BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚਿਆ ਨਨਕਾਣਾ ਸਾਹਿਬ ਯਾਤਰਾ ਕਮੇਟੀ ਜੱਥਾ

ਤਖ਼ਤ ਸਾਹਿਬਾਨਾਂ ਦੇ ਦਰਸ਼ਨ ਅਤੇ ਸਤਿਕਾਰ ਹਰ ਸਿੱਖ ਲਈ ਲਾਜ਼ਮੀ- ਗਿਆਨੀ ਰਾਜਪਾਲ ਸਿੰਘ ਖ਼ਾਲਸਾ
ਤਲਵੰਡੀ ਸਾਬੋ, 7 ਮਾਰਚ (ਗੁਰਜੰਟ ਸਿੰਘ ਨਥੇਹਾ)- ਨਨਕਾਣਾ ਸਾਹਿਬ ਯਾਤਰਾ ਕਮੇਟੀ, ਯੂਕੇ ਵੱਲੋਂ  ਪੰਜ ਤਖ਼ਤਾਂ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਦਸਵੀਂ ਸਲਾਨਾ ਯਾਤਰਾ ਲਈ ਪਿਛਲੇ ਦਿਨਾਂ ਤੋਂ ਰਵਾਨਾ ਹੋਇਆ ਜੱਥਾ ਤਖ਼ਤ ਸ੍ਰੀ ਹਰਮੰਦਿਰ ਜੀ, ਪਟਨਾ ਸਾਹਿਬ (ਬਿਹਾਰ) ਵਿਖੇ ਚੜ੍ਹਦੀਕਲਾ ਸਹਿਤ ਪਹੁੰਚਿਆ। ਸਾਡੇ ਪੱਤਰਕਾਰ ਨਾਲ ਫੋਨ ਤੇ ਹੋਈ ਗੱਲਬਾਤ ਦੌਰਾਨ ਯਾਤਰਾ ਕਮੇਟੀ ਦੇ ਪ੍ਰਮੁੱਖ ਮੈਂਬਰ ਭਾਈ ਰਘਬੀਰ ਸਿੰਘ ਮਾਲੜੀ ਯੂਕੇ ਵਾਲਿਆਂ ਨੇ ਦੱਸਿਆ ਕਿ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ (ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੱਥੇ ਵਿਚ ਸ਼ਾਮਿਲ 50 ਦੇ ਲਗਪਗ ਸ਼ਰਧਾਲੂ ਸੰਗਤਾਂ ਨੇ ਹੁਣ ਤੱਕ ਬੜੀ ਸ਼ਰਧਾ ਭਾਵਨਾ ਸਹਿਤ, ਨਾਮ ਜਪਦਿਆਂ, ਸਮੇਂ ਅਤੇ ਅਨੁਸ਼ਾਸ਼ਨ ਦਾ ਧਿਆਨ ਰੱਖਦਿਆਂ ਇਕ ਦੂਜੇ ਦੇ ਸਹਿਯੋਗੀ ਬਣ ਕੇ ਕਾਫੀ ਇਤਹਾਸਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰ ਲਏ ਹਨ, ਜਿਨ੍ਹਾਂ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਗੁ: ਗੁਰੂ ਕਾ ਲਾਹੌਰ, ਗੁਰਦੁਆਰਾ ਪਾਉਂਟਾ ਸਾਹਿਬ, ਗੁ: ਦਸਤਾਰ ਅਸਥਾਨ ਸਾਹਿਬ, ਗੁ: ਸ਼੍ਰੀ ਕ੍ਰਿਪਾਲ ਸ਼ਿਲਾ, ਉਤਰਾਖੰਡ ਵਿਚ ਗੁਰਦੁਆਰਾ ਨਾਨਕਮਤਾ ਸਾਹਿਬ, ਗੁ: ਸ੍ਰੀ ਰੀਠਾ ਸਾਹਿਬ, ਗੁ: ਬਾਉਲੀ ਸਾਹਿਬ, ਗੁ: ਦੁੱਧ ਵਾਲਾ ਖੂਹ, ਗੁਰਦੁਆਰਾ ਸੰਤ ਕਬੀਰ ਸਾਹਿਬ ਜੀ, ਮਗਹਰ (ਉੱਤਰ ਪ੍ਰਦੇਸ਼) ਤੋਂ ਹੁੰਦੇ ਹੋਏ ਤਖ਼ਤ ਸ੍ਰੀ ਹਰਮੰਦਿਰ ਜੀ ਪਟਨਾ ਸਾਹਿਬ, (ਬਿਹਾਰ) ਵਿਖੇ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਕੌਤਕਾਂ ਨਾਲ ਸਬੰਧਿਤ ਅਸਥਾਨਾਂ ਗੁ: ਬਾਲ ਲੀਲਾ ਮੈਣੀ ਸੰਗਤ, ਗੁ: ਹਾਂਡੀ ਸਾਹਿਬ, ਗੁ: ਗੁਰੂ ਕਾ ਬਾਗ, ਗੁ: ਗਊ ਘਾਟ, ਗੁ: ਕੰਗਨਘਾਟ ਗੋਬਿੰਦਘਾਟ ਆਦਿ ਅਸਥਾਨਾਂ ਦੇ ਦਰਸ਼ਨ ਦੀਦਾਰ ਕੀਤੇ।
ਭਾਈ ਮਾਲੜੀ ਨੇ ਦੱਸਿਆ ਕਿ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਜਿੱਥੇ ਇਸ ਸਮੇਂ ਦੌਰਾਨ ਗੁਰਦੁਆਰੇ-ਗੁਰਧਾਮਾਂ ਦੇ ਇਤਿਹਾਸ ਸਬੰਧੀ ਜਾਣਕਾਰੀ ਸੰਗਤਾਂ ਦੇ ਨਾਲ ਸਾਂਝੀ ਕੀਤੀ, ਉੱਥੇ ਖ਼ਾਲਸਾ ਪੰਥ ਦੇ ਮਹਾਨ ਤਖ਼ਤ ਸ੍ਰੀ ਹਰਮੰਦਿਰ ਜੀ ਪਟਨਾ ਸਾਹਿਬ ਵਿਖੇ ਸਵੇਰ ਦੇ ਦੀਵਾਨ ਵਿਚ ਲੜੀਵਾਰ ਗੁਰਬਾਣੀ ਸ਼ਬਦ ਦੀ ਕਥਾ ਵੀਚਾਰ ਦੀ ਵਿਸ਼ੇਸ਼ ਹਾਜ਼ਰੀ ਭਰੀ। ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸਟੇਜ ਤੋਂ ਸੰਗਤਾਂ ਨੂੰ ਵਿਸ਼ੇਸ਼ ਬੇਨਤੀ ਕਰਦਿਆਂ ਕਿਹਾ ਕਿ ਪੰਜੇ ਤਖ਼ਤ ਸਾਹਿਬਾਨਾਂ ਦੇ ਨਾਲ-ਨਾਲ ਸਾਡੇ ਇਤਿਹਾਸਕ ਗੁਰਦੁਆਰੇ, ਸਰੋਵਰ ਅਤੇ ਸ਼ਹੀਦੀ ਯਾਦਗਾਰਾਂ ਜੋ ਕੌਮ ਦੀ ਅਮੀਰ ਵਿਰਾਸਤ ਹਨ, ਸਾਨੂੰ  ਇਨ੍ਹਾਂ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਹੈ। ਦਰਸ਼ਨ–ਇਸ਼ਨਾਨ ਕਰਕੇ ਲਾਹਾ ਪ੍ਰਾਪਤ ਕਰਨ ਦੇ ਨਾਲ ਹੋਰਨਾਂ ਸੰਗਤਾਂ ਨੂੰ ਵੀ ਇਨ੍ਹਾਂ ਦੇ ਇਤਿਹਾਸਕ ਮਹੱਤਵ ਤੋਂ ਜਾਣੂੰ ਕਰਵਾਉਣ ਦੀ ਸੇਵਾ ਨਿਭਾਉਣੀ ਅਤੇ ਜੀਵਨ ਸੇਧ ਲੈਣੀ ਚਾਹੀਦੀ ਹੈ। ਯਾਤਰੂਆਂ ਵਿਚ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਸਤਿਕਾਰਯੋਗ ਵੱਡੇ ਭਰਾ ਭਾਈ ਗੁਰਨਾਮ ਸਿੰਘ ਜੀ ਅਗਵਾਨ ਅਤੇ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਦਾ ਵਿਸ਼ੇਸ਼ ਸਨਮਾਨ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ।
ਭਾਈ ਮਾਲੜੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਕੀ ਤਖ਼ਤ ਸਾਹਿਬਾਨਾਂ ਦੀ ਯਾਤਰਾ ਆਉਂਦੇ ਦਿਨਾਂ ਦੌਰਾਨ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਪੰਜਾਬ ਦੀਆਂ ਹੋਰਨਾਂ ਸੰਗਤਾਂ ਦੇ ਨਾਲ-ਨਾਲ ਡਾ. ਦਲਬੀਰ ਸਿੰਘ, ਬੀਬੀ ਨਿਰੰਜਨ ਕੌਰ, ਗਿਆਨੀ ਬਖਸ਼ੀਸ਼ ਸਿੰਘ, ਭਾਈ ਘਨੱਈਆ ਜੀ, ਬੀਬੀ ਪਰਮਜੀਤ ਕੌਰ, ਭਾਈ ਗਿਆਨ ਸਿੰਘ ਪੰਨੂ, ਪਰਮਜੀਤ ਸਿੰਘ ਤੱਗੜ, ਗੁਰਦਰਸ਼ਨ ਸਿੰਘ ਰਾਜਸਥਾਨੀ ਆਦਿ ਯਾਤਰਾ ਵਿਚ ਸ਼ਾਮਿਲ ਹਨ।

No comments: