ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਤੇ ਪੰਜਾਬ ਭਵਨ ਸਰੀ, ਕਨੇਡਾ ਵਲੋਂ ਸਾਂਝੇ ਤੌਰ ‘ਤੇ ਦੋ ਰੋਜ਼ਾ ਅੰਤਰਰਾਸ਼ਟਰੀ ਪਰਵਾਸੀ ਪੰਜਾਬੀ ਕਾਨਫਰੰਸ

ਜਲੰਧਰ 1 ਮਾਰਚ (ਜਸਵਿੰਦਰ ਆਜ਼ਾਦ)- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬ ਪਰਵਾਸ ਅਧਿਐਨ ਕੇਂਦਰ ਅਤੇ ਪੰਜਾਬ ਭਵਨ ਸਰੀ, ਕਨੇਡਾ ਵਲੋਂ ਸਾਂਝੇ ਤੌਰ ‘ਤੇ ਦੋ ਰੋਜ਼ਾ ਅੰਤਰਰਾਸ਼ਟਰੀ ਪਰਵਾਸੀ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਕਾਨਫਰੰਸ ਦੇ ਆਰੰਭ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਗੋਪਾਲ ਸਿੰਘ ਬੁੱਟਰ ਅਤੇ ਪੰਜਾਬ ਪਰਵਾਸ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਸੁਰਿੰਦਰ ਪਾਲ ਮੰਡ ਨੇ ਆਏ ਮਹਿਮਾਨਾ ਅਤੇ ਵਿਦਵਾਨਾ ਦਾ ਗੁਲਦਸਤੇ ਦੇ ਕੇ ਸੁਆਗਤ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਦੋਹਾਂ ਅਦਾਰਿਆਂ ਵਿਚਕਾਰ ਸਾਂਝ ਨੂੰ ਪੱਕੀ ਅਤੇ ਸਦੀਵੀ ਬਣਾਉਣ ਦਾ ਅਹਿਦ ਕਰਦਿਆ ਪਰਸਪਰ ਸਾਂਝ ਦਸਤਾਵੇਜ਼ ਹਸਤਾਖਰ ਕੀਤੇ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਕਿਹਾ ਕਿ ਦੋਵੇ ਅਦਾਰੇ ਪੰਜਾਬੀਅਤ, ਪਰਵਾਸੀਆ ਅਤੇ ਪੰਜਾਬੀ ਸਭਿਆਚਾਰ ਦੀ ਪ੍ਰਫੁੱਲਤਾਂ ਲਈ ਦੋਵੇਂ ਧਰਾਤਲਾ ‘ਤੇ ਕਾਰਜ ਕਰਨ ਲਈ ਵਚਨਬਧ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਪਰਸਪਰ ਸਾਂਝ ਲਈ ਹਮੇਸ਼ਾਂ ਪ੍ਰਤੀਬਧ ਹੈ। ਸ੍ਰੀ ਸੁੱਖੀ ਬਾਠ ਨੇ ਇਸ ਸਾਂਝ ਨੂੰ ਪੱਕੀ ਪੀਢੀ ਕਰਨ ਲਈ ਵਚਨਬੱਧਤਾ ਦੁਹਰਾਈ। ਪੰਜਾਬ ਪ੍ਰਵਾਸ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਸੁਰਿੰਦਰਪਾਲ ਮੰਡ ਨੇ ਕਾਨਫਰੰਸ ਦੀ ਰੂਪ ਰੇਖਾ ਦਸਦਿਆਂ ਕਿਹਾ ਕਿ ਇਸ ਦੋ ਰੋਜ਼ਾ ਕਾਨਫਰੰਸ ਵਿਚ ਵੱਖ-ਵੱਖ ਕਾਲਜਾਂ ਤੋਂ 20 ਤੋਂ ਵੱਧ ਖੋਜੀ ਵਿਦਵਾਨ ਭਾਗ ਲੈ ਰਹੇ ਹਨ ਤੇ ਕਾਨਫਰੰਸ ਦੇ ਦੂਜੇ ਦਿਨ ਪਰਵਾਸੀ ਕਵੀ ਦਰਬਾਰ ਵੀ ਹੋਵੇਗਾ। ਕਾਨਫਰੰਸ ਦੇ ਪਹਿਲੇ ਦਿਨ ਆਪਣਾ ਕੁੰਜੀਵਤ ਭਾਸ਼ਨ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਅਤੇ ਉੱਘੇ ਪੰਜਾਬੀ ਚਿੰਤਕ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਆਧੁਨਿਕ ਪਰਵਾਸੀ ਪੰਜਾਬੀ ਸਾਹਿਤ ਪੂਰਬਲੇ ਪਰਵਾਸੀ ਪੰਜਾਬੀ ਸਾਹਿਤ ਵਾਂਗ ਭੁ-ਹਰਵੇ ਦੇ ਰੁਦਨ ਤੋਂ ਮੁਕਤ ਹੈ। ਨਵੇਂ ਪਰਵਾਸੀ ਲੇਖਕ ਬਹੁਪਸਾਰੀ ਤੇ ਬਹੁਪਰਤੀ ਯਥਾਰਥ ਨੂੰ ਸਮੁੱਚ ਵਿਚ ਆਪਣੀ ਸੰਵੇਦਨਾ ਦੇ ਘੇਰੇ ਦੀ ਵਸਤੂ ਬਣਾ ਕੇ ਰਚਨਾਤਮਕ ਕੌਸ਼ਲ ਸਹਿਤ ਪ੍ਰਤੀਬਿੰਬਤ ਕਰਨ ਦੀ ਰਚਨਾਤਮਕ ਪ੍ਰਤਿਭਾ ਰੱਖਦੇ ਹਨ। ਇਸੇ ਕਰਕੇ ਪਰਵਾਸੀ ਪੰਜਾਬੀ ਸਾਹਿਤ ਮੁੱਖ ਧਾਰਾ ਦੇ ਸਾਹਿਤ ਦੇ ਹਾਣ ਦਾ ਹੈ। ਇਸ ਕਾਨਫਰੰਸ ਵਿਚ ਪਰਵਾਸੀ ਲੇਖਕ ਜਰਨੈਲ ਸਿੰਘ ਸੇਖਾ, ਅਮਰੀਕ ਪਲਾਹੀ, ਸੁਰਿੰਦਰ ਸੁੰਨੜ, ਪ੍ਰੋ. ਕੁਲਵੰਤ ਔਜਲਾ ਨੇ ਪਰਵਾਸ ਅਤੇ ਪਰਵਾਸੀ ਪੰਜਾਬੀ ਸਾਹਿਤ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਅਕਾਦਮਿਕ ਸੈਸ਼ਨ ਵਿਚ ਵੱਖ-ਵੱਖ ਕਾਲਜਾਂ ਤੋਂ ਆਏ ਵਿਦਵਾਨ ਡਾ. ਨਰੇਸ਼ ਕੁਮਾਰ, ਡਾ. ਹਰਜੀਤ ਸਿੰਘ ਪਾਲੀ, ਡਾ. ਸੁਖਦੇਵ ਸਿੰਘ ਨਾਗਰਾ, ਡਾ. ਇੰਦਰਜੀਤ ਕੌਰ, ਡਾ. ਸੁਖਵਿੰਦਰ ਸਿੰਘ, ਡਾ. ਤਜਿੰਦਰ ਕੌਰ ਤੇ ਹੋਰਾਂ ਨੇ ਖੋਜ ਪੱਤਰ ਪ੍ਰਸਤੁਤ ਕੀਤੇ। ਸਮਾਗਮ ਦੇ ਅਖੀਰ ਵਿਚ ਡਾ. ਗੋਪਾਲ ਸਿੰਘ ਬੁੱਟਰ ਮੁਖੀ ਪੰਜਾਬੀ ਵਿਭਾਗ ਨੇ ਆਏ ਮਹਿਮਾਨਾਂ ਤੇ ਖੋਜੀ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

Leave a Reply