BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟਕਸਾਲੀ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੇ ਮੈਂਬਰੀ ਤੋਂ ਦਿੱਤਾ ਅਸਤੀਫਾ

ਸਿਆਸਤ ਤੋਂ ਵੀ ਲਿਆ ਸਨਿਆਸ, ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਅਤੇ ਸਿਆਸਤ ਤੋਂ ਲਾਂਭੇ ਹੋਣਾ ਘਰੇਲੂ ਮਜ਼ਬੂਰੀਆਂ- ਮੋਹਨ ਸਿੰਘ ਬੰਗੀ
ਤਲਵੰਡੀ ਸਾਬੋ, 18 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਇਲਾਕੇ ਨਾਲ ਸਬੰਧਤ ਮੰਨੇ-ਪ੍ਰਮੰਨੇ ਟਕਸਾਲੀ ਪਰਿਵਾਰ ਵਿੱਚੋਂ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੇ ਅੱਜ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇਣ ਦੇ ਨਾਲ-ਨਾਲ ਸਿਆਸਤ ਤੋਂ ਵੀ ਸਨਿਆਸ ਲੈ ਲਿਆ ਹੈ। ਚਾਹੇ ਇਸਦਾ ਕਾਰਨ ਮੋਹਨ ਸਿੰਘ ਬੰਗੀ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸਿਆ ਪਰ ਸਿਆਸੀ ਸਫਾਂ ਇਸ ਨੂੰ ਕਈ ਪਹਿਲੂਆਂ ਤੋਂ ਦੇਖ ਰਹੀਆਂ ਹਨ।
ਮੋਹਨ ਸਿੰਘ ਬੰਗੀ ਮਰਹੂਮ ਅਕਾਲੀ ਆਗੂ ਮਿੱਠੂ ਇਕਬਾਲ ਸਿੰਘ ਬੰਗੀ ਦੇ ਛੋਟੇ ਭਰਾ ਹਨ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਵੱਡੇ ਭਰਾ ਇਕਬਾਲ ਸਿੰਘ ਬੰਗੀ ਦੀ ਮੌਤ ਤੋਂ ਬਾਅਦ ਮੋਹਨ ਸਿੰਘ ਬੰਗੀ ਨੇ ਹਲਕੇ ਅੰਦਰ ਅਕਾਲੀ ਆਗੂ ਵਜੋਂ ਹੁਣ ਤੱਕ ਢਾਈ ਦਹਾਕਿਆਂ ਦੀ ਸਰਗਰਮ ਸਿਆਸਤ ਕੀਤੀ। ਸੰਨ 2002 ਵਿੱਚ ਉਹ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੇ ਪਰ ਫਲ ਨਹੀਂ ਹੋਏ। ਪਿਛਲੇ ਚੌਦਾਂ ਸਾਲਾਂ ਤੋਂ ਲੈ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਉਂਦੇ ਆ ਰਹੇ ਸਨ। ਉਹ ਕਾਫੀ ਸਮਾਂ ਅੰਤਰਿੰਗ ਕਮੇਟੀ ਮੈਂਬਰ ਵੀ ਰਹੇ ਪਰ ਅੱਜ ਉਨ੍ਹਾਂ ਅਚਾਨਕ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਆਪਣਾ ਅਸਤੀਫੇ ਵਾਲਾ ਬੰਦ ਲਿਫਾਫਾ  ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਮ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਕਰਨ ਸਿੰਘ ਨੂੰ ਸੌਂਪ ਦਿੱਤਾ ਹੈ।
ਸੰਪਰਕ ਕਰਨ 'ਤੇ ਅਸਤੀਫਾ ਦੇਣ ਦੇ ਕਾਰਨ ਬਾਰੇ ਜਥੇਦਾਰ ਮੋਹਨ ਸਿੰਘ ਬੰਗੀ ਨੇ ਕਿਹਾ ਕਿ ਉਨ੍ਹਾਂ ਅੱਜ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇਣ ਦੇ ਨਾਲ-ਨਾਲ ਸਿਆਸਤ ਤੋਂ ਵੀ ਸਨਿਆਸ ਲੈ ਲਿਆ ਹੈ। ਇਸਦਾ ਕਾਰਨ ਉਨ੍ਹਾਂ ਘਰੇਲੂ ਮਜ਼ਬੂਰੀਆਂ ਦੱਸਿਆ। ਦੂਜੇ ਪਾਸੇ ਸਿਆਸੀ ਹਲਕੇ ਜਥੇਦਾਰ ਬੰਗੀ ਦੇ ਉਕਤ ਫੈਸਲੇ ਨੂੰ ਕਈ ਪਹਿਲੂਆਂ ਤੋਂ  ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਗਿੱਲ ਨੇ ਵੀ ਆਪਣੀ ਸਿਹਤ ਤੇ ਘਰੇਲੂ ਕਾਰਨ ਦੱਸਦਿਆਂ ਆਪਣੇ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਸਿਆਸਤ ਤੋਂ ਸਨਿਆਸ ਲੈ ਲਿਆ ਸੀ। ਅਕਾਲੀਆਂ ਆਗੂਆਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ਨੇ ਸਿਆਸੀ ਹਲਕਿਆਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ।

No comments: