ਇਕੱਤਰ ਹੋ ਕੇ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਦੀ ਰਿਹਾਇਸ਼ 'ਤੇ ਪੁੱਜੇ ਤੇ ਆਪੋ ਆਪਣੇ ਆਟਾ ਦਾਲ ਕਾਰਡ ਕੱਟੇ ਜਾਣ ਤੇ ਵਿਰੋਧ ਦਰਜ ਕਰਵਾਇਆ। ਪ੍ਰਧਾਨ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਕੱਟੇ ਕਾਰਡਾਂ ਨੂੰ ਗਲਤ ਦੱਸਦਿਆਂ ਲੋਕਾਂ ਨੂੰ ਐੱਸ. ਡੀ. ਐੱਮ ਕੋਲ ਜਾਣ ਦੀ ਸਲਾਹ ਦਿੰਦਿਆਂ ਖੁਦ ਵੀ ਉੱਥੇ ਪਹੁੰਚਣ ਦਾ ਵਿਸ਼ਵਾਸ ਦਿੱਤਾ। ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਨੇ ਉਸੇ ਸਮੇਂ ਐੱਸ. ਡੀ. ਐੱਮ ਦਫਤਰ ਨੂੰ ਚਾਲੇ ਪਾ ਦਿੱਤੇ। ਜਾਣਕਾਰੀ ਅਨੁਸਾਰ ਜਦੋਂ ਉਕਤ ਲੋਕ ਐੱਸ. ਡੀ. ਐੱਮ ਕੋਲ ਪੁੱਜੇ ਤਾਂ ਉਨਾ ਕਿਹਾ ਕਿ ਕਾਰਡ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੱਟੇ ਗਏ ਹਨ ਤਾਂ ਭੜਕੇ ਲੋਕਾਂ ਨੇ ਐੱਸ. ਡੀ. ਐੱਮ ਦਫਤਰ ਦਾ ਘਿਰਾਓ ਕਰਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ। ਲੋਕਾਂ ਨੂੰ ਸੰਬੋਧਨ ਦੌਰਾਨ ਟਿੱਕਾ ਸਿੰਘ, ਮਜਦੂਰ ਮੁਕਤੀ ਮੋਰਚਾ ਦੇ ਬਲਕਰਨ ਸਿੰਘ ਤੇ ਬਸਪਾ ਦੇ ਸੈਕਟਰ ਇੰਚਾਰਜ ਮਹਿੰਦਰ ਸਿੰਘ ਨੇ ਕਿਹਾ ਕਿ ਆਟਾ ਦਾਲ ਨਾਲ ਖੰਡ, ਪੱਤੀ ਤੇ ਘਿਓ ਦੇਣ ਦੇ ਲਾਰੇ ਲਾ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ ਪਿਛਲੇ ਅੱਠ ਮਹੀਨਿਆਂ ਦੇ ਕਾਰਜਕਾਲ ਦੌਰਾਨ ਆਟਾ ਦਾਲ ਹੀ ਨਹੀਂ ਮਿਲਿਆ। ਉਨਾਂ ਕਿਹਾ ਕਿ ਹੋਰ ਤਾਂ ਹੋਰ ਵਗੈਰ ਕੋਈ ਸਰਵੇ ਕਰਵਾਇਆਂ ਵੱਡੀ ਗਿਣਤੀ ਵਿੱਚ ਆਟਾ ਦਾਲ ਕਾਰਡ ਕੱਟ ਦਿੱਤੇ ਗਏ ਜਦੋਂਕਿ ਕਈ ਸਰਦੇ ਪੁੱਜਦੇ ਘਰ ਅਜੇ ਵੀ ਆਟਾ ਦਾਲ ਲੈ ਰਹੇ ਹਨ ਪ੍ਰੰਤੂ ਲੋੜਵੰਦ ਪਰਿਵਾਰਾਂ ਦੇ ਘਰਾਂ ਲਈ ਚੁੱਲੇ ਚਲਾਉਣੇ ਮੁਸ਼ਕਿਲ ਹੋਏ ਪਏ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਕੱਟੇ ਕਾਰਡ ਬਹਾਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।ਲੋਕਾਂ ਦੇ ਰੋਹ ਦਾ ਆਲਮ ਇਹ ਸੀ ਕਿ ਜਦੋਂ ਲੋਕ ਇਕੱਠੇ ਹੋ ਕੇ ਪ੍ਰਧਾਨ ਦੇ ਘਰ ਵੱਲ ਜਾ ਰਹੇ ਸਨ ਤਾਂ ਰਾਸਤੇ ਵਿੱਚ ਮੋਟਰਸਾਈਕਲ ਤੇ ਜਾ ਰਹੇ ਇੱਕ ਐੱਮ.ਸੀ ਨੂੰ ਲੋਕਾਂ ਨੇ ਕਹਿ ਦਿੱਤਾ ਕਿ ਹੁਣ ਆਇਉ ਵੋਟਾਂ ਮੰਗਣ ਫਿਰ ਲਵਾਂਗੇ ਹਿਸਾਬ।
ਉੱਧਰ ਨਗਰ ਪੰਚਾਇਤ ਪ੍ਰਧਾਨ ਮਾਨਸ਼ਾਹੀਆ ਐੱਸ. ਡੀ. ਐੱਮ ਦਫਤਰ ਪੁੱਜੇ ਤੇ ਉਨਾਂ ਨੇ ਵੀ ਐੱਸ. ਡੀ. ਐੱਮ ਨੂੰ ਲੋਕਾਂ ਦੀ ਉਕਤ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ। ਆਖਰ ਲੋਕਾਂ ਨੂੰ ਕਾਰਡਾਂ ਦੀ ਦੁਬਾਰਾ ਜਾਂਚ ਕਰਵਾ ਕੇ ਸਹੀ ਕਾਰਡ ਬਹਾਲ ਰੱਖੇ ਜਾਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਲੋਕਾਂ ਨੇ ਵਕਤੀ ਤੌਰ ਤੇ ਘਿਰਾਓ ਸਮਾਪਤ ਕਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਖਾ ਸਿੰਘ ਸਾਬਕਾ ਪੰਚ, ਧਰਮਾ ਸਿੰਘ, ਪ੍ਰੀਤਮ ਸਿੰਘ, ਬੂਟਾ ਸਿੰਘ, ਮੂਰਤੀ ਕੌਰ, ਪ੍ਰਬੀਨ ਬੇਗਮ, ਚਿੰਤੋ ਕੌਰ, ਛੋਟੂ ਸਿੰਘ, ਲੱਛਮੀ ਕੌਰ, ਰਣਜੀਤ ਸਿੰਘ ਆਦਿ ਹਾਜਰ ਸਨ।

No comments: