ਨਾਰੀ ਅੰਦਰਲਾ ਸੱਚ

ਨਾਰੀ ਅੰਦਰਲਾ ਮਾਨਵੀ ਗੌਰਵ ਪਰਿਵਾਰਕ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਬਨਾਵਟੀ ਰੋਸ਼ਨੀਆਂ ਅਤੇ ਸੰਕਟਮਈ ਹਨੇਰਿਆਂ ਤੋਂ ਬਚਾਉਂਦਾ ਹੋਇਆ ਨਵੇਂ ਦਿਸਹੱਦਿਆਂ ਵੱਲ਼ ਵੱਧਣ ਦੀ ਪ੍ਰੇਰਨਾ ਦਿੰਦਾ ਹੈ। ਔਰਤ ਦਾ ਪਿਆਰ ਘਰ ਨੂੰ ਪੁੰਨਿਆ ਦੇ ਚੰਨ ਵਰਗੀ ਠੰਢਕ ਦਿੰਦਾ ਹੋਇਆ ਇਹ ਅਹਿਸਾਸ ਕਰਾਉਂਦਾ ਹੈ ਕਿ ਚੰਗੇਰੇ ਜੀਵਨ ਲਈ ਰਿਸ਼ਤਿਆਂ ਦੇ ਨਿੱਘੇ ਮਣਕੇ ਹੀ ਸਹੀ ਰਸਤਾ ਵਿਖਾ ਸਕਣ ਵਿੱਚ ਸਹਾਈ ਹੁੰਦੇ ਹਨ। ਜੀਵਨ ਦੇ ਬਹੁਰੰਗੀ ‌ਸੁਯੋਗ ਪਾਰ ਕਰਕੇ , ਘਰ‌ ਨੂੰ ਬੁਣਦੀ,ਘੜਦੀ ਹੋਈ ਉਮਰ ਦੇ ਉਸ ਪੜਾਅ ਤੇ ਪਹੁੰਚ ਜਾਂਦੀ ਹੈ ਕਿ ਉਸਦਾ ਚਿਹਰਾ-ਮੁਹਰਾ ਭਾਵੇਂ ਬਦਲ ਜਾਂਦਾ ਹੈ ਪਰ ਨੀਅਤ ਅਤੇ ਮਿਹਰਬਾਨੀ ਵਿੱਚ ਰੱਤੀ ਭਰ ਫ਼ਰਕ ਨਹੀਂ ਆਉਂਦਾ। ਵਿਚਾਰਾਂ ਦੇ ਦਰਵਾਜ਼ੇ ਹਮੇਸ਼ਾ ਖੁਲਦਿਲੀ ਨਾਲ ਖੋਲਦੀ ਹੋਈ ਤਜ਼ਰਬੇ ਅਤੇ ਸੂਝ-ਬੂਝ ਦੇ ਨਿੱਤ ਨਵੇਂ ਪ੍ਰਮਾਣ ਉਜਾਗਰ ਕਰਦੀ ਹੈ। ਉਮਰ ‌ ਵੱਧਣ ਨਾਲ ਹੰਢਣਸਾਰ ਫੈਸਲੇ ਕਰਨੇ ਅਤੇ ਆਪਣੀਆਂ ਦਿਲਚਸਪੀਆਂ ਦੇ ਘੇਰੇ ਨੂੰ ਚੜ੍ਹਦੇ ਸੂਰਜ ਦੀ ਲਾਲੀ ਵਾਂਗ ਲਿਸ਼ਕਦਾ ਰੱਖਣਾ ਹੀ ਜ਼ਿੰਦਗੀ ਭਰ ਉਸਨੂੰ ਮਰਦ ਤੋਂ ਅੱਗੇ ਰੱਖਦਾ ਹੈ। ਨਾਰੀ ਸਭ ਤੋਂ ਨਿਆਰੀ ਰਿਸ਼ਤਿਆਂ ਦੀਆਂ ਸਾਂਝਾਂ ਦਾ ਨਿੱਘ ਮਾਣਦੀ ਆਪਣੇ ਹੁਨਰ ਵਿੱਚ ਨਿਪੁੰਨਤਾ ਹਾਸਲ ਕਰ ਲੈਂਦੀ ਹੈ ਤੇ ਲੋੜ ਪੈਣ ਤੇ ਤੂੜੀ ਦੇ ਢੇਰ ਵਿਚੋਂ ਸੂਈ ਲੱਭਣ ਦੇ ਯਤਨ ਵੀ ਕਰਦੀ ਹੈ। ਤਾਰੇ ਸਿਰਫ਼ ਰਾਤ‌ ਵੇਲੇ ਚੰਦਰਮਾ ਦੀ ਰਾਖੀ ਕਰਦੇ ਹਨ ਪਰ ਨਾਰੀ ਦੇ ਪ੍ਰਾਣ ਉਸਦੇ ਵਹਾਓ‌ ਵਿੱਚ ਹੁੰਦੇ ਹਨ ਜੋਂ ਸੁਆਸ-ਸੁਆਸ ਆਪਣੇ ਕੁਨਬੇ ਦੀ ਰਖਿਆ ਕਰਦੇ ਹਨ।ਲੋੜ ਪੈਣ ਤੇ ਉਹ ਇਹ ਵੀ ਸਾਬਤ ਕਰਨ ਤੋਂ ਨਹੀਂ ਝਿਜਕਦੀ ਕਿ ਟੁੱਟਣ ਨਾਲੋਂ ਝੁਕਣਾ ਸਿਆਣਪ ਦੀ ਨਿਸ਼ਾਨੀ ਹੈ। ਸਮੇਂ ਦੀਆਂ ਚਣੌਤੀਆਂ ਸਵੀਕਾਰ ਕਰਦੀ,ਧੀਮੇ ਬੋਲ ਬੋਲਦੀ ਤੇ ਅੱਖਾਂ ਦੀ ਮਲੂਕ ਤੱਕਣੀ ਨਾਲ ਹਰ ਆਮ-ਖਾਸ ਤੇ ਆਪਣੀ ਛਾਪ ਛੱਡਣ ਦੀ ਇਖਲਾਕੀ ਸ਼ਕਤੀ ਦਾ ਸੰਕੇਤ ਦਿੰਦੀ ਕੁੱਜੇ ਵਿੱਚ ਸਮੁੰਦਰ ਬਣ ਜਾਂਦੀ ਹੈ। ਹਾਂ ਮੈਂ ਉਸ ਨਾਰੀ ਦੀ ਗੱਲ ਕਰ ਰਹੀ ਹਾਂ ਜਿਸ ਦੀ ਸ਼ਕਤੀ ਵੇਦ-ਗ੍ਰੰਥਾਂ ਨੇ ਵੀ ਬਾਖੂਬੀ ਸਵੀਕਾਰ ਕੀਤੀ ਹੈ।ਨਾਰੀ ਇਹ ਸਿੱਧ ਕਰਨ ਵਿੱਚ ਕੁੱਝ ਹੱਦ ਤੱਕ ਸਫ਼ਲ ਰਹੀ ਹੈ ਕਿ ਦੁਸ਼ਮਣ ਦਾ ਸਰੀਰ ਨਹੀਂ,ਉਸਦਾ ਮਨ ਹਰਾਇਆ ਜਾਂਦਾ ਹੈ। ਨਾਰੀ ਕੁਦਰਤ ਦਾ ਉਹ ਪੁਨੀਤ ਰੂਪ ਹੈ ਜਿਸ ਨੂੰ ਤੱਕਣ ਲਈ ਕਈ ਵਾਰ ਅੱਖਾਂ ਨੂੰ ਬੰਦ ਕਰਨਾ ਜ਼ਰੂਰੀ ਹੋ ਜਾਂਦਾ ਹੈ। ਹੁਣ ਨਵਾਂ ਦਿਨ ਚੜ੍ਹ ਆਇਆ ਹੈ ਤੇ ਮਰਦ ਨੂੰ ਹੁਣ ਇਹ ਸਮਝਣ ਵਿੱਚ ਦੇਰ ਨਹੀਂ ਲਾਉਣੀ ਚਾਹੀਦੀ ਕਿ ਨਾਰੀ ਧਰਤੀ ਦਾ ਦੂਜਾ ਰੂਪ ਹੈ ਜੋਂ ਪੁੱਠੇ ਬੀਜ ਨੂੰ ਵੀ ਸਿੱਧਾ ਸਵੀਕਾਰ ਕਰ ਲੈਣ ਵਿੱਚ ਮਾਣ ਮਹਿਸੂਸ ਕਰਦੀ ਹੈ।ਘਰ-ਪਰਿਵਾਰ ਪ੍ਰਤੀ ਉਂਚੀ ਸਿਖਰ ਨੂੰ ਤੱਕਦੇ ਹੋਏ ਮਰਦ ਨੂੰ ਔਰਤ ਪ੍ਰਤੀ ਸਤਿਕਾਰ , ਪਿਆਰ ਅਤੇ ਦੁਲਾਰ ਦਾ ਪ੍ਰਤੀਭਾਗੀ ਬਣਾਉਣਾ ਚਾਹੀਦਾ ਹੈ। ਡੂੰਘੀ ਖ਼ੁਸ਼ਹਾਲ ਅਤੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਸੰਸਾਰ ਦੀ ਸਭ ਤੋਂ ਮਹਿੰਗੀ ਵਸਤੂ ਧੰਨਵਾਦ ਦਾ ਹੁਲਾਰਾ ਹੈ, ਜਿਸ ਦੀ ਅਸਲ ਹੱਕਦਾਰ ਨਾਰੀ ਹੈ। ਨਾਰੀ ਅੰਦਰਲਾ ਸੱਚ ਤਾਂ ਇਹੀ ਹੋਕਾ ਦਿੰਦਾ ਹੈ ਕਿ ਜੇ ਪੁਰਸ਼ ਦੀ ਹਉਮੇ ਜ਼ਖ਼ਮੀ ਨਾ ਹੋਵੇ ਤਾਂ ਜੀਵਨ ਦੇ ਸੁਪਨਿਆਂ ਦੀਆਂ ਨੀਹਾਂ, ਔਰਤ ਅਤੇ ਮਰਦ ਰਲ਼ਕੇ ਰੱਖਣ ਅਤੇ ਆਪਣੇ ਅਕਸ ਨੂੰ ਪਿਆਰ ਵਿੱਚ ਰੰਗ ਲੈਣ। ‌
-ਡਾ਼ ਬਲਜੀਤ ਕੌਰ (ਸਟੇਟ ਐਵਾਰਡੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੰਜੇੜੀ, ਐੱਸ ਏ ਐੱਸ ਨਗਰ ਮੋਹਾਲੀ, 9876252594

Leave a Reply