BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਰਬਾਰ ਸਾਹਿਬ ਪੁੱਜਣ 'ਤੇ ਸਿੱਖ ਸੰਗਤਾਂ ਟਰੂਡੋ ਦਾ ਕਰਨ ਜ਼ੋਰਦਾਰ ਸਵਾਗਤ-ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਆਪਣੇ ਮੰਤਰੀ ਮੰਡਲ ਦੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪੁੱਜ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਉਕਤ ਪਵਿੱਤਰ ਅਸਥਾਨ 'ਤੇ ਪੁੱਜਣ 'ਤੇ ਜਿੱਥੇ ਅਸੀਂ ਆਪਣੇ ਵੱਲੋਂ ਭਰਵਾਂ ਸਵਾਗਤ ਕਰਦੇ ਹਾਂ ਉੱਥੇ ਸਿੱਖ ਸੰਗਤਾਂ ਨੂੰ ਵੀ ਅਪੀਲ ਹੈ ਕਿ ਉਹ ਜਸਟਿਨ ਟਰੂਡੋ ਅਤੇ ਸਮੁੱਚੇ ਵਫਦ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕਰਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਉਨਾਂ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਹੈ ਤੇ ਜਿੱਥੇ ਕੈਨੇਡਾ ਦੀ ਆਰਥਿਕ ਖੁਸ਼ਹਾਲੀ ਵਿੱਚ ਸਿੱਖਾਂ ਤੇ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਹੈ ਉੱਥੇ ਕੈਨੇਡਾ ਦੀ ਸਿਆਸਤ ਵਿੱਚ ਵੀ ਮੱਲਾਂ ਮਾਰੀਆਂ ਹਨ ਜਿਸ ਦੇ ਚਲਦਿਆਂ ਟਰੂਡੋ ਸਰਕਾਰ ਵਿੱਚ ਚਾਰ ਪੰਜ ਮੰਤਰੀ ਸਿੱਖ ਤੇ ਪੰਜਾਬੀ ਹਨ ਤੇ ਸਭ ਤੋਂ ਅਹਿਮ ਰੱਖਿਆ ਦਾ ਮਹਿਕਮਾ ਸ. ਸੱਜਣ ਸਿੰਘ ਦੇ ਕੋਲ ਹੈ ਜੋ ਸਮੁੱਚੇ ਪੰਜਾਬੀਆਂ ਲਈ ਫਖਰ ਵਾਲੀ ਗੱਲ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੈਨੇਡਾ ਵਿੱਚ ਦੋ ਵਾਰ ਧਰਮ ਪ੍ਰਚਾਰ ਦੌਰੇ ਤੇ ਜਾਣ ਮੌਕੇ ਉਨਾਂ ਨੇ ਟੋਰਾਂਟੋ, ਵੈਨਕੂਵਰ, ਸਰੀ ਮਾਂਟਰੀਅਲ, ਕੈਲਗਰੀ ਅਤੇ ਹੋਰ ਥਾਵਾਂ 'ਤੇ ਕਥਾ ਕੀਰਤਨ ਕੀਤਾ ਤਾਂ ਦੇਖਣ ਨੂੰ ਮਿਲਿਆ ਕਿ ਸਿੱਖ ਉੱਥੇ ਬੜੀ ਆਜਾਦੀ ਨਾਲ ਆਪਣੀਆਂ ਧਾਰਮਿਕ ਗਤੀਵਿਧੀਆਂ ਚਲਾਉਂਦੇ ਹਨ ਤੇ ਟੋਰਾਂਟੋ ਦਾ ਨਗਰ ਕੀਰਤਨ ਤਾਂ ਆਪਣੀ ਆਲੌਕਿਕਤਾ ਕਰਕੇ ਸਮੁੱਚੇ ਵਿਸ਼ਵ ਵਿੱਚ ਮਸ਼ਹੂਰ ਹੈ ਤੇ ਅਜਿਹਾ ਸਿਰਫ ਉੱਥੋਂ ਦੀਆਂ ਸਰਕਾਰਾਂ ਦੇ ਧਰਮ-ਨਿਰਪੱਖ  ਅਕਸ ਕਾਰਨ ਹੀ ਸੰਭਵ ਹੈ ਤੇ ਅਜਿਹੇ ਹੀ ਅਕਸ ਨੂੰ ਜਸਟਿਨ ਟਰੂਡੋ ਅੱਗੇ ਵਧਾ ਰਹੇ ਹਨ ਤੇ ਉਹ ਸਿੱਖਾਂ ਦੇ ਹਰ ਸਮਾਗਮ ਵਿੱਚ ਹਿੱਸਾ ਲੈਂਦੇ ਹਨ ਤੇ ਉਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਜਿੱਥੇ ਟਰੂਡੋ ਸਰਕਾਰ ਨੇ ਆਪਣੇ ਦੇਸ਼ ਵਿੱਚ ਸਿੱਖਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ ਉੱਥੇ ਹੁਣ ਸਾਡਾ ਵੀ ਫਰਜ ਬਣਦਾ ਹੈ ਕਿ ਜਦੋਂ ਟਰੂਡੋ ਸਾਡੇ ਸੂਬੇ ਵਿੱਚ ਪਹੁੰਚ ਕੇ ਸਾਡੇ ਸਭ ਤੋਂ ਪਾਵਨ ਅਸਥਾਨ 'ਤੇ ਨਤਮਸਤਕ ਹੋਣ ਪੁੱਜ ਰਹੇ ਹਨ ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਨਾਂ ਦਾ ਸਵਾਗਤ ਕਰੀਏ। ਜਥੇਦਾਰ ਦਾਦੂਵਾਲ ਨੇ ਸੰਗਤਾਂ ਨੂੰ ਕਿਹਾ ਕਿ ਉਹ ਪਾਰਟੀਬਾਜੀ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਟਰੂਡੋ ਮੰਤਰੀ ਮੰਡਲ ਦਾ ਦਰਬਾਰ ਸਾਹਿਬ ਪੁੱਜਣ 'ਤੇ ਸਵਾਗਤ ਕਰਨ।

No comments: