ਕਹਾਣੀ (ਕਤਲ)

ਸਵੇਰ ਤੋਂ ਹੀ ਅਜੀਬ ਜਿਹੀ ਪਰੇਸ਼ਾਨੀ ਦਾ ਭਰਿਆ ਜਗਤਾਰ ਸਿੰਘ ਆਪਣੀ ਮਾਂ ਸੁਰਜੀਤ ਕੌਰ ਨੂੰ ਪੱਕੀ ਕਰ ਰਿਹਾ ਸੀ ਕਿ ਬੇਬੇ, ਤੇਰੇ ਕਹਿਣ ਤੇ ਮੈਂ ਡਾਕਟਰ ਕੋਲੋਂ ਟਾਇਮ ਲੈ ਲਿਆ ਹੈੇ। ਸ਼ਨੀਵਾਰ ਨੂੰ ਡਾਕਟਰ ਕਹਿੰਦੀ ਹੈ ਕਿ ਉਹ ਕਲੀਨਿਕ ਆ ਸਕਦੇ ਹਨ। ਜਗਤਾਰ ਦੀ ਪਤਨੀ ਸਰਬਜੀਤ ਕੌਰ ਨੂੰ ਕੁਝਕੁਝ ਸੁਝ ਰਹੀ ਸੀ ਕਿਉਂਕਿ ਕੁਝ ਦਿਨ ਤੋਂ ਮਾਂ ਪੁੱਤ ਘੁਸਰ ਮੁਸਰ ਕਰ ਰਹੇ ਸਨ। ਪਰ ਪੂਰਾ ਪਤਾ ਨਹੀ ਸੀ। ਉਸਨੇ ਵੀ ਗੱਲ ਨਾ ਗੌਲੀ ਕਿਉਂਕਿ ਉਸਨੂੰ ਜਗਤਾਰ ਤੇ ਪੂਰਾ ਭਰੋਸਾ ਸੀ ਕਿ ਉਹ ਆਪ ਹੀ ਦੱਸ ਦੇਵੇਗਾ। ਉਸ ਨੂੰ ਪਤਾ ਸੀ ਅਜੇ ਤਾਂ ਚੌਥਾ ਮਹੀਨਾ ਹੈ ਗਰਭ ਨੂੰ ਪਰ....? ਫੇਰ ਪਤੀ ਨੂੰ ਪੁੱਛਿਆ ,'' ਕੀ ਗੱਲ ਹੈ ਜੀ, ਡਾਕਟਰ ਕੋਲ ਕਿਉਂ ਜਾਣਾ ?'' ਮੈਂ ਤਾਂ ਬਿਲਕੁਲ ਠੀਕ ਹਾਂ। ਫੇਰ ਜਗਤਾਰ ਨੇ ਕਿਹਾ, ''ਓ ਨਹੀ ਨਹੀ ਕੁਝ ਨਹੀ, ਸਰਬਜੀਤ ਕੌਰੇ ਤੂੰ ਠੀਕ ਹੈਂ, ਪਰ ਮੈਂ ਚਾਹੁੰਦਾ ਸੀ ਕਿ ਡਾਕਟਰ ਨੂੰ ਮਿਲ ਲਈਏ, ਹੋਣ ਵਾਲੇ ਬੱਚੇ ਲਈ ਪੁੱਛ ਆਈਏ ਕਿ ਤੁਸੀਂ ਦੋਨੋਂ ਠੀਕ ਹੋ ਨਾ, ਮੈਨੂੰ ਫਿਕਰ ਜਿਹੀ ਰਹਿੰਦੀ ਹੈ'' ਨਾਲੇ ਟੀ.ਵੀ ਤੇ ਵੀ ਤਾਂ ਦਿਖਾਉਂਦੇ ਰਹਿੰਦੇ ਨੇ ਕਿ ਜੱਚਾ ਅਤੇ ਬੱਚਾ ਦੋਨਾਂ ਨੂੰ ਡਾਕਟਰ ਤੋਂ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਉਸ ਦਿਨ ਜਗਤਾਰ ਨੂੰ ਸਾਰੀ ਰਾਤ ਨੀਂਦ ਨਾ ਆਈ। ਇਨਾਂ ਸੋਚਾਂ ਵਿਚ ਹੀ ਉਹ ਗੁਆਚਾ ਰਿਹਾ ਕਿ ਉਹ ਸਰਬਜੀਤ ਨੂੰ ਕਿਵੇy ਦੱਸੇ ਕਿ ਮੈਨੂੰ ਮੁੰਡਾ ਚਾਹੀਦਾ ਹੈ ਤੇ ਸਾਡੇ ਘਰ ਕੁੜੀ ਹੋਣ ਜਾ ਰਹੀ ਹੈ। ਉਹ ਆਪਣੀ ਪਤਨੀ ਤੋਂ ਇਹ ਸਭ ਲੁਕਾਉਣਾ ਨਹੀ ਚਾਹੁੰਦਾ ਸੀ, ਪਰ ਮਾਂ ਹੱਥੋਂ ਮਜਬੂਰ ਸੀ । ਉਸ ਦੀ ਮਾਂ ਬੇਜਿੱਦ ਸੀ ਕਿ ਉਸਨੂੰ ਪੋਤਰਾ ਹੀ ਚਾਹੀਦਾ ਹੈ। ਉਸਨੂੰ ਘੱਟ ਜਮੀਨ, ਸਮਾਜ ਵਿੱਚ ਨਾਮ, ਖਾਨਦਾਨ ਦੀ ਵੇਲ ਵਧਾਉਣ ਦਾ ਫਿਕਰ ਵੱਧ ਸੀ। ਅਜੇ ਪਿਛਲੇ ਸਾਲ ਹੀ ਗੁਆਂਢੀ ਨਛੱਤਰ ਦੇ ਘਰੇ ਜੁੜਵੇ ਮੁੰਡੇ ਹੋਏ ਸਨ। ਜਿਸਦੇ ਜਸ਼ਨ ਤੇ ਢੋਲ ਉਸਦੇ ਅਜੇ ਤੱਕ ਸਿਰ ਪਾੜ ਰਹੇ ਸਨ। ਕਦੇਕਦੇ ਉਹ ਚਾਰ ਬੰਦਿਆਂ ਦੇ ਸਾਹਮਣੇ ਕਹਿ ਦਿੰਦਾ ਸੀ ਕਿ ਮੇਰੇ ਘਰੇ ਦੋ ਪੁੱਤ ਹੋਏ ਨੇ, ਇਹ ਮੇਰੀਆਂ ਬਾਹਵਾਂ ਨੇ,,,ਬਾਹਵਾਂ। ਮਾਂ ਦੇ ਨਹੋਰੇ ਤੇ ਅਰਦਾਸਾਂ ਵੀ ਉਸ ਦਾ ਦੂਜੇ ਪਾਸੇ ਕਾਲਜਾ ਵਿੰਨਦੀਆਂ ਸਨ ਕਿ ਰੱਬ ਇਸ ਵਾਰ ਪੁੱਤ ਦੇ ਦੇਵੇ ਤੇ ਅਗਲੀ ਵਾਰ ਭਾਵੇਂ ਕੁੜੀ ਹੋਜੇ। ਮੇਰੇ ਪੁੱਤ ਨੂੰ ਜੱਗ ਨਾਲ ਰਲਾ ਦੇਵੇ। ਹੁਣ ਤਾਂ ਉਸ ਦੇ ਮਨ ਵਿਚ ਵੀ ਇਹ ਗੱਲ ਘਰ ਕਰ ਗਈ ਸੀ ਕਿ ਉਸਨੂੰ ਮੁੰਡਾ ਹੀ ਚਾਹੀਦਾ ਹੈ। ਇਸ ਲਈ ਉਹ ਇਹ ਕਦਮ ਜਰੂਰ ਉਠਾਵੇਗਾ।
ਸਰਬਜੀਤ ਜੋ ਨਿੱਤ ਹੀ ਹੋਣ ਵਾਲੇ ਬੱਚੇ ਦੇ ਚਾਵਾਂਰੀਝਾਂ ਵਿਚ ਗੁਆਚੀ ਰਹਿੰਦੀ ਸੀ, ਨਿਸ਼ਚਿਤ ਦਿਨ ਚਾਈਂ ਚਾਈਂ ਤਿਆਰ ਹੋ ਗਈ। ਹਸਪਤਾਲ ਪਹੁੰਚੇ ਤਾਂ ਇੱਕ ਤਾਂ ਮਰੀਜ ਵੇਖਵੇਖ ਉਸਦਾ ਦਿਲ ਘਬਰਾ ਰਿਹਾ ਸੀ ਦੂਜੀ ਅਜੀਬ ਜਿਹੀ ਫਿਕਰ ਆਪਣੇ ਪਤੀ ਤੇ ਸੱਸ ਦੇ ਚੇਹਰੇ ਤੇ ਦੇਖ ਉਸਦੀ ਫਿਕਰ ਵੀ ਦੂਣੀ ਹੋ ਰਹੀ ਸੀ। ਫੇਰ ਉਸਦਾ ਪਤੀ ਤੇ ਸੱਸ ਮਹਿੰਦਰ ਕੌਰ ਉੱਠ ਕੇ ਡਾਕਟਰ ਦੇ ਕਮਰੇ ਵਿੱਚ ਚਲੇ ਗਏ, ਇਸ ਦੇ ਨਾਲ ਹੀ ਉਸਦੀ ਫਿਕਰ ਹੋਰ ਵੱਧ ਗਈ ਕਿ ਉਸਨੂੰ ਨਾਲ ਕਿਉਂ ਨਹੀ ਲਿਜਾਇਆ ਗਿਆ ਸੀ। ਅੱਜ ਕਿਸ ਚੀਜ ਦਾ ਟੈਸਟ ਹੈ? ਜੋ ਜਗਤਾਰ ਨੇ ਇੰਨੇ ਪੈਸੇ ਖੀਸੇ ਵਿੱਚ ਪਾਏ ਨੇ।
ਅਜੇ ਏਨਾਂ ਸੋਚਾਂ ਵਿਚ ਹੀ ਉਹ ਗੁੰਮ ਸੀ। ਆਹ ਲਓ, ਭੈਣ ਜੀ। ਆਹ,,ਫਾਰਮ ਭਰੋ, ਕਹਿੰਦਿਆਂ ਨਰਸ ਨੇ ਉਸਦੀ ਸੋਚਾਂ ਦੀ ਲੜੀ ਤੋੜੀ। ਫਾਰਮ,,ਕਾਹਦਾ ਫਾਰਮ ? ਬਸ ਤੁਸੀਂ ਸਾਇਨ ਕਰ ਦਿਓ, ਭੈਣ ਜੀ, ਨਰਸ ਫੇਰ ਬੋਲੀ। ਪਰ ਹੋ ਕੀ ਰਿਹਾ ਹੈ, ਕਿਸ ਚੀਜ ਦਾ ਫਾਰਮ ਹੈ, ਅੱਜ ਅਸੀਂ ਡਾਕਟਰ ਸਾਹਿਬ ਕੋਲ ਕਿਉਂ ਆਏ ਹਾਂ। ਮੈਨੂੰ ਕੁਝ ਤਾਂ ਦੱਸੋ? ਸਰਬਜੀਤ ਦੀ ਫਿਕਰ ਹੋਰ ਵੱਧ ਰਹੀ ਸੀ। ਫੇਰ ਨਰਸ ਬੋਲੀ, ”ਕਿਉਂ ਤੁਹਾਨੂੰ ਨਹੀ ਪਤਾ ? ਤੁਸੀਂ ਕਿਸ ਕੰਮ ਲਈ ਆਏ ਹੋ?” ਨਹੀ ਭੈਣ ਬਿਲਕੁਲ ਨਹੀ, ਮੈਨੁੂੰ ਤਾਂ ਮੇਰੇ ਪਤੀ ਵੈਸੇ ਹੀ ਮੇਰੇ ਤੇ ਮੇਰੇ ਹੋਣ ਵਾਲੇ ਬੱਚੇ ਦੇ ਚੈੱਕ ਅੱਪ ਵਾਸਤੇ ਲਿਆਏ ਨੇ, ਪਹਿਲਾਂ ਵੀ ਅਸੀਂ ਆਉਂਦੇ ਹਾਂ।
ਨਰਸ ਫੇਰ ਬੋਲੀ, ”ਜਾਂ ਤਾਂ ਤੁਸੀਂ ਸੱਚੀਂ ਬਹੁਤ ਭੋਲੇ ਹੋ ਭੈਣ ਜੀ, ਜਾਂ ਫੇਰ ਤੁਸੀਂ ਜਾਣਬੁੱਝ ਕੇ ਭੋਲੇ ਬਣ ਰਹੇ ਹੋ?” ਸਰਬਜੀਤ ਬੋਲੀ, ”ਨਹੀਂ, ਨਹੀਂ, ਭੈਣੇ ਮੈਨੂੰ ਸੱਚੀਂ ਕੁਝ ਨਹੀ ਪਤਾ?,, ਮੇਰੀ ਛੋਟੀ ਭੈਣ ਬਣਕੇ ਦੱਸ ਦੇ ਕਿ ਕੀ ਗੱਲ ਹੈ?” ਹਾ, ਹਏ? ਤੁਹਾਨੂੰ ਜਰਾ ਵੀ ਨਹੀ ਪਤਾ, ਏਥੇ ਲੋਕ ਅਕਸਰ ਆਉਂਦੇ ਨੇ, ਉਹ ਵੀ ਮਾਂਵਾਂ ਦੀ ਰਜਾਮੰਦੀ ਨਾਲ, ਕਈ ਕੇਸ ਹੁੰਦੇ ਨੇ, ਤੁਹਾਡੇ ਪਤੀ ਨੇ ਤੁਹਾਨੂੰ ਕੁਝ ਵੀ ਨਹੀ ਦੱਸਿਆ, ਕਮਾਲ ਹੈ? ਹੁਣ ਸਰਬਜੀਤ ਦੀ ਧੜਕਨ ਤੇ ਫਿਕਰ ਹੱਦਾਂ ਬੰਨੇ ਟੱਪ ਰਹੀ ਸੀ।ਨਰਸ ਫੇਰ ਬੋਲੀ ਤੇ ਅਜੇ ਇੱਕ ਸ਼ਬਦ ਉਸਦੇ ਬੁੱਲਾਂ ਤੇ ਆਇਆ ਹੀ ਸੀ,, ”ਅਬੋਰਸ਼ਨ” ਏਹ ਸੁਣਦਿਆਂ ਹੀ ਸਰਬਜੀਤ ਦਾ ਦਿਲ ਕੰਭ ਗਿਆ, ਧਰਤੀ ਪੈਰਾਂ ਹੇਠੋਂ ਨਿਕਲ ਗਈ, ਇੱਕ ਚੱਕਰ ਜਿਹੀ ਆਇਆ ਤੇ ਉਹ ਨਰਸ ਦਾ ਹੱਥ ਘੁੱਟਦੀ ਲੰਬੇ ਸਾਹ ਲੈਣ ਲੱਗ ਗਈ, ਮੂੰਹ ਵਿਚੋਂ ਅਚਾਨਕ ਸ਼ਬਦ ਨਿਕਲਿਆ, ”ਏਨਾ ਵੱਡਾ ਪਾਪ, ਕਤਲ,,,ਇਹ ਕਤਲ ਹੈ,,ਨਿਰਾ ਕਤਲ ਹੈ? ਮੈਂ ਇਹ ਕਦੀ ਨਹੀ ਹੋਣ ਦਿਆਂਗੀ।”
ਕਾਹਲੀ-ਕਾਹਲੀ ਉਹ ਡਾਕਟਰ ਦੇ ਕਮਰੇ ਵਿਚ ਗਈ ਜਿੱਥੇ ਉਸਦੀ ਸੱਸ ਤੇ ਪਤੀ ਜਗਤਾਰ ਡਾਕਟਰ ਸਾਮਣੇ ਬੈਠੇ ਸਨ ਤੇ ਗੱਲਾਂ ਕਰ ਰਹੇ ਸਨ। ਤਿੰਨਾਂ ਨੂੰ ਦੇਖਦੇ ਹੀ ਸਰਬਜੀਤ ਇੱਕੋ ਸਾਹੇ ਕਈ ਕੁਝ ਬੋਲ ਗਈ, ”ਸ਼ਰਮ ਕਰੋ ਕੁਝ, ਪਾਪੀ ਹੋ ਤੁਸੀਂ ਸਭ, ਕਾਤਿਲ ਹੋ ਅਣਜੰਮੀਆਂ ਧੀਆਂ ਦੇ, ਇਹ ਕਤਲਗਾਹ ਹੈ, ਸਿਰਫ ਕਤਲਗਾਹ, ਮੈy ਆਪਣੇ ਬੱਚੇ ਦਾ ਕਤਲ ਨਹੀ ਹੋਣ ਦਿਆਂਗੀ।” ਮੰਮੀ ਜੀ ਕਹਿਣ ਨੂੰ ਤਾਂ ਤੁਸੀਂ ਵੀ ਇੱਕ ਮਾਂ ਹੋ, ਜਰਾ ਮੇਰੀ ਥਾਂ ਲੈ ਕੇ ਸੋਚੋ, ਤੁਹਾਡੇ ਔਲਾਦ ਨੂੰ ਕੋਈ ਕੁੱਖ ਵਿਚ ਮਾਰ ਦਿੰਦਾ ਤਾਂ ਕਿ ਤੁਸੀਂ ਇਹ ਸਭ ਹੋਣ ਦਿੰਦੇ, ਤੁyਸੀਂ ਵੀ ਇੱਕ ਧੀ, ਇੱਕ ਬੇਟੀ ਬਣੇ ਸੀ ਜੇ ਤੁਹਾਡੀ ਮਾਂ ਤੁਹਾਨੂੰ ਇਦਾਂ ਹੀ,,,,।”, ”ਨਹੀਂ ਅਜਿਹਾ ਤੁਸੀਂ ਕਦੀ ਨਾ ਹੋਣ ਦਿੰਦੇ, ਤੁਸੀਂ ਮਾਂ ਨਹੀ ਹੋ, ਇੱਕ ਕਾਤਲ ਹੋ,,ਕਾਤਲ ਹੋ, ਉਸਦੀਆਂ ਅੱਖਾਂ ਗੁੱਸੇ ਵਿੱਲ ਲਾਲ ਸਨ ਤੇ ਹੰਝੂ ਤੇ ਹੌਕਿਆਂ ਦਾ ਸੈਲਾਬ ਹੱਦਾਂ ਬੰਨੇ ਤੋੜ ਰਿਹਾ ਸੀ, ਜਗਤਾਰ ਸਿੰਘ ਜੀ ਤੁਸੀਂ, ”ਤੁਸੀਂ ਇਸ ਕਤਲ ਦੇ ਮੁੱਖ ਦੋਸ਼ੀ ਹੋ, ਉਨਾਂ ਨੂੰ ਪੁੱਛ ਕੇ ਵੇਖੋ ਜਿਨਾਂ ਦੇ ਔਲਾਦਾਂ ਨਹੀ ਹੁੰਦੀਆਂ, ਕੀ ਹਾਲ ਹੁੰਦਾ ਹੈ ਉਨਾਂ ਦਾ, ਤੁਹਾਡੀ ਸੋਚ ਕਿਉਂ ਖੜ ਗਈ ਹੈ, ਮੁੰਡੇ ਕੁੜੀ ਵਿਚ ਕੋਈ ਫਰਕ ਨੀ ਅੱਜ, ਅੱਜ ਧੀਆਂ ਕਿਤੇ ਵੀ ਘੱਟ ਨਹੀ ਪੁੱਤਾਂ ਤੋਂ, ਪੁੱਤ ਕਪੁੱਤ ਹੋ ਜਾਂਦੇ ਨੇ, ਪਰ ਧੀਆਂ ਕਦੇ ਵੀ ਪਿੱਛੇ ਨਹੀ ਹੱਟਦੀਆਂ, ਏਨਾਂ ਠੰਡੀਆਂ ਛਾਵਾਂ ਹੁੰਦੀਆਂ ਨੇ,,ਕਿਉਂ ਨੀ ਸਮਝੇ ਤੁਸੀਂ,, ”ਤੇ ਡਾਕਟਰ ਸਾਹਿਬਾ ਤੁਸੀਂ, ”ਤੁਹਾਨੂੰ ਸਾਰੇ ਰੱਬ ਰੂਪ ਮੰਨਦੇ ਨੇ, ਲੋਕਾਂ ਨੂੰ ਜਿੰਦਗੀ ਦੇਂਦੇ ਹੋ, ਬੱਚਿਆਂ ਨੂੰ ਦੁਨੀਆਂ ਦਿਖਾਉਂਦੇ ਹੋ, ਮੇਰੀ ਜਗਾ ਲੈ ਕੇ ਦੇਖੋ, ਤੁਹਾਨੂੰ ਕੋਈ ਗਰਭ ਵਿਚ ਕਤਲ ਕਰ ਦੇਂਦਾਂ ਤਾਂ ਕਿ ਤੁਸੀਂ ਏਹ ਦੁਨੀਆਂ ਦੇਖ ਪਾਉਂਦੇ, ਕੀ ਤਸੀਂ ਇੱਕ ਧੀ, ਇੱਕ ਬੇਟੀ, ਇੱਕ ਮਾਂ ਨਹੀ ਬਣੇ, ਸ਼ਰਮ ਆਉਂਦੀ ਹੈ, ਤੁਹਾਨੂੰ ਡਾਕਟਰ ਕਹਿੰਦੇ, ਤੁਸੀਂ ਜਲਾਦ ਹੋ, ਜਲਾਦ,,,ਇਹ ਤੁਹਾਡਾ ਕਲੀਨਿਕ, ਇਹ ਜਿੰਦਗੀ ਦੇਣ ਵਾਲੀ ਥਾਂ ਨਹੀ, ਇੱਕ ਕਤਲਗਾਹ ਹੈ, ਪਤਾ ਨਹੀ ਕਿੰਨੀਆਂ ਮਾਸੂਮ ਜਿੰਦਾਂ ਨੁੂੰ ਤਸੀਂ ਕਤਲ ਕੀਤਾ, ਤੁਹਾਨੂੰ ਕਿਸੇ ਜਹਾਨ ਵਿੱਚ ਮਾਫੀ ਨਹੀ ਮਿਲੇਗੀ,,ਰੱਬ ਤੁਹਾਨੂੰ ਕਦੀ ਮਾਫ ਨੀ ਕਰੇਗਾ,,ਕਦੀ ਵੀ ਨਹੀ,,”
ਸਰਬਜੀਤ ਰੋਂਦੀ ਡਿੱਗਦੀ, ਢਹਿੰਦੀ ਕਲੀਨਿਕ ਚੋਂ ਨਿਕਲ ਕੇ, ਘਰ ਪਰਤਨ ਲਈ ਟੈਂਪੂ ਵਿਚ ਜਾ ਬੈਠ ਗਈ ਸੀ,, ਤੇ    ਸਰਬਜੀਤ ਦੀ ਸੱਸ, ਪਤੀ ਤੇ ਡਾਕਟਰ ਸਾਹਿਬਾ ਦੋਸ਼ੀ ਤੇ ਮੂਕ ਦਰਸ਼ਕ ਬਣਕੇ, ਨਜਰ ਝੁਕਾ ਕੇ ਖੜੇ ਸਨ ਜਿਵੇਂ ਕਿਸੇ ਅਦਾਲਤ ਨੇ ਉਨਾਂ ਨੁੂੰ ਲੰਬੀ ਸਜਾ ਸੁਣਾਈ ਹੋਵੇ,, ਕਤਲ ਦੀ ਸਜਾ,,।
-ਗੁਰਬਾਜ ਸਿੰਘ, ਤਰਨ ਤਾਰਨ, ਪੰਜਾਬ, ਮੋਬਾ:8837644027, ਵਟਸਐਪ 9872334944
Share on Google Plus

About Jaswinder Azad

    Blogger Comment
    Facebook Comment

0 comments:

Post a Comment