ਬੇਟੀਆਂ

ਬਚਪਣ ਦੀਆਂ ਹਠਖੇਲੀਆਂ, ਮਾਪਿਆਂ ਦਾ ਦੁਲਾਰ,
ਭੈਣ ਭਰਾਵਾਂ ਦਾ ਪਿਆਰ ਲੈ, ਵੱਡੀਆਂ ਹੁੰਦੀਆਂ ਨੇ ਬੇਟੀਆਂ।
ਪੜ੍ਹਦੀਆਂ ਲਿਖਦੀਆਂ, ਮਾਂ ਦਾ ਹੱਥ ਵਟਾਉਂਦੀਆਂ,
ਵਿਹੜੇ ਦੀ ਰੌਣਕ ਬਣ ਜਾਂਦੀਆਂ ਨੇ ਬੇਟੀਆਂ।
ਜਵਾਨ ਹੁੰਦਿਆਂ ਹੀ, ਚੰਬੇ ਦੀਆਂ ਇਹ ਚਿੜੀਆਂ,
ਬਾਪ ਦਾ ਵਿਹੜਾ ਛੱਡ, ਕਿਸੇ ਅਣਜਾਣ ਵਿਹੜੇ ਦਾ
ਸ਼ਿੰਗਾਰ ਬਣਦੀਆਂ ਨੇ ਬੇਟੀਆਂ।
ਧੀਆਂ ਤਾਂ ਰਾਜਿਆਂ ਰਾਣਿਆਂ ਵੀ ਘਰ ਨਹੀ ਰੱਖੀਆਂ ,
ਏਸੇ ਦਸਤੂਰ ਦੀਆਂ ਬੱਝੀਆਂ, ਟੁਰ ਪੈਂਦੀਆਂ ਨੇ ਬੇਟੀਆਂ।
ਟੁਰਨ ਵੇਲੇ ਜੋ ਹੰਝੂ ਤੇ ਹਉਕੇ ਨਿਕਲਦੇ ਨੇ, ਉਹਨਾਂ
ਹੌਕਿਆਂ ਨਾਲ ,ਘਰ ਦੀਆਂ ਕੰਧਾਂ ਹਿਲਾਅ ਜਾਂਦੀਆਂ ਨੇ ਬੇਟੀਆਂ।
ਇਸ ਨਵੇਂ ਮਿਲੇ ਆਹਲਣੇ ਨੂੰ ਸਜਾਉਂਦੀਆਂ, ਸੰਵਾਰਦੀਆਂ,
ਪਤੀ ਦੀ ਹਮਸਫਰ ਬਣ, ਆਪਣਾ ਪਰੀਵਾਰ ਬਨਾਉਂਦੀਆਂ ਨੇ ਬੇਟੀਆਂ।
ਰੱਬਾ ਤੂੰ ਵੀ ਕਿੰਨੀਆਂ ਅਜੀਬ ਬਨਾਈਆਂ ਨੇ ਬੇਟੀਆਂ।
ਪਿਆਰ, ਕੁਰਬਾਨੀ ਤੇ ਮਮਤਾ ਦੀ ਮੂਰਤ ਬਣ,
ਆਪਣੀਆਂ ਸਾਰੀਆਂ ਖੁਸ਼ੀਆਂ ਲੁਟਾਅ ਦੇਂਦੀਆਂ ਨੇ ਬੇਟੀਆਂ।
ਜੇ ਸਮਾਜ ਦੀਆਂ ਸਿਰਜਕ, ਤਿਆਗ ਦੀ ਮੂਰਤ ਤੇ ਘਰ ਦੀ ਰੌਣਕ ਹੁੰਦੀਆਂ ਨੇ ਬੇਟੀਆਂ
ਤਾਂ ਕਿਉਂ? ਕਿਤੇ ਹਵਸ ਦਾ ਸ਼ਿਕਾਰ,
ਕਿਤੇ ਦਾਜ ਦੀ ਬਲੀ ਤੇ ਕਿਤੇ ਕੁੱਖ ਵਿੱਚ ਹੀ ਮਾਰ ਦਿੱਤੀਆਂ ਜਾਂਦੀਆਂ ਨੇ ਬੇਟੀਆਂ।
-ਬਲਵੰਤ ਕੌਰ ਛਾਬੜਾ, ਕੈਨੇਡਾ

Leave a Reply