ਮਾਂ ਬੋਲੀ ਪੰਜਾਬੀ

ਪੰਜ -ਆਬਾਂ ਦੀ ਪਿਆਰੀ ਬੋਲੀ ਪੰਜਾਬੀ, ਤੂੰ ਕਿੰਨੀ ਪਿਆਰੀ ਹੈਂ ਕਿੰਨੀ ਮਿੱਠੀ ਹੈਂ ਜੋ ਵੀ ਤੇਰੀ ਧਰਤੀ ਤੇ ਆਇਆ ,ਉਹ ਤੇਰਾ ਬਣ ਗਿਆ ।ਤੂੰ ਕਿਸਮਤ ਵਾਲੀ ਹੈਂ।ਤੈ ਨੂੰ ਪਿਆਰ ਕਰਨ ਵਾਲਿਆਂ ਨੇ, ਆਪਣੇ ਦਿਲ ਦੀ ਗੱਲ ਕਹਿਣ ਲਈ ਤੈਨੂੰ ਵਸੀਲਾ ਬਣਾਇਆ ।ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਅਰਜਨ ਦੇਵ ਜੀ ਤੱਕ,ਸਿੱਖ ਗੁਰੂਆਂ ਨੇ ਅਧਿਆਤਮਕ ਬਾਣੀ ਦੀ ਰਚਨਾ ਪੰਜਾਬੀ ਬੋਲੀ ਤੇ ਪੰਜਾਬੀ ਲਿੱਪੀ ਵਿੱਚ ਕਰਕੇ ,ਗੁਰੂ ਗਰੰਥ ਸਾਿਹਬ ਵਰਗੀ ਮਹਾਨ ਕਿਰਤ ਪੰਜਾਬੀ ਬੋਲੀ ਦੀ ਝੋਲੀ ਪਾਈ ।ਜਿਸ ਵਿੱਚ ਮਹਾਨ ਸੰਤਾਂ ਤੇ ਭਗਤਾਂ ਦੀ ਬਾਣੀ ਵੀ ਸ਼ਾਮਲ ਹੈ ।ਇਥੋ ਤੱਕ ਕਿ ਪਰਸਿੱਧ ਸੂਫੀ ਸੰਤ ਬਾਬਾ ਫਰੀਦ ਜੀ ਦੇ ਸਲੋਕ ਵੀ ਸ਼ਾਮਲ ਕੀਤੇ ਜੋ ਇਸ ਗੱਲ ਦੀ ਗੁਆਹੀ ਭਰਦੇ ਹਨ ਕਿ ਪੰਜਾਬੀ ਸਭ ਦੀ ਸਾਂਝੀ ਤੇ ਹਰਮਨ ਪਿਆਰੀ ਬੋਲੀ ਹੈ।
ਪੰਜਾਬੀ ਕਿਉਂਕਿ ਪੰਜਾਂ ਦਰਿਆਵਾਂ ਦੀ ਧਰਤੀ ਦੀ ਬੋਲੀ ਹੈ ਇਸ ਕਰਕੇ ਇਸ ਦਾ ਘੇਰਾ ,ਵਿਸ਼ਾਲ ਹੈ ।ਇਥੋੰ ਦਾ ਪੌਣ ਪਾਣੀ ਸੁਖਾਵਾਂ ਹੋਣ ਕਰਕੇ ਇਥੋ ਦੇ ਵਸਨੀਕ ਮਿਹਨਤੀ ਤੇ ਚੰਗੀ ਡੀਲ ਡੌਲ ਵਾਲੇ ਹਨ।ਇਹਨਾਂ ਦਾ ਮੁੱਖ ਕਿੱਤਾ ਖੇਤੀ ਵਾੜੀ ਹੈ (ਵਕਤ ਨਾਲ ਕੁਝ ਬਦਲ ਗਿਆ ਹੈ)ਜਿਸ ਕਰਕੇ ਇਹ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ ।ਜੀਵਨ ਦਾ ਪੂਰਾ ਅਨੰਦ ਮਾਣਦੇ ਸਨ ।ਪੰਜਾਬੀ ਦੇ ਲੋਕ ਗੀਤ ,ਲੋਕ ਮੇਲੇ ,ਲੋਕ ਮੁਹਵਰੇ ,ਗੱਲ ਕੀ ਸਾਰਾ ਲੋਕ ਸਾਹਿਤ, ਇਸ ਬੋਲੀ ਦੀ ਹਰਮਨ ਪਿਆਰਤਾ ਦੀ ਪੁਸ਼ਟੀ ਕਰਦਾ ਹੈ।
ਮੁਗਲਾਂ ਦੇ ਇਸ ਧਰਤੀ ਤੇ ਆ ਵੱਸਣ ਕਾਰਨ ਮੁਸਲਿਮ ਕਵੀਆਂ ਨੇ ਵੀ ,ਪੰਜਾਬੀ ਬੋਲੀ ਵਿੱਚ ਹੀ ਰਚਨਾਵਾਂ ਰਚਕੇ, ਇਸ ਨੂੰ ਹੋਰ ਵੀ ਅਮੀਰ ਬਣਾ ਦਿੱਤਾ। ਬਾਬਾ ਫਰੀਦ ਤੋਂ ਬਾਅਦ ਸੂਫੀ ਕਵੀ ਬੁਲ੍ਹੇ ਸ਼ਾਹ ,ਸ਼ਾਹ ਹੁਸੈਨ ,ਸੁਲਤਾਨ ਬਾਹੂ ਤੇ ਹੋਰ ਸੂਫੀ ਕਵੀਆਂ ਨੇ ਪੰਜਾਬੀ ਬੋਲੀ ਨੂੰ ਅਪਨਾਇਆ।
ਪੰਜਾਬ ਦੀਆਂ ਪਿਆਰ ਕਹਾਣੀਆਂ ਬਾਰੇ ਲਿਖੇ ਕਿੱਸੇ ਵੀ ਪੰਜਾਬੀ ਬੋਲੀ ਵਿੱਚ ਹੀ ਰਚੇ ਗਏ ।ਹੀਰ ਵਾਰਸ ਸ਼ਾਹ, ਸੱਸੀ ਪੁੱਨੂੰ, ਸੋਹਣੀ ਮਹੀਵਾਲ, ਮਿਰਜਾ ਸਾਹਿਬਾਂ ,ਲੂਣਾ ਤੇ ਪੂਰਨ ਭਗਤ ਜਿਹੇ ਕਿੱਸੇ ,ਹਰ ਮਨ ਪਿਆਰੇ ਹੋਏ ।ਇਹ ਕਿੱਸੇ ਕੇਵਲ ਪਿਆਰ ਕਹਾਣੀਆਂ ਹੀ ਨਹੀ ਸਗੋ ਪੰਜਾਬੀ ਜੀਵਨ ਬਿਰਤਾਂਤ ਤੇ ਸ਼ਬਦਾਵਲੀ ਦਾ ਭੰਡਾਰ ਹਨ।
ਪੰਜਾਬੀ ਬੋਲੀ ਵਿੱਚ ਬੀਰ ਕਾਵਿ ਦੀ ਰਚਨਾ ਵੀ ਹੋਈ ।ਪੰਜਾਬ ਜਰਵਾਣਿਆਂ ਦੀ ਧਰਤੀ ਹੈ।ਇਸ ਲਈ ਪੰਜਾਬੀਆਂ ਵਿੱਚ ਜੋਸ਼ ਤੇ ਉਤਸ਼ਾਹ ਭਰਣ ਲਈ, ਬੀਰ ਰੱਸੀ ਕਵਿਤਾ ਸਮੇ ਦੀ ਲੋੜ ਸੀ ।ਸੱਭ ਤੋਂ ਸਰੇਸ਼ਟ ਰਚਨਾ ਚੰਡੀ ਦੀ ਵਾਰ ਹੈ ਜੋ ਗੁਰੂ ਗੋਬਿੰਦ ਦੀ ਰਚਨਾ ਹੈ। ਇਹ ਸਾਰੀਆਂ
ਰਚਨਾਵਾਂ ਪੁਰਾਤਨ ਪੰਜਾਬੀ ਕਾਵਿ ਨਾਲ ਸਬੰਧਿਤ ਹਨ ।
ਅਜੋਕੇ ਯੁਗ ਦੇ ਸਾਹਿਤਕਾਰਾਂ ਵਿਚੋਂ ਭਾਈ ਵੀਰ ਸਿੰਘ ,ਪੋਫੈਸਰ ਪੂਰਨ ਸਿੰਘ ,ਧਨੀ ਰਾਮ ਚਾਤ੍ਰਿਕ ,ਗੁਰਬਖਸ਼ ਸਿੰਘ ਪ੍ਰੀਤਲੜੀ ,ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ,ਪਿ੍ਰੰਸੀਪਲ ਤੇਜਾ ਸਿੰਘ ,ਡਾ: ਹਰਭਜਨ ਸਿੰਘ ,ਸ਼ਿਵ ਕੁਮਾਰ ਬਟਾਲਵੀ , ਪ੍ਰੋ:ਜਗਜੀਤ ਸਿੰਘ ਛਾਬੜਾ,ਸ ਸ ਮੀਸ਼ਾ ਨਿਰੰਜਨ ਤਸਨੀਮ,ਸੁਰਜੀਤ ਪਾਤਰ ਤੇ ਅਨੇਕਾਂ ਹੋਰ ਸਾਹਿਤਕਾਰ ਹਨ ,ਜੋ ਲਗਾਤਾਰ ਪੰਜਾਬੀ ਬੋਲੀ ਵਿੱਚ ਰਚਨਾ ਕਰ ਰਹੇ ਹਨ।
ਜੇ ਸਾਡੀ ਪੰਜਾਬੀ ਬੋਲੀ ਦਾ ਵਿਰਸਾ ਏਨਾ ਅਮੀਰ ਹੈ ਤਾਂ ਇਸ ਵੇਲੇ ਲੋੜ ਹੈ ਆਪਣੇ ਵਿਰਸੇ ਨੂੰ ਸੰਭਾਲਣ ਦੀ ।ਸਾਡੀਆਂ ਪੁਰਾਣੀਆਂ ਪੁਸਤਕਾਂ ਨੂੰ ਮੁੜ ਤੋ ਪਰਕਾਸ਼ਿਤ ਕਰਣ ਦੀ ਕਿਉਕਿ ਸਮਾਂ ਬੀਤਣ ਨਾਲ ਰਚਨਾਵਾਂ ਦਾ ਪੇਪਰ ਖਸਤਾ ਤੇ ਖਰਾਬ ਹੋ ਜਾਂਦਾ ਹੈ ।ਏਨੀਆਂ ਅਮੀਰ ਰਚਨਾਵਾਂ ਜੋ ਸਾਡੇ ਵਿਰਸੇ ਦਾ ਅੰਗ ਹਨ ,ਉਹ ਰੱਦੀ ਦੀ ਟੋਕਰੀ ਵਿੱਚ ਸੁੱਟ ਦਿਤੀਆਂ ਜਾਂਦੀਆਂ ਹਨ ,ਜਿਸ ਕਰਕੇ ਅੱਜ ਦੀ ਪੀੜ੍ਹੀ ਉਹਨਾਂ ਤੋਂ ਅਣਜਾਣ ਰਹਿ ਜਾਂਦੀ ਹੈ।
ਸਾਡੇ ਸਭਿਆਚਾਰ ਦੀਆਂ ,ਸਾਡੇ ਇਤਿਹਾਸ ਦੀਆਂ ਤਸਵੀਰਾਂ ਨੂੰ ਵੀ ਸੰਭਾਲਣ ਦੀ ਲੋੜ ਹੈ ਤਾਂ ਕਿ ਅੱਜ ਦੇ ਬੱਚੇ ਉਸ ਤੋ ਜਾਣੂ ਹੋ ਸੱਕਣ। ਇਹ ਉਦਮ ਸਾਨੂੰ ਤੇ ਸਰਕਾਰ ਨੂੰ ਸਾਂਝੇ ਤੌਰ ਤੇ ਕਰਨਾ ਚਾਹੀਦਾ ਹੈ ।ਅਫਸੋਸ ਦੀ ਗੱਲ ਇਹ ਹੈ ਕਿ ਰਾਜਨੀਤਕ ਅਸਰ ਹੇਠ, ਪੰਜਾਬੀ ਬੋਲੀ ਨੂੰ ਅਤੇ ਰਚਨਾਵਾਂ ਨੂੰ ਅਣਗੌਲਿਆ ਜਾ ਰਿਹਾ ਹੈ ।ਸਕੂਲਾਂ ਵਿੱਚ ਹਿੰਦੀ ਤੇ ਇੰਗਲਿਸ਼ ਤਾਂ ਬੋਲੀ ਜਾਂਦੀ ਹੈ ਪਰ ਪੰਜਾਬੀ ਨਹੀ ।ਪੰਜਾਬ ਵਿੱਚ ਮਾਪੇ ਆਪ ਵੀ ਬੱਚਿਆਂ ਨਾਲ ਹਿੰਦੀ ਜਾ ਇੰਗਲਿਸ਼ ਵਿੱਚ ਹੀ ਗੱਲ ਕਰਨਾ ਵਧੇਰੇ ਸਭਿਅੱਕ ਸਮਝਦੇ ਹਨ ।ਜੇ ਮਾਂ ਆਪਣੇ ਹੀ ਬੱਚਿਆਂ ਨਾਲ ਪੰਜਾਬੀ ਬੋਲੀ ਵਿੱਚ ਗੱਲ ਨਹੀ ਕਰੇ ਗੀ ਤਾਂ ਬੱਚੇ ਕਿਵੇਂ ਸਿਖਣ ਗੇ ।ਇਸ ਲਈ ਮਾਂ ਬਾਪ ਦਾ ਫਰਜ ਬਣਦਾ ਹੈ ,ਉਹ ਪੰਜਾਬੀ ਬੋਲਣ ਨੂੰ ਤਰਜੀਹ ਦੇਣ।
ਸੱਭ ਤੋਂ ਦੁਖਦਾਈ ਗੱਲ ਇਹ ਹੈ ਕਿ ਸਾਡੇ ਗੀਤਕਾਰ ਸਟੇਜਾਂ ਤੇ ਪੰਜਾਬੀ ਸੱਭਿਚਾਰਕ ਗੀਤਾਂ ਦੀ ਬਜਾਏ ਇਹੋ ਜਿਹੇ ਗੀਤ ਪੰਜਾਬੀ ਬੋਲੀ ਵਿੱਚ ਪੇਸ਼ ਕਰਦੇ ਹਨ ਜੋ ਕੇਵਲ ਨੱਚਣ ਟੱਪਣ ਤੇ ਦਿਲ ਪਰਚਾਵੇ ਦਾ ਸਾਧਨ ਹੀ ਹੁੰਦੇ ਹਨ ।ਜਿਨ੍ਹਾਂ ਤੋ ਪੰਜਾਬੀ ਸਭਿਆਚਾਰ ਦੀ ਅਸਲੀ ਤਸਵੀਰ ਸਾਹਮਣੇ ਨਹੀ ਅਉਦੀ ਇਸ ਲਈ ਨੌਜਵਾਨ ਪੀਹੜੀ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਬੋਲੀ ਦੀ ਅਸਲੀ ਤਸਵੀਰ ਨੂੰ ਸਾਹਮਣੇ ਲਿਆਉਣ ।
ਪੰਜਾਬ ਦੇ ਅਣਖੀਲੇ ਇਤਿਹਾਸ ਵਿਚ ਅਦਲਾ ਬਦਲੀ ਕਰਕੇ ਵਿਦਿਆਥੀਆਂ ਸਾਹਮਣੇ ਨਾ ਲਿਆਂਦਾਂ ਜਾਵੇ ।ਸਮੇ ਦੇ ਬੀਤਣ ਨਾਲ ਪੰਜਾਬੀ ਬੋਲੀ ਦੇ ਸ਼ਬਦ ਜੋ ਅਲੋਪ ਹੋ ਰਹੇ ਹਨ ,ਉਹਨਾਂ ਦੀ ਜਾਣਕਾਰੀ ਲਈ ਉਪਰਾਲੇਕੀਤੇ ਜਾਣ ਤਾਂ ਕਿ ਬੱਚੇ ਆਪਣੇ ਅਮੀਰ ਵਿਰਸੇ ਨੂੰ ਭੁੱਲ ਹੀ ਨਾਂ ਜਾਣ।
-ਬਲਵੰਤ ਕੌਰ ਛਾਬੜਾ, ਯੂ .ਐਸ .ਏ.

Leave a Reply