ਇੱਛਾ

ਦੀਵਾ ਬਾਲਾਂ ਸੱਧਰਾਂ ਦਾ
ਤੇ ਆਪਣੀ ਕਬਰੀਂ ਆਪ ਧਰਾਂ
ਐਸਾ ਉੱਚਾ ਸੁੱਚਾ ਕਾਰਜ
ਕਿਉਂ ਨਾ ਹੱਥੀਂ ਆਪ ਕਰਾਂ ?
ਖੌਰੇ ਮਰਿਆਂ ਪਿੱਛੋਂ ਤੱਤੜੀ ਨੂੰ
ਕੋਈ ਕਿੰਜ ਯਾਦ ਕਰੇ
ਸੋਚ ਸੋਚ ਕੇ ਆਖ਼ਿਰ ਇਹ ਗੱਲ
ਕਿਉਂ ਮੈਂ ਜਿਉਂਦੇ ਜੀ ਮਰਾਂ ?
ਹੋਸ਼ ਸੰਭਾਲੀ ਤੱਕਿਆ ਬਾਬੁਲ
ਦਾ ਵਿਹੜਾ ਸੁਰਗੋਂ ਸੋਹਣਾ
ਛੱਡ ਬਾਬੁਲ ਦਾ ਵਿਹੜਾ
ਨਰਕੀ ਦੁਨੀਆਂ ਦੇ ਵਿੱਚ ਨਿੱਤ ਮਰਾਂ
ਆਖ਼ਿਰ ਕਦ ਤੱਕ ਭੇਦ ਅਭੇਦ
ਦੀ ਗੁੰਝਲ ਦੇ ਵਿੱਚ ਉਲਝੀ ਰਹਾਂ
ਜੀ ਕਰਦੈ ਹੁਣ ਫੜ ਕੇ ਨਾਮ ਦੀ
ਕਿਸ਼ਤੀ ਭਵ ਸਾਗਰ ਮੈਂ ਤਰਾਂ
ਨ੍ਹੇਰੀ ਦੁਨੀਆਂ ਦੇ ਵਿੱਚ ਝੂਠ
ਪਖੰਡ ਦੇ ਠੇਡੇ ਖਾਵਾਂ ਕਿਉਂ
ਸੱਚ ਖੰਡ ਦੀ ਜੋਤ ਜਗਾਵਾਂ
ਨ੍ਹੇਰਾ ਮਨ ਦਾ ਦੂਰ ਕਰਾਂ।
-ਅੰਜੂ ਵ ਰੱਤੀ

Leave a Reply