ਜੋਸ਼-ਖਰੋਸ਼ ਨਾਲ ਸ਼ੁਰੂ: ਮੇਲਾ ਗ਼ਦਰੀ ਬਾਬਿਆਂ ਦਾ

* ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹੋਏ ਭਾਸ਼ਣ
* ਗਾਇਨ ਮੁਕਾਬਲੇ ਵਿੱਚ ਨਿੱਕੇ ਨਿਕਲੇ ਵੱਡਿਆਂ ਤੋਂ ਤਿੱਖੇ
ਜਲੰਧਰ 30 ਅਕਤੂਬਰ (ਜਸਵਿੰਦਰ ਆਜ਼ਾਦ)- ਸਾਡੇ ਮੁਲਕ ਦੀ ਆਜ਼ਾਦੀ ਲਈ ਸਭ ਕੁੱਝ ਨਿਛਾਵਰ ਕਰਨ ਵਾਲੀ 1 ਨਵੰਬਰ 1913 ਨੂੰ ਅਮਰੀਕਾ ਵਿੱਚ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸਨਾ ਨਾਲ ਗ਼ਦਰ ਪਾਰਟੀ ਵਜੋਂ ਸਾਹਮਣੇ ਆਈ ਇਨਕਲਾਬੀ ਤਵਾਰੀਖ਼ ਦੇ ਸਿਰਜਕ ਅਮਰ ਸ਼ਹੀਦਾਂ ਅਤੇ ਸੰਗਰਮੀਆਂ ਦੇ ਯੋਗਦਾਨ ਨੂੰ ਸਿਜਦਾ ਕਰਦਿਆਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸ਼ੁਰੂ ਹੋਇਆ 27ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ।
ਵਿਸ਼ਵ ਦੇ ਸਿਰਮੌਰ ਇਨਕਲਾਬੀ ਦਾਰਸ਼ਨਿਕ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਤ ਇਸ ਮੇਲੇ ਦਾ ਆਗਾਜ਼, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ ਅਤੇ ਜੋਆਇੰਟ ਸਕੱਤਰ ਡਾ. ਪਰਮਿੰਦਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਹਰਵਿੰਦਰ ਭੰਡਾਲ, ਪ੍ਰਿਥੀਪਾਲ ਮਾੜੀਮੇਘਾ, ਮੰਗਤ ਰਾਮ ਪਾਸਲਾ, ਸੀਤਲ ਸਿੰਘ ਸੰਘਾ, ਡਾ. ਕਰਮਜੀਤ ਸਿੰਘ, ਚਰੰਜੀ ਲਾਲ ਕੰਗਣੀਵਾਲ, ਹਰਬੀਰ ਕੌਰ ਬੰਨੂਆਣਾ ਤੇ ਦੇਵਰਾਜ ਨਯੀਅਰ ਤੋਂ ਇਲਾਵਾ ਸਮੁੱਚੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਨਾਲ ਹੋਇਆ।
ਸ਼ਮਾਂ ਰੌਸ਼ਨ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਕਾਰਲ ਮਾਰਕਸ ਦਾ 200ਵਾਂ ਜਨਮ ਦਿਹਾੜਾ ਅਸਲ ਵਿੱਚ ਨਵੇਂ ਵਿਚਾਰਾਂ ਅਤੇ ਨਵੇਂ ਸਮਾਜ ਦੀ ਸਿਰਜਣਾ ਦਾ ਦਿਹਾੜਾ ਹੈ।
ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਕਿਹਾ ਕਿ ਰਵਾਇਤੀ, ਮਨੋਰੰਜਨ ਅਤੇ ਵਿਵਸਥਾ ਦਾ ਗੁਣਗਾਨ ਕਰਦੇ ਮੇਲਿਆਂ ਨਾਲੋਂ ਮੂਲੋਂ ਨਿਵੇਕਲਾ ਇਹ ਮੇਲਾ, ਗ਼ਦਰ ਲਹਿਰ ਦੀ ਪਰਸੰਗਕਤਾ ਵਿਚਾਰ-ਚਰਚਾ ਅਤੇ ਕਲਾ ਕਿਰਤਾਂ ਰਾਹੀਂ ਉਭਾਰੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਇਸ ਮੌਕੇ ਕਿਹਾ ਕਿ ਜ਼ਿੰਦਗੀ ਦਾ ਮਕਸਦ ਸਮਝਣ ਦੀ ਜਾਚ ਸਿਖਾਉਂਦਾ ਸਾਡੇ ਗੌਰਵਮਈ ਇਤਿਹਾਸ ਦੀ ਲੋਅ ਵਿੱਚ ਲੋਕ-ਮੁਕਤੀ ਦਾ ਮਾਰਗ ਤਲਾਸ਼ਣ ਦੀ ਚੇਤਨਾ ਦਾ ਚਾਨਣ ਵੰਡਦਾ ਮੇਲਾ ਗ਼ਦਰੀ ਬਾਬਿਆਂ ਦਾ ਸਾਡੇ ਸਭਿਆਚਾਰ ਅੰਦਰ ਨਿਵੇਕਲਾ ਮੀਲ-ਪੱਥਰ ਹੈ।
ਪਹਿਲੇ ਦਿਨ ਗਾਇਨ ਮੁਕਾਬਲਾ ਸੀਨੀਅਰ (ਸੋਲੋ) ਵਿੱਚ ਪਹਿਲਾ ਸਥਾਨ ਵਨੀਤ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ, ਜਲੰਧਰ), ਦੂਜਾ ਸਥਾਨ ਸੁਧਾਂਸ਼ੂ (ਵਿਅਕਤੀਗਤ) ਅਤੇ ਤੀਜਾ ਸਥਾਨ ਸੁਖਪ੍ਰੀਤ ਸਿੰਘ (ਸਰਕਾਰੀ ਆਰਟ ਐਂਡ ਸਪੋਰਟਸ ਕਾਲਜ ਜਲੰਧਰ) ਨੇ ਹਾਸਲ ਕੀਤਾ।
ਗਾਇਨ ਮੁਕਾਬਲਾ ਸੀਨੀਅਰ (ਸਮੂਹ ਗਾਇਨ) ਵਿੱਚ ਪਹਿਲਾ ਸਥਾਨ ਸਵਿਤਾ ਅਤੇ ਸਾਥੀ (ਦੇਵ ਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ), ਦੂਜਾ ਸਥਾਨ ਹਰਪ੍ਰੀਤ ਕੌਰ ਤੇ ਸਾਥੀ (ਐਮ.ਜੀ.ਐਨ. ਸਕੂਲ, ਆਦਰਸ਼ ਨਗਰ, ਜਲੰਧਰ), ਤੀਜਾ ਸਥਾਨ ਵੰਧਨਾ ਤੇ ਸਾਥੀ (ਮਾਡਲ ਸੀ. ਸੈਕੰਡਰੀ ਸਕੂਲ, ਜਲੰਧਰ) ਨੇ ਪ੍ਰਾਪਤ ਕੀਤਾ।
ਗਾਇਨ ਮੁਕਾਬਲਾ ਜੂਨੀਅਰ (ਸੋਲੋ) ਵਿੱਚ ਪਹਿਲਾ ਸਥਾਨ ਹਨਿਮਾ (ਗੁਰੂ ਨਾਨਕ ਖਾਲਸਾ ਪਬਲਿਕ ਸਕੂਲ, ਬਾਬਾ ਸੰਘ ਢੇਸੀਆਂ, ਜਲੰਧਰ), ਦੂਜਾ ਸਥਾਨ ਗੁਰਕਮਲ ਸਿੰਘ (ਐਸ.ਆਰ.ਟੀ.ਡੀ.ਏ.ਵੀ. ਪਬਲਿਕ ਸਕੂਲ, ਬਿਲਗਾ), ਤੀਜਾ ਸਥਾਨ ਗੁਰਪਾਲ ਸਿੰਘ (ਲਾਇਲਪੁਰ ਖਾਸਲਾ ਸਕੂਲ, ਜਲੰਧਰ) ਨੇ ਪ੍ਰਾਪਤ ਕੀਤਾ।
ਗਾਇਨ ਮੁਕਾਬਲਾ ਜੂਨੀਅਰ (ਸਮੂਹ ਗਾਇਨ) ਵਿੱਚ ਪਹਿਲਾ ਸਥਾਨ ਕੁਮ ਕੁਮ ਤੇ ਸਾਥੀ (ਦੇਵ ਰਾਜ ਗਰਲਜ਼ ਸੀ. ਸੈ. ਸਕੂਲ, ਜਲੰਧਰ), ਦੂਜਾ ਸਥਾਨ ਗੁਰਕਮਲ ਸਿੰਘ ਦੁਸਾਂਝ ਤੇ ਸਾਥੀ (ਐਸ.ਆਰ.ਟੀ.ਡੀ.ਏ.ਵੀ. ਪਬਲਿਕ ਸਕੂਲ, ਬਿਲਗਾ), ਤੀਜਾ ਸਥਾਨ ਨਿਖਿਲ ਤੇ ਸਾਥੀ (ਸ੍ਰੀ ਪਾਰਵਤੀ ਜੈਨ ਸਕੂਲ ਜਲੰਧਰ) ਨੇ ਪ੍ਰਾਪਤ ਕੀਤਾ।
ਗਾਇਨ ਮੁਕਾਬਲੇ ਵਿੱਚ ਵਿਸ਼ੇ ਦੀ ਚੋਣ, ਪੇਸ਼ਕਾਰੀ ਦੀ ਕਲਾਕਾਰੀ ਅਤੇ ਸੰਗੀਤਕ ਪੱਖ ਤੋਂ ਜੂਨੀਅਰ ਗਰੁੱਪ ਦੇ ਨਿੱਕੇ ਨਿਕਲੇ ਸੀਨੀਅਰ ਗਰੁੱਪ ਦੇ ਵੱਡਿਆਂ ਨਾਲੋਂ ਤਿੱਖੇ। ਗਾਇਨ ਮੁਕਾਬਲਾ ਇੱਕ ਗੰਭੀਰ ਫ਼ਿਕਰ ਦਾ ਸੁਆਲ ਵੀ ਖੜਾ ਕਰਕੇ ਗਿਆ ਕਿ ਨੌਜਵਾਨ ਪੀੜੀ ਸਾਡੀ ਮਿੱਟੀ ਨਾਲ ਜੁੜੀ ਗਾਇਕੀ ਅਤੇ ਸੰਗੀਤ ਪ੍ਰਤੀ ਕਿੰਨੀ ਕੁ ਸੰਵੇਦਨਸ਼ੀਲ ਰਹਿ ਗਈ ਹੈ।
‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਹੱਤਵ’ ਵਿਸ਼ੇ ‘ਤੇ ਹੋਏ ਭਾਸ਼ਣ ਮੁਕਾਬਲੇ ਵਿੱਚ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਸ ਵਿੱਚ ਪਹਿਲਾ ਸਥਾਨ ਜੋਬਨਪ੍ਰੀਤ ਕੌਰ (ਸੰਤ ਹੀਰਾ ਦਾਸ ਕੰਨਿਆਂ ਮਹਾਂਵਿਦਿਆਲਾ, ਕਾਲਾ ਸੰਘਿਆ), ਦੂਜਾ ਸਥਾਨ ਮਰਿਧੂ (ਐਸ.ਆਰ.ਟੀ. ਡੀ.ਏ.ਵੀ.ਪਬਲਿਕ ਸਕੂਲ, ਬਿਲਗਾ) ਤੇ ਜਸਕਰਨ ਕੌਰ (ਸੰਤ ਹੀਰਾ ਦਾਸ ਪਬਲਿਕ ਸਕੂਲ, ਕਾਲਾ ਸੰਘਿਆ), ਤੀਜਾ ਸਥਾਨ ਕਨਿਕਾ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ) ਨੇ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਦਿਆਲ ਕੌਰ (ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ, ਸ਼ੇਖੂਪੁਰ), ਨੇਹਾ (ਮੇਹਰ ਚੰਦ ਪੌਲੀਟੈਕਨਿਕ ਜਲੰਧਰ), ਮਨਪ੍ਰੀਤ ਕੌਰ (ਗੁਰੂ ਨਾਨਕ ਨੈਸ਼ਨਲ ਕਾਲਜ ਫ਼ਾਰ ਵੂਮੈਨ, ਨਕੋਦਰ), ਪਰਮਜੀਤ ਕੌਰ (ਵਿਅਕਤੀਗਤ), ਤਾਨੀਆ (ਰਾਮਗੜੀਆ ਆਰਟਸ ਕਾਲਜ ਫਗਵਾੜਾ), ਜੈਵੀਰ ਕੌਰ (ਸੇਂਟ ਥਾਮਸ ਸਕੂਲ ਸੂਰਾਨੁੱਸੀ), ਸਿਮਰਨਦੀਪ ਕੌਰ (ਵਿਅਕਤੀਗਤ) ਨੂੰ ਹੌਂਸਲਾ ਵਧਾਊ ਇਨਾਮ ਨਾਲ ਨਿਵਾਜਿਆ ਗਿਆ।
ਸਭਨਾਂ ਮੁਕਾਬਲਿਆਂ ਦੇ ਸਮੂਹ ਪ੍ਰਤੀਯੋਗੀਆਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਰਟੀਫਿਕੇਟ, ਸਨਮਾਨ ਚਿੰਨ, ਪੁਸਤਕਾਂ ਦੇ ਸੈੱਟ ਅਤੇ ਮਾਣ ਵਜੋਂ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ।
ਭਾਸ਼ਣ ਮੁਕਾਬਲਿਆਂ ਉਪਰੰਤ ਆਜ਼ਾਦ ਮੰਚ ਅਤੇ ਅਸ਼ੋਕ ਕਲਿਆਣ ਹੋਰਾਂ ਵੱਲੋਂ ਕਰਮਵਾਰ ‘ਮੁਕਤੀ’ ਅਤੇ ‘ਛਿਪਣ ਤੋਂ ਪਹਿਲਾਂ’ ਨਾਟਕ ਖੇਡੇ ਗਏ।

Leave a Reply