ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ

ਜਲੰਧਰ 20 ਅਪ੍ਰੈਲ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਸਰੀਰਿਕ ਸਿੱਖਿਆ ਅਤੇ ਸਪੋਰਟਸ ਵਿਭਾਗ ਦੇ ਮੁੱਖੀ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਕੋਚ ਸਾਹਿਬਾਨ, ਜੇਤੂ ਖਿਡਾਰੀਆਂ ਅਤੇ ਅਧਿਆਪਕ ਸਾਹਿਬਾਨ ਨੂੰ ਜੀ ਆਇਆ ਕਿਹਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਕਾਲਜ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਕਾਲਜ ਦਾ ਖੇਡ ਵਿਭਾਗ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਦੇਸ਼ ਨੂੰ ਦੇ ਰਿਹਾ ਹੈ। ਪਿਛਲੇ ਲੰਮੇਂ ਸਮੇਂ ਤੋਂ ਲਾਇਲਪੁਰ ਖ਼ਾਲਸਾ ਕਾਲਜ ਦੇ ਖੇਡ ਵਿਭਾਗ ਨੇ ਵੱਖ-ਵੱਖ ਖੇਡਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੱੰਦਰੀ ਟ੍ਰਾਫ਼ੀ ੨੪ ਵਾਰ ਜਿੱਤ ਕੇ ਇਤਿਹਾਸ ਸਿਰਜਿਆ ਹੈ। ਉਹਨਾਂ ਕਿਹਾ ਕਿ ਸਾਡੇ ਖਿਡਾਰੀ ਸਾਡਾ ਮਾਣ ਤੇ ਸਨਮਾਨ ਹਨ। ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਸੂਰਯਾਭਾਨੂੰ ਪ੍ਰਤਾਪ ਸਿੰਘ ਨੂੰ ਵੁਸ਼ੂ, ਵਾਸੂ ਕੁਮਾਰ ਨੂੰ ਕਰਾਟੇ, ਅਜੇ ਕੁਮਾਰ ਨੂੰ ਜੂਡੋ, ਗੁਰਿੰਦਰ ਵੀਰ ਸਿੰਘ ਨੂੰ ਅਥਲੈਟਿਕਸ, ਵਿਜੇ ਕੁਮਾਰ ਨੂੰ ਬਾਕਸਿੰਗ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਲਈ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਚ ਰਿਸ਼ੀ ਕੁਮਾਰ ਨੂੰ ਵੁਸ਼ੂ, ਕੋਚ ਸਰਬਜੀਤ ਸਿੰਘ ਨੂੰ ਅਥਲੈਟਿਕਸ ਅਤੇ ਕੋਚ ਵਰਿੰਦਰ ਕੁਮਾਰ ਨੂੰ ਬਾਕਸਿੰਗ ਦੀਆਂ ਖੇਡਾਂ ਦੀ ਕੋਚਿੰਗ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਅਧਿਆਪਕ ਸਾਹਿਬਾਨ ਨੂੰ ਸਪੋਰਟਸ ਮੀਟ ਵਿੱਚ ਭਾਗ ਲੈਂਦਿਆਂ ਵੱਖ-ਵੱਖ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਰੀਨ ਕੌਰ ਨੇ ਸਮੂਹ ਖਿਡਾਰੀਆਂ ਅਤੇ ਅੀਧਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਮਨੋਹਰ ਸਿੰਘ, ਡਾ. ਐਸ.ਐਸ.ਬੈਂਸ, ਡਾ. ਤਰਸੇਮ ਸਿੰਘ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

Leave a Reply