ਗ਼ਦਰੀ ਬਾਬਿਆਂ ਦੇ ਮੇਲੇ ਦੀ ਤਿਆਰੀ ਸਬੰਧੀ ਵਿਸ਼ਾਲ ਇਕੱਤਰਤਾ

ਜਲੰਧਰ 24 ਸਤੰਬਰ (ਜਸਵਿੰਦਰ ਆਜ਼ਾਦ)- ਆਜ਼ਾਦੀ ਸੰਗਰਾਮ ਵਿੱਚ ਨਿਵੇਕਲੀ ਇਨਕਲਾਬੀ ਤਵਾਰੀਖ਼ ਦੇ ਮਾਣ-ਮੱਤੇ ਸਫ਼ੇ ਲਿਖਣ ਵਾਲੀ, ਹਰ ਵੰਨਗੀ ਦੀ ਲੁੱਟ-ਖੋਹ, ਵਿਤਕਰੇ, ਜ਼ਬਰ ਤੋਂ ਮੁਕਤ ਨਵੇਂ ਰਾਜ ਅਤੇ ਸਮਾਜ ਨੂੰ ਪ੍ਰਣਾਈ ਜ਼ਿੰਦਗੀ ਸਿਰਜਣ ਨੂੰ ਪ੍ਰਣਾਈ ਗ਼ਦਰ ਲਹਿਰ ਦੇ ਸੰਗਰਾਮੀ ਸ਼ਹੀਦਾਂ ਅਤੇ ਮਿਸਾਲੀ ਦੇਸ਼ ਭਗਤਾਂ ਦੀ ਯਾਦ ਵਿੱਚ 30 ਅਕਤੂਬਰ ਤੋਂ 2 ਨਵੰਬਰ ਸਰਘੀ ਵੇਲੇ ਤੱਕ ਚੱਲਣ ਵਾਲੇ 27ਵੇਂ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੰਭੀਰ ਵਿਚਾਰ-ਚਰਚਾ ਭਰੀ ਵਿਸ਼ਾਲ ਮੀਟਿੰਗ ਹੋਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਕਾਰਲ ਮਾਰਕਸ ਦੀ 200ਵੀਂ ਜਨਮ ਵਰੇ ਗੰਢ ਨੂੰ ਸਮਰਪਤ ਮੇਲਾ ਗ਼ਦਰੀ ਬਾਬਿਆਂ ਦਾ ਰਸਮੀ ਸਭਿਆਚਾਰਕ ਮੇਲਾ ਨਹੀਂ। ਇਹ ਇਤਿਹਾਸ ਦਰਸ਼ਨ, ਇਨਕਲਾਬੀ ਸੰਗਰਾਮ ਅਤੇ ਸਾਡੇ ਸਮਿਆਂ ਦੇ ਮਘਦੇ ਸੁਆਲਾਂ ਨੂੰ ਮੁਖ਼ਾਤਬ ਹੋਵੇਗਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 30 ਅਕਤੂਬਰ ਸ਼ਮਾ ਰੌਸ਼ਨ ਉਪਰੰਤ ਭਾਸ਼ਣ ਅਤੇ ਗਾਇਨ ਮੁਕਾਬਲਾ ਹੋਏਗਾ। ਸ਼ਾਮ 7 ਵਜੇ ਸਥਾਨਕ ਟੀਮਾਂ ਨਾਟਕ ਖੇਡਣਗੀਆਂ। ਭਾਸ਼ਣ ਮੁਕਾਬਲੇ ਦਾ ਵਿਸ਼ਾ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਹੱਤਵ’ ਰੱਖੇ ਜਾਣ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਮੁਲਕ ਦੇ ਅਜੋਕੇ ਮੰਚ ਉਪਰ ਬਹੁ-ਚਰਚਿਤ ਇਸ ਮਸਲੇ ਉਪਰ ਪ੍ਰਤੀਯੋਗੀ ਖੁੱਲਕੇ ਆਪਣੇ ਵਿਚਾਰ ਰੱਖਣਗੇ। ਗਾਇਨ ਮੁਕਾਬਲੇ ‘ਚ ਗਲੇ-ਸੜੇ, ਬਿਮਾਰ, ਕਾਮ ਉਕਸਾਊ, ਅੰਧ-ਵਿਸ਼ਵਾਸ਼ੀ ਭਰੇ ਲੋਕ-ਦੋਖੀ ਸਭਿਆਚਾਰ ਦੇ ਬੁੱਕਲ ‘ਚ ਇਨਕਲਾਬੀ ਵਿਸ਼ੇ ਰੱਖੇ ਗਏ ਹਨ।
ਕਨਵੀਨਰ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਉਪਰੰਤ ਬਾਅਦ ਦੁਪਹਿਰ ਵਿਗਿਆਨਕ ਵਿਚਾਰਾਂ ਹੋਣਗੀਆਂ। ਸ਼ਾਮ 4 ਤੋਂ 6 ਵਜੇ ਤੱਕ ਕਵੀ ਦਰਬਾਰ ਅਤੇ 7 ਤੋਂ 9 ਵਜੇ ਤੱਕ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ। ਉਹਨਾਂ ਦੱਸਿਆ ਕਿ ਪਹਿਲੀ ਨਵੰਬਰ ਸਵੇਰੇ 10 ਵਜੇ ਸੀਨੀਅਰ ਟਰੱਸਟੀ ਨੌਨਿਹਾਲ ਸਿੰਘ ਗ਼ਦਰੀ ਝੰਡਾ ਲਹਿਰਾਉਣਗੇ ਅਤੇ ਆਪਣੇ ਵਿਚਾਰ ਸਾਂਝੇ ਕਰਨਗੇ। ਝੰਡੇ ਦੇ ਗੀਤ ਉਪਰੰਤ ਵੰਨ-ਸੁਵੰਨੀਆਂ ਕਲਾ ਕ੍ਰਿਤਾਂ ਹੋਣਗੀਆਂ। ਇਸ ਦਿਨ ਹੀ ਪ੍ਰੋ. ਆਨੰਦ ਤੈਲਤੁੰਬੜੇ, ਦਲਿਤ ਸਾਹਿਤ ਦੇ ਮੰਨੇ ਪ੍ਰਮੰਨੇ ਖੋਜ਼ਕਾਰ ਅਤੇ ਜਮਹੂਰੀ ਕਾਮੇ ਮੁੱਖ ਭਾਸ਼ਣ ਦੇਣਗੇ। ਸ਼ਾਮ 4 ਤੋਂ 6 ਵਜੇ ਤੱਕ ਵਿਚਾਰ-ਚਰਚਾ ਹੋਏਗੀ। ਪਹਿਲੀ ਨਵੰਬਰ ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਆਗਾਜ਼ ‘ਜਾਗੋ’ ਨਾਲ ਹੋਏਗਾ। ਇਸ ਰਾਤ ਸਮਾਜਕ ਸਰੋਕਾਰਾਂ ਦੀ ਬਾਤ ਪਾਉਂਦੇ ਬਹੁਤ ਹੀ ਦਿਲਕਸ਼ ਨਾਟਕ ਅਤੇ ਗੀਤ-ਸੰਗੀਤ ਦਾ ਯਾਦਗਾਰੀ ਰੰਗ ਹੋਏਗਾ।
27ਵੇਂ ਮੇਲੇ ਨੂੰ ਹੋਰ ਵੀ ਹਰਮਨ ਪਿਆਰਾ ਬਣਾਉਣ ਲਈ ਪ੍ਰੋ. ਗੋਪਾਲ ਬੁੱਟਰ, ਪ੍ਰੋ. ਸੁਖਵਿੰਦਰ ਸਿੰਘ ਸੰਘਾ, ਪ੍ਰੋ. ਹਰਜਿੰਦਰ ਸਿੰਘ ਅਟਵਾਲ, ਕਾ. ਜਗਰੂਪ, ਕਾ. ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਡਾ. ਪਰਮਿੰਦਰ ਨੇ ਅਮੁੱਲੇ ਸੁਝਾਅ ਰੱਖੇ। ਉਹਨਾਂ ਨੇ ਮੇਲੇ ਦੀ ਹਰ ਵੰਨਗੀ ਯਾਦਗਾਰੀ ਬਣਾਉਣ ਉਪਰ ਜ਼ੋਰ ਦਿੱਤਾ। ਅਖੀਰ ‘ਚ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਫੰਡ ਅਤੇ ਲੰਗਰ ‘ਚ ਰਾਸ਼ਨ ਆਦਿ ਦੀ ਹਾਜ਼ਰੀ ਪਾਉਣ ਲਈ ਅਪੀਲ ਕਰਦਿਆਂ ਆਸ ਪ੍ਰਗਟਾਈ ਕਿ 27ਵਾਂ ਮੇਲਾ ਯਾਦਗਾਰੀ ਹੋਏਗਾ।

Leave a Reply