ਦੂਸਰੀ ਕੌਮੀ ਕਾਨਫਰੰਸ ਵਿੱਚ ਦੇਸ਼ ਭਰ ਤੋਂ ਪੁੱਜੇ ਆਗੂਆਂ ਨੇ ਲਿਆ ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਸਥਾਪਤੀ ਤੱਕ ਸੰਘਰਸ਼ ਦਾ ਪ੍ਰਣ

ਹਰ ਸਾਲ ਹੋ ਰਹੀਆਂ 96000 ਪੁਰਸ਼ਾਂ ਦੀਆਂ ਖੁਦਕੁਸ਼ੀਆਂ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ-ਜੋਗੀ
ਜਲੰਧਰ 26 ਨਵੰਬਰ (ਜਸਵਿੰਦਰ ਆਜ਼ਾਦ)- ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਸਥਾਪਤੀ ਦੀ ਮੰਗ ਨੂੰ ਲੈ ਕੇ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਵੱਲੋਂ ਆਯੋਜਿਤ ਸਥਾਨਕ ਰੈੱਡਕਰਾਸ ਭਵਨ ਵਿਖੇ ਦੂਜੀ ਰਾਸ਼ਟਰੀ ਕਾਨਫਰੰਸ ਵਿੱਚ ਦੇਸ਼ ਭਰ ਤੋਂ ਸੈਂਕੜੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਦਾ ਮੁੱਖ ਮੰਤਵ ਦੇਸ਼ ਵਿੱਚ ਕੌਮੀ ਅਤੇ ਸੂਬੇ ਪੱਧਰ ‘ਤੇ ਪੁਰਸ਼ ਕਮਿਸ਼ਨ ਦੀ ਸਥਾਪਨਾ ਲਈ ਲੋਕ ਲਹਿਰ ਉਸਾਰਨਾ ਸੀ। ਇਸ ਕਾਨਫਰੰਸ ਦੀ ਸ਼ੁਰੂਆਤ ਦੀਪਿਕਾ ਨਰਾਇਣ ਭਾਰਦਵਾਜ ਵੱਲੋਂ ਦਹੇਜ ਕਾਨੂੰਨ ਦੇ ਅੱਤਵਾਦ ਨੂੰ ਦਰਸਾਉਂਦੀ ਅਤੇ ਹੁਣ ਤੱਕ ਇਸ ਕਾਨੂੰਨੀ ਅੱਤਵਾਦ ਕਾਰਨ ਹੋਈਆਂ ਲੱਖਾਂ ਖੁਦਕਸ਼ੀਆਂ ਦੇ ਖੌਫਨਾਕ ਮੰਜਰ ਨੂੰ ਦਰਸਾਉਂਦੀ ਹੋਈ ਅਤਿ ਸੰਵੇਦਨਸ਼ੀਲ ਡਾਕੂਮੈਂਟਰੀ ਫਿਲਮ ‘ਮਾਰਟੀਅਰ ਆਫ ਮੈਰਿਜ’ ਦੀ ਸਕਰੀਨਿੰਗ ਤੋਂ ਹੋਈ।
ਪਿਛਲੇ ਦੋ ਦਹਾਕੇ ਤੋਂ ਪਤੀ ਪਰਿਵਾਰਾਂ ਉਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਸੰਘਰਸ਼ਸ਼ੀਲ ਜਥੇਬੰਦੀ ‘ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ’ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਇਹ ਇੱਕ ਤਰਫਾ ਕਾਨੂੰਨ ਸਾਡੇ ਅਮੀਰ ਵਿਰਸੇ, ਸਾਂਝੇ ਪਰਿਵਾਰਕ ਤਾਣੇ ਬਾਣੇ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਘਾਣ ਕਰ ਰਹੇ ਹਨ। ਇਥੋਂ ਤੱਕ ਕਿ ਇਨਾਂ ਮਾਰੂ ਕਾਨੂੰਨਾਂ ਦਾ ਸ਼ਿਕਾਰ ਜਿਥੇ ਆਮ ਆਦਮੀ ਹੋ ਰਿਹਾ ਹੈ, ਉਥੇ ਜੱਜ, ਆਈ.ਏ.ਐਸ., ਆਈ.ਪੀ.ਐਸ., ਵਕੀਲ, ਡਾਕਟਰ, ਅਧਿਆਤਮਿਕ ਆਗੂ ਅਤੇ ਹੋਰ ਉੱਚ ਅਹੁਦਿਆਂ ‘ਤੇ ਤਾਇਨਾਤ ਲੋਕਾਂ ਨੂੰ ਇਨਸਾਫ ਦੇਣ ਵਾਲੇ ਅਧਿਕਾਰੀ ਵੀ ਖੁਦਕੁਸ਼ੀਆਂ ਕਰ ਰਹੇ ਹਨ। ਉਸ ਦੇਸ਼ ਦੇ ਜ਼ਾਲਮ ਨਿਜ਼ਾਮ ਵਿੱਚ ਇੱਕ ਆਮ ਆਦਮੀ ਦੀ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਹੈ, ਜਿਸ ਕਾਰਨ ਹਰ ਸਾਲ 96000 ਨਿਰਦੋਸ਼ ਆਦਮੀ ਬੇਬਸੀ ਅਤੇ ਲਾਚਾਰੀ ਦੇ ਆਲਮ ਵਿੱਚ ਆਪਣੀਆਂ ਜ਼ਿੰਦਗੀਆਂ ਆਪਣੇ ਹੱਥੀਂ ਖਤਮ ਕਰ ਰਹੇ ਹਨ। ਅਜੋਕੇ ਲੋਕਤੰਤਰੀ ਨਿਜ਼ਾਮ ਵਿੱਚ ਆਦਮੀ/ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਜ਼ਿੰਦਗੀਆਂ ਨਰਕ ਤੋਂ ਬਦਤਰ ਹੋ ਚੁੱਕੀਆਂ ਹਨ ਅਤੇ ਸਰਕਾਰ ਵੱਲੋਂ ਕੋਈ ਵੀ ਐਸਾ ਪਲੇਟਫਾਰਮ ਨਹੀਂ, ਜਿਥੇ ਜਾ ਕੇ ਉਹ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ, ਬਲੈਕ ਮੇਲਿੰਗ ਦੀ ਪੀੜਾ/ਵੇਦਨਾ ਸੁਣਾ ਸਕਣ।
ਰਾਸ਼ਟਰੀ ਪੱਧਰ ਉੱਤੇ ਹੋਈ ਇਸ ਕਾਨਫਰੰਸ ਦਾ ਮੰਤਵ ਜਿਥੇ ਪੁਰਸ਼ ਕਮਿਸ਼ਨ ਦੀ ਕੇਂਦਰੀ ਅਤੇ ਰਾਜ ਪੱਧਰ ਉਤੇ ਸਥਾਪਨਾ ਕਰਨਾ ਸੀ ਉਥੇ ਇਨਾਂ ਅਣਮਨੁੱਖੀ ਕਾਨੂੰਨਾਂ ਵਿੱਚ ਵੀ ਕ੍ਰਾਂਤੀਕਾਰੀ ਸੋਧਾਂ ਬਾਰੇ ਵਿਚਾਰਾਂ ਹੋਈਆਂ।
ਇਸ ਮੌਕੇ ਦੇਸ਼ ਭਰ ਤੋਂ ਪੁੱਜੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਰਜਿੰਦਰ ਬੇਰੀ ਵਿਧਾਇਕ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਦਹੇਜ, ਛੇੜਖਾਨੀ, ਰੇਪ ਐਕਟ ਅਤੇ ਅਜਿਹੇ ਹੋਰ ਇੱਕਤਰਫਾ ਕਾਨੂੰਨਾਂ ਦੀ ਦੁਰਵਰਤੋਂ ਵੱਡੇ ਪੱਧਰ ਉੱਤੇ ਹੁੰਦੀ ਰਹੀ ਹੈ, ਜਿਸ ਕਾਰਨ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰ ਸੰਤਾਪ ਭੋਗ ਰਹੇ ਹਨ। ਉਨਾਂ ਕਿਹਾ ਕਿ ਹਰ ਸਾਲ ਨਿਰਦੋਸ਼ ਲੋਕਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਇੱਕ ਸਭਿਅਕ ਸਮਾਜ ਵਾਸਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨਾਂ ਇਹ ਵੀ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਸਾਡੀ ਸਾਂਝੀ ਪਰਿਵਾਰਕ ਪ੍ਰਣਾਲੀ ਤਬਾਹੀ ਦੇ ਕੰਢੇ ਤੇ ਖੜੀ ਹੈ। ਬਜ਼ੁਰਗ ਬਿਰਧ ਆਸ਼ਰਮਾਂ ਵਿੱਚ ਰੁੱਲ ਰਹੇ ਹਨ। ਉਨਾਂ ਜਥੇਬੰਦੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਦੇਸ਼ ਭਰ ਵਿੱਚ ਬਣੀਆਂ ਇਹ ਜਥੇਬੰਦੀਆਂ ਇੱਕ ਜੁੱਟ ਹੋ ਕੇ ਬਿਖਰ ਰਹੇ ਸਮਾਜ ਨੂੰ ਇੱਕ ਜੁੱਟ ਹੋ ਕੇ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੀਆਂ। ਉਨਾਂ ਸਮੂਹ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਰਾਸ਼ਟਰੀ ਪੁਰਸ਼ ਆਯੋਗ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਜੇ ਬਾਕੀ ਸਭ ਵਰਗਾਂ ਦੀ ਬੇਹਤਰੀ ਲਈ ਕਮਿਸ਼ਨ ਹੋ ਸਕਦੇ ਹਨ ਤਾਂ ਦੇਸ਼ ਦੀ ਅੱਧੀ ਆਬਾਦੀ ਅਤੇ ਰੀੜ ਦੀ ਹੱਡੀ ਪੁਰਸ਼ ਵਰਗ ਵਾਸਤੇ ਕਿਉਂ ਨਹੀਂ?
ਇਸ ਮੌਕੇ ਜਥੇਬੰਦੀ ਪ੍ਰਧਾਨ ਸ ਜੋਗਿੰਦਰ ਸਿੰਘ ਜੋਗੀ ਨੇ ਕਿਹਾ ਕਿ ਜੇ ਔਰਤਾਂ ਵਾਸਤੇ, ਬੱਚਿਆਂ ਵਾਸਤੇ, ਰੁੱਖਾਂ ਵਾਸਤੇ, ਕੁਦਰਤੀ ਸੋਮਿਆਂ ਵਾਸਤੇ, ਜਾਨਵਰਾਂ ਵਾਸਤੇ ਜਾਂ ਹੋਰ ਵੱਖ-ਵੱਖ ਕਮਿਸ਼ਨ ਹੋ ਸਕਦੇ ਹਨ ਤਾਂ ਪੁਰਸ਼ ਕਮਿਸ਼ਨ ਦੀ ਸਥਾਪਤੀ ਕਿਉਂ ਨਹੀਂ…? ਅਤੇ ਪੁਰਸ਼ ਕਮਿਸ਼ਨ ਦੀ ਸਥਾਪਤੀ ਦਾ ਵਿਰੋਧ ਕਰਨ ਵਾਲੇ ਸੰਵਿਧਾਨ ਵੱਲੋਂ ਹਰ ਇਨਸਾਨ ਨੂੰ ਦਿੱਤੇ ਬਰਾਬਰੀ ਦੇ ਦਰਜੇ ਦੀ ਖੁੱਲੇਆਮ ਵਿਰੋਧਤਾ ਕਰਕੇ ਸੰਵਿਧਾਨ ਨੂੰ ਹੀ ਚੈਲਿੰਜ ਕਰ ਰਹੇ ਹਾਂ, ਉਨਾਂ ਕਿਹਾ ਕਿ ਜੇ ਦਹੇਜ ਲੈਣ ਵਾਲਾ ਸਜਾ ਦਾ ਪਾਤਰ ਹੈ ਤਾਂ ਕਾਨੂੰਨ ਮੁਤਾਬਿਕ ਦਹੇਜ ਵਾਲਾ ਵੀ ਦੋਸ਼ੀ ਹੈ, ਪਰ ਅੱਜ ਤੱਕ ਦਹੇਜ ਦੇਣ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਉਨਾਂ ਕਿਹਾ ਕਿ ਦਹੇਜ ਕਾਨੂੰਨ 498-ਏ, ਘਰੇਲੂ ਹਿੰਸਾ, ਛੇੜਖਾਨੀ, ਰੇਪ ਐਕਟ, ਤੇਜ਼ਾਬ ਹਮਲਾ, ਕਾਨੂੰਨ ਦੇ ਝੂਠੇ ਕੇਸ ਕਰਨ ਵਾਲੀਆਂ ਔਰਤਾਂ ਉਨਾਂ ਦੇ ਝੂਠੇ ਗਵਾਹਾਂ ਅਤੇ ਗਲਤ ਕਾਰਵਾਈ ਕਰਨ ਵਾਲੇ ਇਨਵੈਸਟੀਗੇਸ਼ਨ ਅਧਿਕਾਰੀਆਂ ਨੂੰ ਵੀ ਸਖਤ ਸਜਾਵਾਂ ਦੇਣ ਲਈ ਕਾਨੂੰਨ ਬਣਾਏ ਜਾਣ। ਅਜਿਹੇ ਇੱਕ ਤਰਫਾ ਕਾਨੂੰਨਾਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰਨ ਵਾਲੇ ਆਦਮੀਆਂ ਦੇ ਪਰਿਵਾਰਾਂ ਨੂੰ ਵੀ ਕਿਸਾਨ ਖੁਦਕਸ਼ੀਆਂ ਦੀ ਤਰਜ਼ ਉਤੇ ਸਰਕਾਰ ਮੁਆਵਜ਼ਾ ਦੇਵੇ।
ਉਨਾਂ ਕਿਹਾ ਕਿ ਸਾਡੇ ਸੰਘਰਸ਼ ਦਾ ਮਕਸਦ ਸਮਾਜ ਵਿੱਚ ਮੌਜੂਦਾ ਨੂੰਹ ਪੱਖੀ ਬਣੇ ਇੱਕਤਰਫਾ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਅੱਜ ਲੱਖਾਂ ਮਾਪਿਆਂ ਦੇ ਲਾਲ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਅਤੇ ਇਹ ਖੁਦਕੁਸ਼ੀਆਂ ਨਹੀਂ ਬਲਕਿ ਗੰਧਲੇ ਜ਼ਾਲਮ ਨਿਜ਼ਾਮ ਵੱਲੋਂ ਕੀਤੇ ਗਏ ਬੇਦੋਸ਼ਿਆਂ ਦੇ ਕਤਲ ਹਨ। ਜੇ ਆਮ ਲੋਕ ਅਜਿਹੀ ਧੱਕੇਸ਼ਾਹੀ ਦੇ ਖਿਲਾਫ ਲਾਮਬੰਦ ਹੋ ਜਾਣ ਤਾਂ ਆਏ ਦਿਨ ਹੋ ਰਹੀਆਂ ਨਿਰਦੋਸ਼ ਆਦਮੀਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਨੈਸ਼ਨਲ ਕਰਾਇਮ ਰਿਪੋਰਟ ਬਿਊਰੋ (ਭਾਰਤ ਸਰਕਾਰ) ਅਨੁਸਾਰ ਪਿਛਲੇ 1998 ਤੋਂ ਲੈ ਕੇ 2015 ਤੱਕ ਇਨਾਂ ਕਾਨੂੰਨਾਂ ਤਹਿਤ ਕਰੀਬ 27 ਲੱਖ ਗ੍ਰਿਫਤਾਰੀਆਂ ਹੋਈਆਂ ਜਿਨਾਂ ਵਿੱਚ 6,50000 ਔਰਤਾਂ ਅਤੇ ਕਰੀਬ 7700 ਨਾਬਾਲਿਗ ਬੱਚੇ ਵੀ ਸ਼ਾਮਲ ਸਨ, ਜੋ ਪਤੀ ਪਰਿਵਾਰ ਨਾਲ ਸੰਬੰਧਤ ਸਨ। ਹਰ ਸਾਲ ਕਰੀਬ 96,000 ਆਦਮੀ ਇਸ ਕਾਨੂੰਨੀ ਅੱਤਵਾਦ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ। ਪਿਛਲੇ 10 ਸਾਲਾਂ ਵਿੱਚ (2004-2015) ਵਿੱਚ ਕਰੀਬ 7 ਲੱਖ 14 ਹਜ਼ਾਰ ਆਦਮੀ/ਪਤੀ/ਪੁੱਤਰ ਖੁਦਕਸ਼ੀਆਂ ਕਰ ਚੁੱਕੇ ਹਨ। ਦਹੇਜ ਕਾਨੂੰਨ ਦੀ ਦੁਰਵਰਤੋਂ ਦੀ ਇਸ ਕਾਲੀ ਹਨੇਰੀ ਨੇ ਹੁਣ ਤੱਕ ਕਰੀਬ 40 ਲੱਖ ਬੱਚੇ ਯਤੀਮ ਬਣਾ ਦਿੱਤੇ ਹਨ। ਹਰ ਪੰਜ ਮਿੰਟ ਬਾਅਦ 1 ਗ੍ਰਿਫਤਾਰੀ ਅਤੇ ਹਰ ਸਾਲ ਕਰੀਬ 2 ਲੱਖ 25 ਹਜ਼ਾਰ ਪਤੀਆਂ/ਆਦਮੀਆਂ ਨੂੰ ਦਹੇਜ ਕਾਨੂੰਨ ਦੀ ਆੜ ਹੇਠ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ।
ਸ. ਜੋਗੀ ਨੇ ਕਿਹਾ ਕਿ ਸਾਡੇ ਸਮਾਜ ਦਾ ਇਹ ਦੁਖਦਾਈ ਪਹਿਲੂ ਹੈ ਕਿ ਅਜੋਕੇ ਇਕਤਰਫਾ ਨਿਜ਼ਾਮ ਵਿੱਚ ਪਤੀ ਪਰਿਵਾਰ ਨਾਲ ਸੰਬੰਧਤ ਲੜਕੇ ਦੀ ਮਾਂ, ਭੈਣ ਅਤੇ ਔਰਤਾਂ ਨੂੰ ਔਰਤਾਂ ਹੀ ਨਹੀਂ ਸਮਝਿਆ ਜਾਂਦਾ ਹੈ ਅਤੇ ਸਿਰਫ ਕਾਨੂੰਨਾਂ ਦੀ ਆੜ ਹੇਠ ਸਮਾਜ ਦੀ ਮਾਣ-ਮਰਿਆਦਾ ਨੂੰ ਛਿੱਕੇ ਟੰਗਣ ਅਤੇ ਕਾਨੂੰਨ ਦੀ ਗਲਤ ਵਰਤੋਂ ਕਰਨ ਵਾਲੀ ਨੂੰਹ ਨੂੰ ਹੀ ਔਰਤ ਸਮਝਿਆ ਜਾਂਦਾ ਹੈ। 1983 ਵਿੱਚ ਬਣੇ, ਦਹੇਜ ਕਾਨੂੰਨ 498-ਏ ਅਤੇ 2005 ਵਿੱਚ ਬਣੇ ਘਰੇਲੂ ਹਿੰਸਾ ਕਾਨੂੰਨ ਤਹਿਤ ਹੁਣ ਤੱਕ ਕਰੀਬ 80 ਲੱਖ ਮੁਕੱਦਮੇ ਦਰਜ ਹੋ ਚੁੱਕੇ ਹਨ। ਜਿਨਾਂ ਵਿੱਚੋਂ 95 ਫੀਸਦੀ ਝੂਠੇ ਪਾਏ ਗਏ ਹਨ।
ਪਿਛਲੇ 4 ਸਾਲਾਂ ਕਰੀਬ 1,75,000 ਨਿਰਦੋਸ਼ ਔਰਤਾਂ ਨੂੰ ਇਸ ਦਹੇਜ ਕਾਨੂੰਨ 498-ਏ ਤਹਿਤ ਜੇਲ ਜਾਣ ਦਾ ਸੰਤਾਪ ਭੋਗਣਾ ਪਿਆ, ਜਿਨਾਂ ਦਾ ਜ਼ੁਰਮ ਕੇਵਲ ਤੇ ਕੇਵਲ ਐਨਾ ਹੀ ਸੀ ਕਿ ਉਹ ਪਤੀ ਪਰਿਵਾਰ ਨਾਲ ਸੰਬੰਧਤ ਸਨ। ਵਰਨਣਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੀ ਇਸ ਕਾਨੂੰਨ ਨੂੰ ਕਾਨੂੰਨੀ ਦਹਿਸ਼ਤਗਰਦੀ ਕਰਾਰ ਦੇ ਚੁੱਕੀ ਹੈ। ਉਨਾਂ ਅਪੀਲ ਕੀਤੀ ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਸਥਾਪਤੀ ਲਈ ਦੇਸ਼ ਭਰ ਦੀਆਂ ਜਥੇਬੰਦੀਆਂ ਇੱਕਜੁੱਟ ਹਨ ਅਤੇ ਇਸ ਲਈ ਕੋਈ ਉਹ ਹਰ ਲੋਕਤੰਤਰੀ ਢੰਗ ਨਾਲ ਸੰਘਰਸ਼ ਲਈ ਤਿਆਰ ਬਰ ਤਿਆਰ ਹਨ।
ਇਸ ਮੌਕੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨਾਂ ਵਿੱਚ ਸ੍ਰੀ ਰਾਕੇਸ਼ ਨੈਣ ਤ੍ਰਿਵੇਦੀ, ਸ੍ਰੀ ਵਿਨੋਦ ਫਕੀਰਾ, ਸ. ਇੰਦਰ ਸਿੰਘ ਸੁਪਰ ਖਾਲਸਾ, ਸਾਈੰ ਮਧੂ ਜੀ, ਬੀਬੀ ਸੁਰਜੀਤ ਕੌਰ, ਸ੍ਰੀ ਮਹਿੰਦਰ ਠੁਕਰਾਲ ਪ੍ਰਮੁੱਖ ਹਨ। ਇਸ ਮੌਕੇ ਸ. ਜੋਗੀ ਤੋਂ ਇਲਾਵਾ ਦੀਪਿਕਾ ਨਰਾਇਣ ਭਾਰਦਵਾਜ, ਬਰਖਾ ਤਰੇਹਣ, ਸੁਦੇਸ਼ ਮਲਿਕ, ਸ਼ੈਲੇਂਦਰ ਜੈਸਵਾਲ ਐਡਵੋਕੇਟ, ਰਿਪਾਂਸ਼ੂ ਪ੍ਰਤਾਪ ਸਿੰਘ, ਕੁਮਾਰ ਐਸ. ਰਤਨ, ਯੋਗੇਸ਼ ਕਰਦਮ, ਸ੍ਰੀ ਰਾਕੇਸ਼ ਨੈਣ ਤ੍ਰਿਵੇਦੀ, ਵੀਰ ਸਿੰਘ, ਹਰਦਿਆਲ ਸਿੰਘ ਪਲਾਕੀ, ਨਛੱਤਰ ਸਿੰਘ ਕਲਸੀ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਜਥੇਬੰਦੀ ਦੇ ਮੀਡੀਆ ਸਲਾਹਕਾਰ ਜਸਵਿੰਦਰ ਸਿੰਘ ਆਜ਼ਾਦ ਵੱਲੋਂ ਕੀਤਾ ਗਿਆ।
ਇਸ ਮੌਕੇ ਪਹੁੰਚੇ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਵਿੱਚ ਹਰਵਿੰਦਰ ਸਿੰਘ ਲਾਡੀ, ਅਸ਼ਵਨੀ ਸ਼ਰਮਾ ਟੀਟੂ, ਦਿਲਬਾਗ ਸਿੰਘ ਰਿੰਕੂ, ਕੁਲਦੀਪ ਸਿੰਘ, ਮੁਕੇਸ਼ ਕੋਹਲੀ, ਕਮਲ ਮੋਤੀ, ਹਰਦੀਪ ਸਿੰਘ ਹੈਰੀ, ਰਵਿੰਦਰ ਚੌਹਾਨ, ਐਡਵੋਕੇਟ ਹਰਮਿੰਦਰ ਸੰਧੂ, ਹਰਲੀਨ ਸਿੰਘ ਟਾਂਡਾ, ਜੁਗਰਾਜ ਧਮੀਜਾ, ਜਜਬੀਰ ਸਿੰਘ ਭੁੱਲਰ, ਦੀਪਾਲੀ ਬਾਗੜੀਆ, ਵੀਨਾ ਮਹਾਜਨ, ਯਸ਼ ਪਹਿਲਵਾਨ, ਗੁਰਦੀਪ ਸਿੰਘ ਸ਼ਕਤੀ, ਮਨਦੀਪ ਸਿੰਘ, ਸੁਨੀਲ ਮਲਹੋਤਰਾ, ਰਵੀਸ਼ ਵਰਮਾ, ਸਤਨਾਮ ਸਿੰਘ ਹੈਪੀ, ਨਰੇਸ਼ ਸ਼ਰਮਾ, ਦਲਬੀਰ ਸਿੰਘ ਧੰਨੋਵਾਲੀ, ਜਸਵੰਤ ਸਿੰਘ, ਗੌਰਵ ਅਰੋੜਾ, ਪ੍ਰਿਤਪਾਲ ਸਿੰਘ, ਰਾਜੇਸ਼ ਭਾਰਦਵਾਜ, ਕਮਲ ਢੱਲੇ, ਗੁਰਵਿੰਦਰ ਸਿੰਘ, ਏ.ਐਸ. ਆਜ਼ਾਦ, ਜਤਿੰਦਰ ਸਿੰਘ ਵਿਰਦੀ, ਪਰਮਜੀਤ ਸਿੰਘ ਰਿੰਕੂ, ਸਾਹਿਬ ਸਿੰਘ ਸਾਬੀ, ਅਵਤਾਰ ਸਿੰਘ ਸੈਂਭੀ, ਦਰਸ਼ਨ ਸਿੰਘ ਨਾਮਧਾਰੀ, ਸਤਬੀਰ ਸਿੰਘ ਮਿੰਟੂ, ਸੁਰਜੀਤ ਸਿੰਘ ਹੂੰਝਣ, ਦਲਜੀਤ ਸਿੰਘ ਮਠਾਰੂ, ਇਕਬਾਲ ਸਿੰਘ ਰਾਮਗੜੀਆ, ਰਾਜਬੀਰ ਸਿੰਘ, ਅਮਿਤ ਸ਼ਰਮਾ, ਗੁਲਸ਼ਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।

Leave a Reply