BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

ਤਲਵੰਡੀ ਸਾਬੋ, 20 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਦੀ ਐੱਨ. ਐੱਸ. ਐਸ. ਸ਼ਾਖਾ ਵੱਲੋਂ ਅੱਜ ਕਾਲਜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਮੈਕਸ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਹਸਪਤਾਲ ਦੇ ਬਲੱਡ ਬੈਂਕ ਦੇ ਅਫਸਰ ਡਾ. ਆਈ. ਬੀ. ਅਗਰਵਾਲ ਨੇ ਖੂਨਦਾਨ ਕਰਨ ਦੇ ਮਹੱਤਵ ਅਤੇ ਇਸ ਦੀ ਲੋੜ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣੂ ਕਰਵਾਇਆ। ਕੈਂਪ ਵਿੱਚ ਲੱਗਭਗ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕਾਲਜ ਦੇ ਵਿਦਿਆਰਥੀਆਂ ਸਮੇਤ ਅਧਿਆਪਕਾਂ ਨੇ ਵੀ ਖੂਨ ਦਾਨ ਕੀਤਾ। ਕੈਂਪ ਵਿੱਚ ਹਰੇਕ ਖੂਨਦਾਨੀ ਦੇ ਕਈ ਖੂਨ ਦੇ ਟੈਸਟ ਜਿਵੇਂ ਕਿ ਹੈਪਾਟਾਈਟਸ-ਬੀ, ਹੈਪਾਟਾਈਟਸ-ਸੀ, ਐੱਚ. ਆਈ. ਵੀ.-1, ਐੱਚ. ਆਈ. ਵੀ.-2, ਵੀ. ਡੀ. ਆਰ. ਐਲ., ਐੱਮ. ਪੀ.-ਮਲੇਰਿਲ ਪੈਰਾਸਾਈਟ ਅਤੇ ਐੱਚ. ਬੀ. ਕੋਰ, ਬਿਲਕੁਲ ਮੁਫਤ ਕੀਤੇ ਗਏ। ਖੂਨਦਾਨ ਕਰਨ ਵਾਲਿਆਂ ਨੂੰ ਰਿਫਰੈਸ਼ਮੈਂਟਸ ਵੀ ਦਿੱਤੀਆਂ ਗਈਆਂ। ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰ ਡਾ. ਪ੍ਰਦੀਪ ਜਿੰਦਲ ਨੇ ਪੰਜਾਬੀ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਖੂਨਦਾਨ ਕੈਂਪ, ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ (23 ਮਾਰਚ) ਨੂੰ ਸਮਰਪਿਤ ਕੀਤਾ ਗਿਆ ਹੈ। ਡਾ. ਜਿੰਦਲ ਨੇ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸਿਰਫ ਯਾਦ ਕਰਨ ਦੀ ਬਜਾਏ, ਉਹਨਾਂ ਦੀ ਸੋਚ ਨੂੰ ਅਪਨਾਉਣ ਲਈ ਸੱਦਾ ਦਿੱਤਾ, ਤਾਂ ਜੋ ਆਪਣੇ ਦੇਸ਼ ਨੂੰ ਉਹਨਾਂ ਉਚਾਈਆਂ ਤੱਕ ਲਿਜਾਇਆ ਜਾ ਸਕੇ ਜਿਸ ਦਾ ਸ਼ਹੀਦ ਭਗਤ ਸਿੰਘ ਸੁਪਣਾ ਵੇਖਿਆ ਕਰਦੇ ਸਨ। ਇਸ ਤਰ੍ਹਾਂ ਅਸੀਂ ਸਾਰੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਾਂਗੇ। ਉਹਨਾਂ ਨੇ ਸਾਰੇ ਖੂਨਦਾਨੀਆਂ ਅਤੇ ਖੂਨ ਦਾਨ ਕੈਂਪ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ, ਜਿਸ ਵਿੱਚ ਵਿਸ਼ੇਸ਼ ਤੌਰ ਸ. ਸ਼ਿਵ ਚਰਨ, ਸ. ਕਰਮਜੀਤ ਸਿੰਘ, ਸ਼੍ਰੀ. ਦੀਪਕ ਗਰਗ ਅਤੇ ਸ. ਰਮਨੀਕ ਸਿੰਘ ਨੇ ਆਪਣੀ ਅਣਥੱਕ ਮਿਹਨਤ ਨਾਲ ਇਸ ਕੈਂਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ। ਇਸ ਖੂਨ ਦਾਨ ਕੈਂਪ ਵਿੱਚ ਸ. ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ ਨੇ ਮੁੱਖ ਮਹਿਮਾਨ ਵਜੋਂ ਪਹੁੰਚਕੇ ਕਾਲਜ ਅਤੇ ਖੂਨਦਾਨੀਆਂ ਨੂੰ ਇਸ ਚੰਗੇ ਕੰਮ ਵਿੱਚ ਹਿੱਸਾ ਲੈਣ ਤੇ ਵਧਾਈ ਦਿੱਤੀ। ਖੂਨ ਦਾਨ ਕੈਂਪ ਦੇ ਇਸ ਮੌਕੇ ਤੇ ਕਾਲਜ ਦੇ ਮੁਖੀ ਡਾ. ਹਜ਼ੂਰ ਸਿੰਘ ਨੇ ਮੈਕਸ ਹਸਪਤਾਲ ਦੀ ਪੂਰੀ ਟੀਮ ਅਤੇ ਹਸਪਤਾਲ ਦੇ ਬਲੱਡ ਬੈਂਕ ਦੇ ਮੁਖੀ ਡਾ. ਆਈ. ਬੀ. ਅਗਰਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਹਨਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਦੀ ਇਸ ਪ੍ਰਕਿਰਿਆ ਹਰ ਸਾਲ ਕਰਨ ਲਈ ਸੱਦਾ ਦਿੱਤਾ ਤਾਂ ਜੋ ਮਨੁੱਖਤਾ ਦੀ ਸੇਵਾ ਲਈ ਅਸੀਂ ਸਾਰੇ ਰਲ-ਮਿਲ ਕੇ ਹਮੇਸ਼ਾ ਤਿਆਰ ਰਹੀਏ ਅਤੇ ਇਸ ਅਨਮੁੱਲੀ ਚੀਜ਼-ਖੂਨ, ਜੋ ਕਿ ਕਿਸੇ ਵੀ ਤਰੀਕੇ ਨਾਲ ਬਣਾਈ ਨਹੀਂ ਜਾ ਸਕਦੀ, ਨੂੰ ਲੋੜਵੰਦਾਂ ਲਈ ਦਾਨ ਕਰਕੇ ਅਨਮੁੱਲੀਆਂ ਜਾਨਾਂ ਨੂੰ ਬਚਾ ਸਕੀਏ।
ਖੂਨਦਾਨ ਕੈਂਪ ਤੋਂ ਬਾਅਦ ਕਾਲਜ ਦੀ ਐੱਨ. ਐੱਸ. ਐੱਸ ਸ਼ਾਖਾ ਦੀ ਦੇਖ-ਰੇਖ ਹੇਠ “ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ”, ਤਲਵੰਡੀ ਸਾਬੋ ਦੇ ਉੱਘੇ ਬੁਲਾਰਿਆਂ ਤੋਂ ਵਿਦਿਆਰਥੀਆਂ ਲਈ ਲੈਕਚਰ ਵੀ ਕਰਵਾਏ ਗਏੇ। ਇਸ ਮੰਚ ਦੇ ਬੁਲਾਰੇ ਸ. ਰੁਪਿੰਦਰ ਸਿੰਘ (ਇੰਸਪੈਕਟਰ-ਫੂਡ ਸਪਲਾਈ) ਦੇ ਸ਼ਹੀਦ ਭਗਤ ਸਿੰਘ ਜੀ ਦੇ ਅਸੂਲਾਂ ੳੱਤੇ ਚੱਲਣ 'ਤੇ ਜ਼ੋਰ ਦਿੱਤਾ। ਪਹਿਲਾਂ ਉਨ੍ਹਾਂ ਨੇ “ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ” ਦੇ ਹੋਂਦ ਵਿੱਚ ਆਉਣ ਦੇ ਕਾਰਨ 'ਤੇ ਚਾਨਣਾ ਪਾਇਆ ਅਤੇ ਸਮਾਜ ਦੇ ਕਈ ਪਹਿਲੂਆਂ ਉੱਤੇ ਚਾਨਣ ਪਾਇਆ ਜੋ ਪੰਜਾਬ ਦੇ ਨੌਜਵਾਨਾ ਨੂੰ ਗਲਤ ਦਿਸ਼ਾ ਵੱਲ ਲਿਜਾ ਰਹੇ ਹਨ। ਸ. ਮੇਜਰ ਸਿੰਘ ਨੇ ਵਿਦਿਆਰਥੀਆਂ ਦੇ ਨਾਲ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਦਸਿਆ ਕਿ ਕਿਵੇਂ ਉਨ੍ਹਾਂ ਨੇ ਨੌਜਵਾਨ ਵਰਗ ਅਤੇ ਉਨ੍ਹਾਂ ਦੇ ਪਰਿਵਾਰ ਨਸ਼ਿਆਂ ਕਰਕੇ ਤਬਾਹ ਹੋ ਗਏ। ਉਨ੍ਹਾਂ ਨੇ ਸਮੇਂ ਦੀ ਮੰਗ ਦਰਸਾਉਂਦਿਆਂ ਹੋਏ ਕਿਹਾ ਕਿ ਨੌਜਵਾਨ ਪੀੜੀ ਨੂੰ ਹੁਣ ਨਸ਼ਿਆਂ ਵਿਰੁੱਧ ਇੱਕ ਜੁਟ ਹੋ ਕੇ ਅੱਗੇ ਆਉਣ ਦੀ ਲੋੜ ਹੈ। ਸ਼੍ਰੀ ਮੁਨੀਸ਼ ਕੁਮਾਰ ਨੇ ਮੀਡੀਆ ਨੂੰ ਇੱਕ-ਜੁਟ ਹੋ ਕੇ ਨਸ਼ਿਆਂ ਦੀ ਇਸ ਬਿਮਾਰੀ ਤੋਂ ਸਮਾਜ ਛੁਟਕਾਰਾ ਦਵਾਉਣ ਲਈ ਅੱਗੇ ਆਉਣ ਲਈ ਕਿਹਾ।
ਅੰਤ ਵਿੱਚ ਕਾਲਜ ਦੇ ਮੁਖੀ, ਡਾ. ਹਜ਼ੂਰ ਸਿੰਘ ਸਿੱਧੂ ਨੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਾਰੇ ਹੀ ਬੁਲਾਰਿਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕਾਲਜ ਵਿੱਚ ਆ ਕੇ ਵਿਦਿਆਰਥੀਆਂ ਨੂੰ ਜਾਗਰਿਤ ਕੀਤਾ ਅਤੇ ਨਵੀਂ ਦਿਸ਼ਾ ਦਿਖਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਾਂਝੇ ਕੰਮ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਨੌਜਵਾਨ ਵਿਦਿਆਰਥੀਆਂ ਦੇ ਅੱਗੇ ਆਉਣ ਨਾਲ ਸਾਡਾ ਸਮਾਜ ਜ਼ਰੂਰ ਹੀ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਹੋ ਜਾਵੇਗਾ।

No comments: