BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਗੀਵਾਂਦਰ ਦੇ ਨੌਜਵਾਨ ਹਰਚੇਤ ਸਿੰਘ ਦੀ ਨਿਊਜ਼ੀਲੈਂਡ ਵਿਖੇ ਹਾਰਵੈਸਟਿੰਗ ਮਸ਼ੀਨ ਵਿੱਚ ਆਉਣ ਨਾਲ ਮੌਤ, ਸੋਗ ਦੀ ਲਹਿਰ

ਤਲਵੰਡੀ ਸਾਬੋ, 19 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਭਾਗੀਵਾਂਦਰ ਦੇ ਇੱਕ ਹੋਣਹਾਰ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਹਾਰਵੈਸਟਿੰਗ ਮਸ਼ੀਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਣ ਨਾਲ ਨਾ ਕੇਵਲ ਪਿੰਡ ਸਗੋਂ ਸਮੁੱਚੇ ਹਲਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਭਾਗੀਵਾਂਦਰ ਦੇ ਗ਼ਰੀਬ ਕਿਸਾਨ ਠਾਣਾ ਸਿੰਘ ਦਾ ਨੌਜਵਾਨ ਪੁੱਤਰ ਹਰਚੇਤ ਸਿੰਘ (28) ਕਰੀਬ ਦੋ ਸਾਲ ਪਹਿਲਾਂ ਪੜਾਈ ਕਰਨ ਲਈ ਸਟੱਡੀ ਵੀਜੇ 'ਤੇ ਨਿਊਜੀਲੈਂਡ ਗਿਆ ਸੀ। ਨਿਊਜੀਲੈਂਡ ਤੋਂ ਪ੍ਰਕਾਸ਼ਿਤ ਹੋਈਆਂ ਖਬਰਾਂ ਅਨੁਸਾਰ ਹਰਚੇਤ ਉੱਥੇ ਪੜਾਈ ਦੇ ਨਾਲ ਨਾਲ ਓਪਨ ਵਰਕ ਵੀਜਾ ਲੈ ਕੇ ਵਾਈਕਾਟੋ ਜਿਲ੍ਹੇ ਦੇ ਪੂਨੀ ਸਥਿਤ ਫਾਰਮ ਹਾਊਸ ਵਿੱਚ ਕੰਮ ਕਰਨ ਲੱਗ ਗਿਆ ਸੀ ਤੇ ਕੰਮ ਦੌਰਾਨ ਆਲੂ ਪੁੱਟਣ ਵਾਲੀ ਹਾਰਵੈਸਟਿੰਗ ਮਸ਼ੀਨ ਵਿੱਚੋਂ ਕੁਝ ਕੱਢਣ ਦੀ ਕੋਸ਼ਿਸ ਕਰ ਰਿਹਾ ਸੀ ਤਾਂ ਉਸਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਹਾਲਾਂਕਿ ਮੀਡੀਆ ਨੂੰ ਉਕਤ ਨੌਜਵਾਨ ਦੇ ਘਰ ਜਾਣ ਤੋਂ ਰੋਕਿਆ ਗਿਆ ਪ੍ਰੰਤੂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਹਰਚੇਤ ਨੇ ਪੱਕਾ ਹੋਣ ਲਈ ਫਾਈਲ ਲਾਈ ਹੋਈ ਸੀ ਤੇ ਕਰੀਬ ਇੱਕ ਹਫਤਾ ਪਹਿਲਾਂ ਹੀ ਉਸਨੇ ਫੋਨ ਕਰਕੇ ਦੱਸਿਆ ਸੀ ਕਿ ਉਸਦੇ ਜਲਦੀ ਪੱਕਾ ਹੋਣ ਦੀ ਉਮੀਦ ਹੈ ਤੇ ਉਹ ਲੱਗਪਗ ਦੋ ਮਹੀਨਿਆਂ ਬਾਅਦ ਵਾਪਸ ਪਿੰਡ ਆ ਕੇ ਜਾਵੇਗਾ। ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਹਰਚੇਤ ਦੀ ਮੌਤ ਬਾਬਤ ਅਜੇ ਉਸਦੇ ਮਾਤਾ ਪਿਤਾ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਹਰਚੇਤ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਇੱਕ ਭਾਈ ਹਰਚਰਨ ਸਿੰਘ ਤੇ ਦੋ ਭੈਣਾਂ ਛੱਡ ਗਿਆ ਜੋ ਵਿਆਹੀਆਂ ਹੋਈਆਂ ਹਨ। ਮ੍ਰਿਤਕ ਦੇ ਚਚੇਰੇ ਭਾਈ ਬਲਕਰਨ ਸਿੰਘ ਦੇ ਦੱਸਣ ਅਨੁਸਾਰ ਆਰਥਿਕ ਤੰਗੀ ਝੱਲ ਰਹੇ ਪਰਿਵਾਰ ਨੇ ਕਾਫੀ ਖਰਚਾ ਕਰਕੇ ਹਰਚੇਤ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਉਹ ਉੱਥੇ ਸੈਟਲ ਹੋ ਕੇ ਪਰਿਵਾਰ ਦੀ ਆਰਥਿਕ ਤੰਗੀ ਦੂਰ ਕਰ ਸਕੇ ਪ੍ਰੰਤੂ ਸ਼ਾਇਦ ਕੁਦਰਤ ਨੂੰ ਕੁਝ ਹੋਰ ਮਨਜੂਰ ਸੀ। ਉੱਧਰ ਅੱਜ ਹਰਚੇਤ ਸਿੰਘ ਗਿੱਲ ਦੀ ਮੌਤ ਦੀ ਖਬਰ ਜੋ ਵਿਦੇਸ਼ ਤੋਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਹੈ ਨੂੰ ਪੜਦਿਆਂ ਹੀ ਨਾ ਕੇਵਲ ਭਾਗੀਵਾਂਦਰ ਪਿੰਡ ਸਗੋਂ ਸਮੁੱਚੇ ਹਲਕਾ ਤਲਵੰਡੀ ਸਾਬੋ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਤਾ ਇਹ ਵੀ ਲੱਗਾ ਹੈ ਕਿ ਆਕਲੈਂਡ ਸਥਿਤ ਭਾਰਤੀ ਹਾਈ ਕਮਿਸ਼ਨ ਦਫਤਰ ਨੇ ਹਰਚੇਤ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ ਹੈ ਜਿਸ ਵਿੱਚ ਉੱਥੇ ਵਸਦੇ ਭਾਰਤੀ ਵੀ ਸਹਿਯੋਗ ਕਰ ਰਹੇ ਹਨ। ਪਿੰਡ ਵਾਸੀਆਂ ਦੀ ਵੀ ਮੰਗ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਸੁਰੱਖਿਅਤ ਤਰੀਕੇ ਨਾਲ ਵਾਪਸ ਭੇਜੀ ਜਾਵੇ ਤੇ ਨੌਜਵਾਨ ਦੇ ਪਰਿਵਾਰ ਨੂੰ ਬਣਦੀ ਮਦੱਦ ਮੁਹੱਈਆ ਕਰਵਾਈ ਜਾਵੇ।

No comments: