ਗ਼ਦਰ ਪਾਰਟੀ ਸਥਾਪਨਾ ਦਿਨ ਅਤੇ 28ਵਾਂ ਗ਼ਦਰੀ ਮੇਲਾ ਜੱਲਿਆਂਵਾਲਾ ਬਾਗ਼ ਕਾਂਡ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਤ ਹੋਏਗਾ

ਜਲੰਧਰ 26 ਨਵੰਬਰ (ਜਸਵਿੰਦਰ ਆਜ਼ਾਦ)- ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਬੋਰਡ ਆਫ਼ ਟਰਸੱਟ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਗਲੇ ਵਰੇ 21 ਅਪ੍ਰੈਲ ਨੂੰ ਗ਼ਦਰ ਪਾਰਟੀ ਦਾ ਸਲਾਨਾ ਸਥਾਪਨਾ ਦਿਹਾੜਾ ਅਤੇ 1 ਨਵੰਬਰ ਨੂੰ ਸਿਖਰਾਂ ਛੋਹਣ ਵਾਲਾ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ, ਜੱਲਿਆਂਵਾਲਾ ਬਾਗ਼ ਖ਼ੂਨੀ ਕਾਂਡ ਦੀ ਪਹਿਲੀ ਸ਼ਤਾਬਦੀ (1919-2019) ਨੂੰ ਸਮਰਪਤ ਕੀਤਾ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੁਲਕ ਦੇ ਆਜ਼ਾਦੀ ਸੰਗਰਾਮ ਵਿੱਚ ਇਤਿਹਾਸਕ ਇਨਕਲਾਬੀ ਮੋੜ ਸਿਰਜਣ ਵਾਲੇ ਜੱਲਿਆਂਵਾਲਾ ਖ਼ੂਨੀ ਕਾਂਡ ਅਤੇ ਉਸਦੀ ਲਹੂ ਰੱਤੀ ਮਿੱਟੀ ਨੂੰ ਮਸਤਕ ਨਾਲ ਲਗਾ ਕੇ ਆਜ਼ਾਦੀ, ਜਮਹੂਰੀਅਤ, ਸਾਂਝੀਵਾਲਤਾ, ਨਿਆਂ ਅਤੇ ਲੋਕਾਂ ਦੀ ਪੁੱਗਤ ਵਾਲੇ ਨਿਜ਼ਾਮ ਦੀ ਉਸਾਰੀ ਕਰਨ ਲਈ ਅਗੇਰੇ ਪੁਲਾਂਘਾ ਪੁੱਟਣ ਵਾਲੀਆਂ ਲਹਿਰਾਂ ਅਤੇ ਨਾਇਕਾਂ ਦੀ ਭੂਮਿਕਾ, ਸਾਡੇ ਸਮਿਆਂ ਲਈ ਹੋਰ ਵੀ ਪ੍ਰਸੰਗਕਤਾ ਅਤੇ ਮਹੱਤਤਾ ਰੱਖਦੀ ਹੈ। ਇਸ ਇਤਿਹਾਸਕ ਧਰੋਹਰ ਤੋਂ ਪੇ੍ਰਰਨਾ ਲੈ ਕੇ, ਅਜੋਕੀ ਲੋਕ-ਦੋਖੀ ਵਿਵਸਥਾ ਬਦਲਣ ਲਈ ਨੌਜਵਾਨ ਪੀੜੀ ਨੂੰ ਵਿਸ਼ੇਸ਼ ਕਰਕੇ ਅਗਲੀਆਂ ਕਤਾਰਾਂ ਵਿੱਚ ਲਿਆਉਣ ਅਤੇ ਮਿਹਨਤਕਸ਼ ਵਰਗ ਦੀ ਮੁਕਤੀ ਦਾ ਸੁਨੇਹਾ ਦੇਣ ਲਈ 2019 ਦਾ ਪੂਰਾ ਵਰਾ, ”ਜੱਲਿਆਂਵਾਲਾ ਬਾਗ਼ ਦਾ ਪੈਗ਼ਾਮ: ਜਾਰੀ ਰੱਖਣਾ ਹੈ ਸੰਗਰਾਮ” ਦੀ ਸੋਚ ਨੂੰ ਬੁਲੰਦ ਕਰਨ ਲਈ ਕਮੇਟੀ ਸਮਾਗਮਾਂ ਦੀ ਲੜੀ ਤੋਰੇਗੀ। ਇਸ ਲੜੀ ਦੀ ਹੀ ਕੜੀ ਹੋਏਗਾ ਸਥਾਪਨਾ ਦਿਵਸ ਸਮਾਗਮ ਅਤੇ ਮੇਲਾ ਗ਼ਦਰੀ ਬਾਬਿਆਂ ਦਾ।
ਮੀਟਿੰਗ ਵਿੱਚ ਬੀਤੀ ਇੱਕ ਨਵੰਬਰ ਨੂੰ ਹੋਏ 27ਵੇਂ ਮੇਲੇ ਉਪਰ ਪੜਚੋਲਵੀਂ ਨਜ਼ਰਸਾਨੀ ਕਰਕੇ, ਮੇਲੇ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਲੜ ਬੰਨਣ, ਊਣਤਾਈਆਂ ਅਤੇ ਸੀਮਤਾਈਆਂ ਨੂੰ ਅੰਤਰ-ਝਾਤ ਮਾਰਦਿਆਂ ਸਮੂਹਿਕ ਉੱਦਮ ਜੁਟਾ ਕੇ ਪੂਰਨ ਦਾ ਫੈਸਲਾ ਲਿਆ ਗਿਆ। ਮੇਲੇ ਵਿੱਚ ਸਹਿਯੋਗ ਦੇਣ ਲਈ ਸੰਸਥਾਵਾਂ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ।
ਫ਼ਿਰਕੂ ਜੱਥੇਬੰਦੀਆਂ ਦੇ ਲੋਕ-ਵਿਰੋਧੀ ਅਨਸਰਾਂ ਵੱਲੋਂ ਨਾਮਵਰ ਲੇਖਕਾ ਗੌਰੀ ਲੰਕੇਸ਼ ਦੇ ਕਤਲ ਉਪਰੰਤ ਉੱਘੇ ਨਾਟਕਕਾਰ ਡਾ. ਆਤਮਜੀਤ, ਪ੍ਰੋ. ਚਮਨ ਲਾਲ ਸਮੇਤ ਦਰਜ਼ਣਾਂ ਬੁੱਧੀਜੀਵੀਆਂ ਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਘੜਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਹੱਲਾ ਬੋਲਣ ਵਾਲਿਆਂ ਖਿਲਾਫ਼ ਲੋਕ-ਆਵਾਜ਼ ਉਠਾਉਣ ਅਤੇ ਅਧਿਆਪਕਾਂ ਦੇ ਹੱਕੀ ਘੋਲ ਦੀ ਹਮਾਇਤ ਅਤੇ ਮੰਗਾਂ ਪ੍ਰਵਾਨ ਦੇ ਮਤੇ ਪਾਸ ਕੀਤੇ ਗਏ।
ਬੋਰਫ਼ ਆਫ਼ ਟਰੱਸਟ ਦੀ ਮੀਟਿੰਗ ਉਪਰੰਤ ਮੇਲੇ ਦੀਆਂ ਪ੍ਰਬੰਧਕੀ ਟੀਮਾਂ ਦੀ ਹੋਈ ਮੀਟਿੰਗ ਵਿੱਚ ਵੀ ਮੇਲੇ ਉਪਰ ਉਸਾਰੂ-ਪੜਚੋਲਵੀਂ ਝਾਤ ਮਾਰੀ ਗਈ। ਜਿਸ ਵਿੱਚ ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਸਤੀਸ਼ ਪੰਡੋਰੀ, ਪਰਮਜੀਤ ਸਿੰਘ, ਡਾ. ਸੈਲੇਸ਼, ਸੁਮਨ ਲਤਾ, ਕੇਸਰ, ਕਸ਼ਮੀਰ ਘੁੱਗਸ਼ੋਰ ਨੇ ਮੇਲੇ ਵਿੱਚ ਨਵੇਂ ਰੰਗ ਭਰਨ ਲਈ ਅਤੇ ਹਰ ਪੱਖੋਂ ਸਫ਼ਲ ਕਰਨ ਲਈ ਸੁਝਾਅ ਰੱਖੇ। ਜਿਨਾਂ ਉਪਰ ਗੰਭੀਰਤਾ ਨਾਲ ਗੌਰ ਕਰਨ ਦਾ ਵਿਚਾਰ ਬਣਿਆ।
ਮੀਟਿੰਗ ਵਿੱਚ ਕਮੇਟੀ ਤਰਫ਼ੋਂ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੀਤਲ ਸਿੰਘ ਸੰਘਾ, ਹਰਵਿੰਦਰ ਭੰਡਾਲ, ਚਰੰਜੀ ਲਾਲ ਕੰਗਣੀਵਾਲ, ਪ੍ਰਗਟ ਸਿੰਘ ਜਾਮਾਰਾਏ, ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ ਨੇ ਵੀ ਵਿਚਾਰ ਰੱਖੇ। ਕਮੇਟੀ ਵੱਲੋਂ ਰੱਖੇ ਮਤਿਆਂ ਨੂੰ ਇਸ ਮੀਟਿੰਗ ਵੱਲੋਂ ਵੀ ਹੱਥ ਖੜੇ ਕਰਕੇ ਹਮਾਇਤੀ ਹੁੰਗਾਰਾ ਭਰਿਆ ਗਿਆ।

Leave a Reply