ਦੂਜੇ ਦਿਨ ਵੰਨ-ਸੁਵੰਨੇ ਰੰਗਾਂ ਵਿੱਚ ਖਿੜਿਆ ਗ਼ਦਰੀ ਬਾਬਿਆਂ ਦਾ ਮੇਲਾ

* ਚਿੱਤਰਕਲਾ, ਕੁਇਜ਼, ਕਵੀ ਦਰਬਾਰ ਤੇ ਫ਼ਿਲਮ ਸ਼ੋਅ ਹੋਏ
* ਅੱਜ ਮੇਲਾ ਚੱਲੇਗਾ ਸਾਰਾ ਦਿਨ ਸਾਰੀ ਰਾਤ
ਜਲੰਧਰ 31 ਅਕਤੂਬਰ (ਜਸਵਿੰਦਰ ਆਜ਼ਾਦ)- ਗ਼ਦਰੀ ਬਾਬਿਆਂ ਦੇ ਮੇਲੇ ਦੇ ਦੂਜੇ ਦਿਨ ਕੁਇਜ਼, ਚਿੱਤਰਕਲਾ ਮੁਕਾਬਲੇ ਤੋਂ ਇਲਾਵਾ, ਤਰਕਸ਼ੀਲ ਵਿਚਾਰ-ਸ਼ੋਅ, ਕਵੀ ਦਰਬਾਰ ਅਤੇ ਦਸਤਾਵੇਜ਼ੀ ਫ਼ਿਲਮ ਸ਼ੋਅ ਦੇ ਸੈਸ਼ਨ ਹੋਏ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਇਜ਼ ਮੁਕਾਬਲੇ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਈਆਂ 31 ਟੀਮਾਂ ਨੇ ਭਾਗ ਲਿਆ। ਮੁੱਢਲੀ ਪ੍ਰੀਖਿਆ ਵਿਚੋਂ ਨੰਬਰ ਹਾਸਲ ਕਰਨ ਵਾਲੀਆਂ ਪੰਜ ਟੀਮਾਂ ਇਹਨਾਂ 31 ਟੀਮਾਂ ਵਿੱਚੋਂ ਅੰਤਿਮ ਮੁਕਾਬਲਾ ਹੋਇਆ।
ਇਹ ਮੁਕਾਬਲਾ ‘ਕਾਰਲ ਮਾਰਕਸ: ਵਿਅਕਤੀ, ਯੁੱਗ ਤੇ ਸਿਧਾਂਤ’ ਨਾਮ ਦੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਵ-ਪ੍ਰਕਾਸ਼ਤ ਪੁਸਤਕ ਵਿੱਚੋਂ ਪਾਏ ਸੁਆਲਾਂ ਉਪਰ ਹੋਇਆ। ਇਸ ਪੁਸਤਕ ਦੇ ਲੇਖਕ ਅਤੇ ਕੁਇਜ਼ ਸੰਚਾਲਕ ਹਰਵਿੰਦਰ ਭੰਡਾਲ ਨੇ ਮੁਕਾਬਲੇ ਉਪਰੰਤ ਨਤੀਜੇ ਸੁਣਾਉਣ ਵੇਲੇ ਦੱਸਿਆ ਕਿ ਸਕੂਲਾਂ ਤੋਂ ਆਏ ਪ੍ਰਤੀਯੋਗੀਆਂ ਦੇ ਕਾਲਜਾਂ ਦੇ ਵਿਦਿਆਰਥੀਆਂ ਨਾਲੋਂ ਵੀ ਵੱਧ ਮਿਹਨਤ ਕੀਤੀ ਅਤੇ ਟੀਮਾਂ ਵਿੱਚ ਫਸਵਾਂ ਮੁਕਾਬਲਾ ਹੋਇਆ।
ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲਾ ਸੰਘਿਆ, ਦੂਜਾ ਸਥਾਨ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਲਾਹੀ ਅਤੇ ਤੀਜਾ ਸਥਾਨ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਨੇ ਪ੍ਰਾਪਤ ਕੀਤਾ। ਚਿੱਤਰਕਲਾ ਮੁਕਾਬਲੇ ਦੇ ਸੀਨੀਅਰ ਗਰੁੱਪ ਵਿੱਚ 62, ਜੂਨੀਅਰ ਵਿੱਚ 230 ਅਤੇ ਸਬ-ਜੂਨੀਅਰ ਵਿੱਚ 200 ਪ੍ਰਤੀਯੋਗੀਆਂ ਨੇ ਭਾਗ ਲਿਆ।
ਸੀਨੀਅਰ ਗਰੁੱਪ ਨੇ ‘ਔਰਤ ਉਪਰ ਚੌਤਰਫ਼ੇ ਹੱਲੇ ਅਤੇ ਪ੍ਰਤੀਰੋਧ’ ਵਿਸ਼ੇ ਉਪਰ ਤਸਵੀਰਾਂ ਬਣਾਈਆਂ, ਜੂਨੀਅਰ ਗਰੁੱਪ ਅੱਗੇ ਮੁਕਾਬਲੇ ਲਈ ਤਸਵੀਰਾਂ ਰੱਖੀਆਂ ਗਈਆਂ ਅਤੇ ਸਬ-ਜੂਨੀਅਰ ਗਰੁੱਪ ਨੂੰ ਵਿਸ਼ੇ ਦੀ ਪੂਰੀ ਤਰਾਂ ਖੁੱਲ ਦਿੱਤੀ ਗਈ ਸੀ।
ਚਿੱਤਰਕਲਾ ਮੁਕਾਬਲੇ ਦੇ ਸੀਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਹਰਮਨ ਸਿੰਘ ਵਿਰਦੀ (ਏ.ਪੀ.ਜੇ. ਕਾਲਜ ਆਫ਼ ਫਾਇਨ ਆਰਟਸ, ਜਲੰਧਰ), ਦੂਜਾ ਸਥਾਨ ਪਰਮਜੋਤ ਸਿੰਘ (ਜੀ.ਐਨ.ਡੀ.ਯੂ. ਰਿਜ਼ਨਲ ਸੈਂਟਰ, ਜਲੰਧਰ) ਅਤੇ ਤੀਜਾ ਸਥਾਨ ਸਵਾਤੀ (ਐਚ.ਐਮ.ਵੀ.ਕਾਲਜ, ਜਲੰਧਰ) ਨੇ ਪ੍ਰਾਪਤ ਕੀਤਾ।
ਜੂਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਮੰਥਨ ਮੇਹਮੀ (ਮਾਨਵ ਸਹਿਯੋਗ ਸਕੂਲ, ਜਲੰਧਰ) ਅਤੇ ਨਵਨੀਤ ਕੌਰ (ਡਿਪਸ ਸਕੂਲ, ਸੂਰਾਨਸੀ, ਜਲੰਧਰ), ਦੂਜਾ ਸਥਾਨ ਪ੍ਰਤੀਕ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਅਤੇ ਤੀਜਾ ਸਥਾਨ ਦੇਵਾ ਕਸ਼ਯਪ (ਸਾਹਸੀ ਨਾਟਕ ਮੰਡਲੀ) ਨੇ ਪ੍ਰਾਪਤ ਕੀਤਾ।
ਸਬ-ਜੂਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਵਿਸ਼ੇਸ਼ ਵਿੱਜ (ਏ.ਪੀ.ਜੇ. ਸਕੂਲ, ਜਲੰਧਰ), ਦੂਜਾ ਸਥਾਨ ਕਾਮਿਆ (ਜਲੰਧਰ ਮਾਡਲ ਸਕੂਲ), ਤੀਜਾ ਸਥਾਨ ਸਹਿਲ (ਲਾਲਾ ਜਗਤ ਨਰਾਇਣ ਸਕੂਲ ਜਲੰਧਰ) ਨੇ ਪ੍ਰਾਪਤ ਕੀਤਾ। ਕੁਇਜ਼ ਅਤੇ ਚਿੱਤਰਕਲਾ ਮੁਕਾਬਲੇ ਦੀਆਂ ਟੀਮਾਂ ਨੂੰ ਸਨਮਾਨ ਚਿੰਨ, ਪੁਸਤਕਾਂ ਦੇ ਸੈੱਟ ਅਤੇ ਮਾਣ ਭਰੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜੋਆਇੰਟ ਸਕੱਤਰ ਡਾ. ਪਰਮਿੰਦਰ, ਦਰਸ਼ਨ ਖਟਕੜ, ਗੁਰਭਜਨ ਗਿੱਲ ਤੇ ਸੁਰਜੀਤ ਜੱਜ ਦੀ ਪ੍ਰਧਾਨਗੀ ਅਤੇ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਦੀ ਮੰਚ ਸੰਚਾਲਨਾ ਵਿੱਚ ਹੋਏ ਕਵੀ ਦਰਬਾਰ ਵਿੱਚ ਤ੍ਰੈਲੋਚਨ ਲੋਚੀ, ਅਨਿਲ ਆਦਮ, ਸ਼ਮਸ਼ੇਰ ਸੋਹੀ, ਮਨਦੀਪ ਔਲਖ, ਮਦਨ ਵੀਰਾ, ਜਗਵਿੰਦਰ ਜੋਧਾ, ਮੱਖਣ ਕੋਹਾੜ, ਮਨਜਿੰਦਰ ਧਨੋਆ, ਹਰਮੀਤ ਵਿਦਿਆਰਥੀ, ਸ਼ਬਦੀਸ਼, ਕੁਲਵਿੰਦਰ ਕੁੱਲਾ, ਕੁਲਵਿੰਦਰ ਖਹਿਰਾ ਕਨੇਡਾ, ਜਸਦੇਵ ਲਲਤੋਂ, ਤਰਸੇਮ ਨੂਰ, ਦਰਸ਼ਨ ਖਟਕੜ, ਸੁਰਜੀਤ ਜੱਜ ਅਤੇ ਗੁਰਭਜਨ ਗਿੱਲ ਨੇ ਕਵਿਤਾਵਾਂ ਦਾ ਰੰਗ ਭਰ ਕੇ ਮੇਲੇ ਵਿੱਚ ਇਹ ਸੁਨੇਹਾ ਦਿੱਤਾ ਕਿ ਸਮਾਜ ਦੇ ਦਰਦ ਅਤੇ ਵਿਦਰੋਹ ਨਾਲ ਜੁੜੀ ਕਵਿਤਾ ਕਿਤੇ ਨਹੀਂ ਗਈ। ਪੁਸਤਕ ਮੇਲੇ ਨਾਲ ਜੁੜਵੇਂ ਕਵੀ ਦਰਬਾਰ ਵਿੱਚ ਜੁੜੀ ਸਰੋਤਿਆਂ ਦੀ ਰੌਣਕ ਦਰਸਾ ਰਹੀ ਸੀ ਕਿ ਖੌਫ਼ ਦੇ ਇਸ ਦੌਰ ਅੰਦਰ ਕਵੀ, ਕਲਮ ਅਤੇ ਕਵਿਤਾ ਆਪਣੇ ਲੋਕਾਂ ਦੇ ਫ਼ਿਕਰਾਂ ਦੀ ਬਾਂਹ ਫੜ ਕੇ ਚਲਦੀ ਆਈ ਹੈ ਅਤੇ ਚਲਦੀ ਰਹੇਗੀ। ਉਪਰੰਤ ਪੀਪਲਜ਼ ਵਾਇਸ ਵੱਲੋਂ ਦੋ ਫ਼ਿਲਮਾਂ ‘ਜ਼ੁਲਮਤੋਂ ਕੇ ਦੌਰ ਮੇਂ (ਗੌਹਰ ਰਜ਼ਾ), ‘ਜ਼ਮੀਰ ਕੇ ਬੰਦੀ’ (ਆਨੰਦ ਪਟਵਰਧਨ) ਵਿਖਾਈਆਂ ਗਈਆਂ।

Leave a Reply