ਸੁੱਤੇ ਲੋਕਾਂ ਨੂੰ ਜਾਗਣ ਦਾ ਹੋਕਾ ਦੇ ਗਈ ਨਾਟਕਾਂ ਅਤੇ ਗੀਤਾਂ ਭਰੀ ਰਾਤ

Punjabi

ਜਲੰਧਰ 2 ਨਵੰਬਰ (ਜਸਵਿੰਦਰ ਆਜ਼ਾਦ)- ਗ਼ਦਰੀ ਬਾਬਿਆਂ ਦੇ ਮੇਲੇ ਦੀ ਅਖੀਰਲੀ ਨਾਟਕਾਂ ਅਤੇ ਗੀਤ-ਸੰਗੀਤ ਭਰੀ ਰਾਤ ਨੇ ਸਥਾਪਤੀ ਅਤੇ ਲੋਕ-ਵਿਰੋਧੀ ਸਭਿਆਚਾਰ ਖਿਲਾਫ਼ ਬੇਖੌਫ਼ ਹੋ ਕੇ, ਲੋਕ-ਆਵਾਜ਼ ਉਠਾਉਣ ਦਾ ਸੱਦਾ ਦਿੱਤਾ।
ਇਸ ਰਾਤ ਦੇ ਸਮਾਗਮ, ਫੁਲਵਾੜੀ ਕਲਾ ਕੇਂਦਰ ਲੋਹੀਆਂ ਖਾਸ (ਨਿਰਦੇਸ਼ਕ: ਜਗੀਰ ਜੋਸਣ) ਦੁਆਰਾ ‘ਜਾਗੋ’ ਕੱਢਣ ਨਾਲ ਸ਼ੁਰੂ ਹੋਏ। ‘ਜਾਗੋ’ ਵਿੱਚ ਵੱਡੀ ਤਦਾਦ ਜੁੜੀਆਂ ਕੁੜੀਆਂ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਮੁੱਖ ਦੁਆਰ ਤੋਂ ਸ਼ੁਰੂ ਕਰਕੇ ਹਾਲ ਦਾ ਗੇੜਾ ਦਿੰਦਿਆਂ, ਸ਼ਹੀਦ ਭਗਤ ਸਿੰਘ ਮੰਚ ‘ਤੇ ਬੋਲੀਆਂ ਪਾਈਆਂ। ਰਵਾਇਤੀ ਬੋਲੀਆਂ ਨਾਲੋਂ ਸੰਗਰਾਮੀ ਇਤਿਹਾਸ, ਲੋਕ-ਮਸਲਿਆਂ ਅਤੇ ਹਰ ਵੰਨਗੀ ਦੀ ਬੁਰਾਈ ਖਿਲਾਫ਼ ਜੂਝਣ ਦਾ ਅਹਿਦ ਕਰਦੀਆਂ ਬੋਲੀਆਂ ਅਤੇ ਗਿੱਧੇ ਨੇ ਮੇਲੇ ਨੂੰ ਨਵਾਂ ਹੁਲਾਰਾ ਦਿੱਤਾ।
ਨਾਟਕਾਂ ਭਰੀ ਇਸ ਰਾਤ ਵਿੱਚ ਸੁਚੇਤਕ ਰੰਗ ਮੰਚ ਮੋਹਾਲੀ ਵੱਲੋਂ ਸ਼ਬਦੀਸ਼ ਦਾ ਲਿਖਿਆ ਨਾਟਕ ‘ਮਨ ਮਿੱਟੀ ਦਾ ਬੋਲਿਆ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਵਿੱਚ ਖੇਡਿਆ ਗਿਆ। ਇਸ ਨਾਟਕ ਨੇ ਮਰਦ ਪ੍ਰਧਾਨ ਨਿਜ਼ਾਮ ਦੇ ਕੋਹੜ ਨੂੰ ਬਾਖ਼ੂਬੀ ਸਾਹਮਣੇ ਲਿਆਉਂਦੇ ਹੋਏ ਔਰਤ ਸ਼ਕਤੀ ਦੀ ਗੱਲ ਕੀਤੀ।
ਡਾ. ਸਵਰਾਜਬੀਰ ਦੀ ਕਲਮ ਤੋਂ ਲਿਖੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਨਾਟਕ ‘ਧਰਮ-ਗੁਰੂ’ ਨੇ ਅਖੌਤੀ ਗਊ ਰੱਖਿਅਕਾਂ ਅਤੇ ਧਰਮ ਦੇ ਨਾਂਅ ਹੇਠ ਸਮਾਜੀ ਦਾਬਾ ਜਮਾਉਣ, ਲੋਕਾਂ ਦੀ ਜ਼ੁਬਾਨਬੰਦੀ ਕਰਨ ਵਾਲਿਆਂ ਉਪਰ ਕਰਾਰੀਆਂ ਚੋਟਾਂ ਕੀਤੀਆਂ। ਗਊ ਮਾਸ ਦੇ ਮਸਲੇ ਨੂੰ ਲੈ ਕੇ ਮਾਰ ਧਾੜ ਕਰਨ ਦਾ ਹੜਦੁੰਮ ਮਚਾਉਣ ਵਾਲਿਆਂ ਉਪਰ ਕਰਾਰਾ ਹੱਲਾ ਬੋਲਿਆ ਨਾਟਕ ‘ਧਰਮ-ਗੁਰੂ’ ਨੇ।
ਗੁਰਮੀਤ ਕੜਿਆਲਵੀ ਦੀ ਕਲਮ ਤੋਂ ਲਿਖਿਆ ਨਾਟਕ ‘ਸਿਲਤਰਾਂ’ ਕੀਰਤੀ ਕਿਰਪਾਲ ਦੀ ਨਿਰਦੇਸ਼ਨਾਂ ਵਿੱਚ ਨਾਟਿਯਮ ਅਭਿਨੇਤਾ ਦਾ ਰੰਗ ਮੰਚ ਜੈਤੋ, ਬਠਿੰਡਾ ਵੱਲੋਂ ਖੇਡਿਆ ਗਿਆ। ਪੰਜਾਬ ਅੰਦਰ ਦਲਿਤਾਂ ਲਈ ਰਾਖਵੀਂ ਜ਼ਮੀਨ ਦੀ ਪ੍ਰਾਪਤੀ ਲਈ ਉੱਠੀ ਹੱਕੀ ਮੰਗ ਦਾ ਜ਼ਿਕਰ ਕਰਦਿਆਂ ਇਹ ਨਾਟਕ ਦਲਿਤਾਂ ਨਾਲ ਮੋਢੇ ਸੰਗ ਮੋਢਾ ਜੋੜਨ ਲਈ ਨਿੱਤਰੀ ਕਿਸਾਨੀ ਦੇ ਮਹੱਤਵ ਨੂੰ ਉਘਾੜਨ ਵਿੱਚ ਸਫ਼ਲ ਰਿਹਾ।
ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਐਸੇ ਜਨ ਵਿਰਲੇ ਸੰਸਾਰਿ’, ਜਿਥੇ ਧਾਰਮਕ ਦੰਭੀਆਂ ਦੇ ਪਾਖੰਡ ਦੇ ਚੀਥੜੇ ਉਡਾ ਗਿਆ, ਉਥੇ ਦਲਿਤਾਂ ਸਮੇਤ ਸਮੂਹ ਦੱਬੀਆਂ ਜਮਾਤਾਂ ਨੂੰ ਸਮਾਜ ਦੇ ਹਕੀਕੀ ਵਾਰਸਾਂ ਵਜੋਂ ਉਭਾਰਨ ਵਿੱਚ ਸਫ਼ਲ ਰਿਹਾ। ਲੋਕ ਕਲਾ ਮੰਚ ਮਾਨਸਾ ਦੀ ਇਸ ਪੇਸ਼ਕਾਰੀ ਨੇ ਮਿਹਨਤਕਸ਼ਾਂ ਨੂੰ ਸਮਾਜ ਦੇ ਨਾਇਕ ਦਰਸਾਇਆ।
ਕ੍ਰਿਸ਼ਨ ਚੰਦਰ ਅਤੇ ਸ਼ਆਦਤ ਹਸਨ ਮੰਟੋ ਦੀਆਂ ਕਹਾਣੀਆਂ ‘ਤੇ ਅਧਾਰਤ ਨਾਟਕ ‘ਪਿਸ਼ਾਵਰ ਐਕਸਪ੍ਰੈਸ’, ਵਿਕੀ ਮਹੇਸ਼ਰੀ ਦੀ ਨਿਰਦੇਸ਼ਨਾ ਵਿੱਚ ਰੁਜ਼ਗਾਰ ਪ੍ਰਾਪਤੀ ਮੰਚ (ਇਪਟਾ) ਵੱਲੋਂ ਖੇਡਿਆ ਗਿਆ। ਇਹ ਨਾਟਕ ਜਿਥੇ 1947 ਦੀ ਤਰਾਸਦੀ ਨੂੰ ਸਾਹਮਣੇ ਲਿਆਉਂਦਾ ਹੈ, ਉਥੇ ਸਾਡੇ ਸਮਿਆਂ ਅੰਦਰ ਲੋਕਾਂ ਨੂੰ ਦਰੜ ਰਹੀ ਫ਼ਿਰਕੂ ਫਾਸ਼ੀਵਾਦੀ ‘ਐਕਸਪ੍ਰੈਸ’ ਤੋਂ ਵੀ ਸੁਚੇਤ ਕਰਦਾ ਹੈ।
ਮਾਨਵਤਾ ਕਲਾ ਮੰਚ ਨਗਰ ਨੇ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ ਹੇਠ ਗੁਰਦਿਆਲ ਰੌਸ਼ਨ ਦੀ ਰਚਨਾ ‘ਤੇ ਅਧਾਰਤ ‘ਮੈਂ ਭਾਰਤ ਹਾਂ’ ਕੋਰਿਓਗਰਾਫੀ ਪੇਸ਼ ਕਰਕੇ ਭਾਰਤ ਅੰਦਰ ਦਲਿਤਾਂ ਦੀ ਕੀਤੀ ਜਾ ਰਹੀ ਦੁਰਦਸ਼ਾ ਅਤੇ ਇਸ ਖਿਲਾਫ਼ ਚੱਲ ਰਹੇ ਸੰਗਰਾਮ ਦੀ ਤਸਵੀਰ ਸਾਹਮਣੇ ਲਿਆਂਦੀ।
ਜਗਸੀਰ ਜੀਦਾ, ਧਰਮਿੰਦਰ ਮਸਾਣੀ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਜੰਮੂ ਤੋਂ ਆਈ ਸੰਗੀਤ ਮੰਡਲੀ, ਰੈਡ ਆਰਟ, ਅੰਮ੍ਰਿਤਪਾਲ, ਰੁਪਿੰਦਰ ਰੰਧਾਵਾ, ਰੂਹਜਨਜੀਤ, ਗਗਨ ਲੌਗੋਵਾਲ ਨੇ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ।
ਨਾਟਕਾਂ ਅਤੇ ਗੀਤਾਂ ਭਰੀ ਇਸ ਰਾਤ ਵਿੱਚ ਖਚਾਖਚ ਭਰੇ ਪੰਡਾਲ ਸਾਹਮਣੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫ਼ੋਂ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਦੁਆਰਾ ਰੱਖੇ ਮਤਿਆਂ ਵਿੱਚ ਮੰਗ ਕੀਤੀ ਗਈ ਕਿ ਪ੍ਰੋ. ਆਨੰਦ ਤੈਲਤੁੰਬੜੇ ਨੂੰ ਗ੍ਰਿਫ਼ਤਾਰ ਕਰਨ, ਝੂਠੇ ਕੇਸ ਮੜਨ ਦੇ ਕੀਤੇ ਜਾ ਰਹੇ ਯਤਨ ਬੰਦ ਕੀਤੇ ਜਾਣ। ਜਿਸ ਵਜਾ ਕਰਕੇ ਉਹ ਮੁੱਖ ਵਕਤਾ ਵਜੋਂ ਮੇਲੇ ਵਿੱਚ ਨਹੀਂ ਆ ਸਕੇ। ਅਜੇਹਾ ਕਰਨ ‘ਤੇ ਮੋਦੀ ਸਰਕਾਰ ਦੀ ਜ਼ੋਰਦਾਰ ਨਾਅਰਿਆਂ ਵਿੱਚ ਸਖ਼ਤ ਨਿੰਦਾ ਕੀਤੀ ਗਈ।
ਦੂਜੇ ਮਤੇ ਵਿੱਚ ਬੁੱਧੀਜੀਵੀਆਂ ਨੂੰ ਗ੍ਰਿਫ਼ਤਾਰ ਕਰਨ, ਪੁਲਸ ਰਿਮਾਂਡ ਲੈਣ ਅਤੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਚਾਲਾਂ ਬੰਦ ਕਰਕੇ ਰਿਹਾ ਕਰਨ ਦੀ ਮੰਗ ਕੀਤੀ ਗਈ।
1984 ਵਿੱਚ ਸਿੱਖ ਭਾਈਚਾਰੇ ਦਾ ਘਾਣ ਕਰਨ ਵਾਲੇ ਮੁਜ਼ਰਿਮਾਂ ਉਪਰ ਐਨੇ ਵਰੇ ਬੀਤਣ ‘ਤੇ ਵੀ ਕਾਰਵਾਈ ਨਾ ਕਰਨ ਦੀ ਘੋਰ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਜੇਲੀਂ ਡੱਕਣ ਦੀ ਮੰਗ ਕੀਤੀ।
ਅਧਿਆਪਕ ਘੋਲ, ਹਰਿਆਣਾ ਦੇ ਟਰਾਂਸਪੋਰਟ ਕਾਮਿਆਂ ਦੇ ਘੋਲ ਦੀ ਹਮਾਇਤ ਕੀਤੀ ਗਈ।
ਦੇਸ਼ ਭਗਤ ਯਾਦਗਾਰ ਹਾਲ ਦਾ ਸਾਰਾ ਲਾਅਨ ਪੁਸਤਕ ਪ੍ਰਦਰਸ਼ਨੀ ਨੇ ਮੱਲਿਆ ਹੋਇਆ ਸੀ। ਪੁਸਤਕ ਪ੍ਰਦਰਸ਼ਨੀ ਵਿੱਚ ਪੂਰੇ ਮੇਲੇ ਦੌਰਾਨ ਭੀੜਾਂ ਜੁੜੀਆਂ ਰਹੀਆਂ।
ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।
ਉਹਨਾਂ ਨੇ ਸਰਘੀ ਵੇਲੇ ਮੇਲੇ ਵਿਛੜਨ ਸਮੇਂ ਕਿਹਾ ਕਿ ਅਗਲੇ ਵਰੇ 28ਵਾਂ ਮੇਲਾ ਜੱਲਿਆਂ ਵਾਲਾ ਬਾਗ਼ ਕਾਂਡ ਦੀ ਪਹਿਲੀ ਸ਼ਤਾਬਦੀ (13 ਅਪ੍ਰੈਲ 1919-2019) ਮਨਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਚ ਜੁੱਟਣ ਦੀ ਲੋੜ ਹੈ।

Leave a Reply