ਕਹਾਣੀ (ਮੁੱਲ ਖਰੀਦੀ ਗੁਲਾਮੀ)

ਅਜੇ ਇੱਕ ਦੋ ਰਿਸ਼ਤੇਦਾਰ ਜਾਣ ਵਾਲੇ ਰਹਿੰਦੇ ਸਨ ਉਹ ਵੀ ਤਾਂ ਰਿਹ ਪਏ ਕਿਉਂਕਿ ਦੂਰ ਦੇ ਸਨ ਉਹਨਾਂ ਦਾ ਉਸੇ ਦਿਨ ਮੁੜਣਾ ਅੋਖਾ ਸੀ। ਜੱਦ ਦੂਜੇ ਦਿਨ ਤੜਕਸਾਰ ਜਾਂਦੇ ਹੋਏ ਉਹ ਅਮਰਜੀਤ ਨੂੰ ਕਹਿਣ ਲੱਗੇ “ਕਾਕਾ ਹੁਣ ਜਲਦੀ ਗੇੜਾ ਮਾਰ ਜਾਇਆ ਕਰੀਂ ਤੂੰ ਤਾਂ ਬੇਬੇ ਦੇ ਵੀ ਆਖ਼ਰੀ ਦਰਸ਼ਨ ਨਾ ਕਰ  ਸਕਿਆ ਤੇ ਹੁਣ ਬਜੁਰਗ ਵਾਰੀ ਵੀ ਤੂੰ ਮਸਾਂ ਭੋਗ ਤੇ ਹੀ ਅਪੜਿਆਂ ਹੈਂ ” ਇਹ ਸੁਣ ਕੇ ਅਮਰਜੀਤ ਦੇ ਦਿਲ ਨੂੰ ਟੀਸ ਜਹੀ ਪਹੁੰਚੀ ਜਿਵੇ ਕਿ ਇਹ ਸਾਰਾ ਕੁੱਝ ਉਸ ਦੇ ਵੱਸਵਿੱਚ ਹੋਵੇ ਤੇ ਜਾਣਬੁਝ ਕੇ ਨਾ ਆਇਆ ਹੋਵੇ। ਉਹ ਅੱਖਾਂ ਪੂੰਝਦਿਆਂ ਹੋਇਆਂ ਸਿਰ ਸੁਟੀ ਸੁਣੀ ਜਾਂਦਾ ਸੀ। ਪਰ ਉਹ ਉਨ੍ਹਾਂ ਨੂੰ ਕਿਸ ਤਰ੍ਹਾਂ ਸਮਝਾਉਦਾ ਕਿ ਮਾਪਿਆਂ ਨੁੂੰ ਸੁੱਖ ਦੇਣ ਲਈ ਕਿੰਝ ਏਜੰਟਾਂ ਦੇ ਦੱਸੇ ਰਾਹਾਂ ਤੇ ਕਦੀ ਸਮੁੰਦਰ ਰਾਂਹੀਂ ਤੇ ਕਦੇ ਕੰਡਿਆਲੀਆਂ ਤਾਰਾਂ ਨੂੰ ਟੱਪ ਕੇ ਅਣਜਾਣੇ ਲੋਕਾਂ ਤੇ ਅਣਜਾਣੇ ਦੇਸਾਂ ਵਿੱਚੋ ਦੀ ਹੁੰਦਾ ਹੋਇਆ ਕਈ ਕਈ ਦਿਨ ਬਿਨਾ ਕੁੱਝ ਖਾਧੇ ਪੀਤੇ ਤੇ ਵਗੈਰ ਨਹਾਤੇ ਹੋਏ ਫਟੇ ਪੁਰਾਣੇ ਕਪੜਿਆਂ ਵਿੱਚ ਕਿੰਨੇ ਦਿਨ ਬਤੀਤ ਕਰ ਛੱਡਣੇ ਫਿਰ ਕਾਫੀ ਲੰਮਾ ਸਮਾਂ ਗੁਜਾਰ ਕੇ ਕਿੱਤੇ ਟਿਕਾਣੇ ਪੁੱਜਾ। ਪਰ ਉਸਦੇ ਦਿਲ ਨੂੰ ਬਾਪੂ ਦੇ ਮੋਤ ਦੇ ਨਾਲ ਨਾਲ ਇਹ ਗੱਲ ਜਿਆਦਾ ਦੁੱਖ ਦੇ ਰਹੀ ਸੀ ਕਿ ਜੱਦ ਵੀ ਉਸ ਨੇ ਬਾਪੂ ਨੂੰ ਫੋਨ ਕਰਨਾ ਕਿ ਮੈਂ ਹੋਰ ਅਗਾਂਹ ਅਗਲੇ ਮੁਲਕ ਜਾਣਾ ਹੈ ਤਾਂ ਭੇਜਣ ਵਾਲੇ ਪੈਸੇ ਮੰਗਦੇ ਹਨ ਤਾਂ ਬਾਪੂ ਕਦੇ ਸਿਰੜ ਨਹੀਂ ਵੱਟਣੀ ਸਗੋਂ ਹੋਸਲਾ ਦੇਣਾ “ਕੋਈ ਨਾ ਤੂੰ ਤਕੜਾ ਹੋ ਕੇ ਆਪਣੀ ਤਰੱਕੀ ਬਾਰੇ ਸੋਚ ਮੈਂ ਪੈਸਿਆਂ ਦਾ ਇੰਤਜ਼ਾਮ ਕਰ ਲਵਾਂਗਾ ਤੇ ਦੇ ਦਵਾਂਗਾ ਉਨ੍ਹਾਂ ਨੂੰ ” ਅਮਰਜੀਤ ਸੋਚੇ ਕਿ ਪਤਾ ਨਹੀਂ ਸੀ ਕਿ ਬਾਪੂ ਕਰਜੇ ਫੜਦਾ ਤੇ ਕਦੀ ਜ਼ਮੀਨ ਦਾ ਟੱਕ ਗਹਿਣੇ ਰੱਖ ਕੇ ਮੇੈਨੂੰ ਪੈਸੇ ਭੇਜ਼ ਕਿੰਝ ਭੇਜ਼ ਦਿੰਦਾ ਸੀ ।ਆਖ਼ਰ  ਮੈਂ ਵਿਦੇਸ ਵਿੱਚ ਪੱਕਾ ਹੋ ਗਿਆ। ਪਰ ਅੱਜ ਪਿਉ ਦੀ ਅਰਥੀ ਨੂੰ ਮੋਢਾ ਦੇਣ ਲਈ ਵੀ ਨਾ ਪੁੱਜ ਸਕਣਾ ਮੇਰੇ ਲਈ ਜਿੰਦਗੀ ਦੀ ਸਭ ਤੋਂ ਦੁਖਦਾਈ ਗੱਲ ਸੀ। ਇੰਝ ਜਾਪਦਾ ਸੀ ਕਿ ਜਿਵੇਂ ਮੈਂ ਬਾਪੂ ਦੀ ਨੇਕ ਕਮਾਈ ਨਾਲ ਮੁੱਲ ਖਰੀਦੀ ਗੁਲਾਮੀ ਦੀ ਜਿੰਦਗੀ ਬਤੀਤ ਕਰ ਰਿਹਾ ਹੋਵਾਂ ਕਿਉਂਕਿ ਜੱਦ ਵੀ ਮੈਂ ਆਪਣੇ ਪਿੰਡ ਆਉਣ ਨੂੰ ਵਿਦੇਸ਼ੀ ਮਾਲਕ ਨੂੰ ਕਹਿਣਾ ਤਾਂ ਉਸ ਨੇ ਜਵਾਬ ਦੇਣਾ “ਚਲੇ ਤਾਂ ਤੂੰ ਜਾ ਪਰ ਅਸੀਂ ਤੇਰੀ ਜਗ੍ਹਾ ਤੇ ਕੋਈ ਹੋਰ ਬੰਦਾ ਰੱਖ ਲੈਣਾ ਹੈ ਤੇ ਤੂੰ ਆਉਣੇ ਵੇਲੇ ਹੋਰ ਕੰਮ ਤਲਾਸ ਕਰ ਲਵੀਂ ” ਬਸ ਮਾਲਕ ਦੇ ਇਸੇ ਜਵਾਬ ਕਰਕੇ ਹੀ ਮੈਂ ਖਿਚੋ ਤਾਣੀਵਿੱਚ ਫਸਿਆ ਨਾ ਤੇ ਮਾਂ ਅਤੇ ਨਾ ਹੀ ਬਾਪੂ ਦਾ ਮੂੰਹ ਵੇਖ ਸਕਿਆ।
ਜਾਣ ਵਾਲੇ ਰਿਸ਼ਤੇਦਾਰ ਨੇ ਅਮਰਜੀਤ ਨੂੰ ਮੋਢੇ ਤੋਂ ਹਿਲਾ ਕੇ ਕਿਹਾ ਕਿਹੜੀ ਸੋਚੀਂ ਪੈ ਗਿਆ ਤਾਂ ਅਮਰਜੀਤ ਨੇ ਤਰਬਭੱਕ ਕੇ ਕਿਹਾ “ਹਾਂ ਜੀ ਜਲਦੀ ਹੀ ਆ ਜਾਇਆ ਕਰਾਂਗਾ” ਕਿਹ ਕੇ ਫਿਰ ਚੁੱਪ ਖੜਾ ਸੋਚ ਰਿਹਾ ਸੀ ਕਿ ਪਹਿਲਾਂ ਤਾਂ ਆਸ ਸੀ ਕਿ ਮੇਰੇ ਆਉਣ ਤੇ ਸ਼ਗਨ ਮਨਾਏ ਜਾਣਗੇ ਦਰਾਂ ਤੇ ਤੋਲ ਚੋ ਕੇ ਮਾਂ ਅੰਦਰ ਵੜਣ ਤੇ ਹੱਥ ਉੱਤੇ ਖੰਡ ਧਰ ਕੇ ਲੰਘਾਵੇਗੀ, ਹੁਣ ਤਾਂ ਆਏ ਜਾ ਨਾ ਆਏ ਇੱਕੋ ਜਿਹਾ ਹੀ ਲੱਘਣ ਲੱਗਾ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ.098721 97326
Share on Google Plus

About Jaswinder Azad

    Blogger Comment
    Facebook Comment

0 comments:

Post a Comment