ਲੋਕ ਮਸਲਿਆਂ ਨੂੰ ਉਭਾਰ ਗਿਆ: ਮੇਲਾ ਗ਼ਦਰੀ ਬਾਬਿਆਂ ਦਾ

* ਆਪਣੇ ਇਤਿਹਾਸ ‘ਤੇ ਮਿੱਟੀ ਨਾਲ ਜੁੜੋ: ਨੌਨਿਹਾਲ ਸਿੰਘ
* ਝੰਡੇ ਦੇ ਗੀਤ ਨੇ ਪੁਆਈ ਨਾਅਰਿਆਂ ਦੀ ਗੂੰਜ

ਜਲੰਧਰ 1 ਨਵੰਬਰ (ਜਸਵਿੰਦਰ ਆਜ਼ਾਦ)- ਗ਼ਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਅਤੇ ਸਿਖ਼ਰਲੇ ਦਿਨ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬ ਅਤੇ ਦੇਸ਼-ਬਦੇਸ਼ ਤੋਂ ਕਾਫ਼ਲੇ ਪੁੱਜੇ। ਹਾਲ ਵਿੱਚ ਚਾਰੇ ਪਾਸੇ ਗੀਤਾਂ, ਨਾਅਰਿਆਂ ਦੀ ਆਵਾਜ਼ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਟਰੱਸਟੀ ਨੌਨਿਹਾਲ ਸਿੰਘ ਨੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਝੰਡਾ ਲਹਿਰਾਉਣ ਸਮੇਂ ਨੌਨਿਹਾਲ ਸਿੰਘ ਦੇ ਨਾਲ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਜੋਆਇੰਟ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।
ਇਸ ਮੌਕੇ ਮੇਲੇ ਨੂੰ ਸੰਬੋਧਨ ਕਰਦਿਆਂ ਨੌਨਿਹਾਲ ਸਿੰਘ ਨੇ ਕਿਹਾ ਕਿ ਮਾਰਕਸਵਾਦ ਇੱਕ ਵਿਗਿਆਨਕ ਸਾਇੰਸ ਹੈ। ਇਸਦੀ ਸਾਰਥਕਤਾ ਲਈ ਉਨਾਂ ਨੇ ਭਾਰਤੀ ਇਤਿਹਾਸ, ਰਾਜਨੀਤੀ, ਆਰਥਕਤਾ ਅਤੇ ਸਮਾਜਕ ਹਾਲਤਾਂ ਦਾ ਅਧਿਐਨ ਕਰਕੇ, ਲੋਕਾਂ ਦੀ ਮੁਕਤੀ ਲਈ ਆਪਣਾ ਰਾਹ ਆਪ ਕੱਢਣ ਦੀ ਅਪੀਲ ਕੀਤੀ।
ਕਮੇਟੀ ਦੇ ਜਨਰਲ ਸਕੱਤਰ ਨੇ ਇਸ ਮੌਕੇ ਕਿਹਾ ਕਿ ਮੇਲਾ ਗ਼ਦਰੀ ਬਾਬਿਆਂ ਦਾ ਅਜੋਕੇ ਲੋਕ-ਵਿਰੋਧੀ ਸਭਿਆਚਾਰ ਦੇ ਖਿਲਾਫ਼ ਅਤੇ ਲੋਕਾਂ ਦੇ ਹੱਕ ਵਿੱਚ ਬਦਲਵੇਂ ਇਨਕਲਾਬੀ ਸਭਿਆਚਾਰ ਦੀ ਤਰਜ਼ਮਾਨੀ ਕਰਦਾ ਹੈ। ਉਹਨਾਂ ਨੇ ਭਾਰਤੀ ਲੋਕਾਂ ਦੀ ਮੁਕਤੀ ਲਈ ਆਪਣੇ ਇਤਿਹਾਸ ਅਤੇ ਮਿੱਟੀ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਸਭਿਆਚਾਰ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦਾ ਲਿਖਿਆ ਸੰਗੀਤ ਨਾਟ ‘ਸੂਰਜ ਕਦੇ ਮਰਿਆ ਨਹੀਂ’ ਝੰਡੇ ਦਾ ਗੀਤ, ਪੰਜਾਬ ਦੀਆਂ 15 ਨਾਟ-ਸੰਗੀਤ ਮੰਡਲੀਆਂ ਦੇ ਕੋਈ 125 ਕਲਾਕਾਰਾਂ ਨੇ ਪੇਸ਼ ਕੀਤਾ। 200 ਵਰੇ ਪਹਿਲਾਂ ਜਨਮੇ ਕਾਰਲ ਮਾਰਕਸ ਦੇ ਪਰਿਵਾਰਕ ਜੀਵਨ, ਦਾਰਸ਼ਨਿਕ, ਰਾਜਨੀਤਕ ਸਾਹਿਤਕ ਜੀਵਨ, ਭਾਰਤ ਬਾਰੇ ਉਹਨਾਂ ਦੇ ਲਿਖੇ ਲੇਖਾਂ, ਅਜੋਕੇ ਸਮਿਆਂ ਦੀਆਂ ਆਰਥਕ, ਸਮਾਜਕ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੀਆਂ ਚੁਣੌਤੀਆਂ ਨੂੰ ਕਲਾਤਮਕ ਅੰਦਾਜ ਵਿੱਚ ਪੇਸ਼ ਕੀਤਾ ਗਿਆ। ਪੂਰੇ ਗੀਤ ਵਿੱਚ ਤਾੜੀਆਂ ਅਤੇ ਨਾਅਰਿਆਂ ਦੀ ਗੂੰਜਦੀ ਆਵਾਜ਼ ਦਰਸਾ ਰਹੀ ਸੀ ਕਿ ਲੋਕਾਂ ਦੀ ਨਬਜ਼ ਫੜਕੇ ਤੁਰਨ ਵਾਲੇ ਗੀਤ-ਸੰਗੀਤ ਦੀ ਕਿੰਨੀ ਸ਼ਕਤੀ ਹੁੰਦੀ ਹੈ।
ਝੰਡੇ ਦੇ ਗੀਤ ਉਪਰੰਤ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਸੰਬੋਧਨ ਕਰਦਿਆਂ ਨੌਜਵਾਨ ਪੀੜੀ ਨੂੰ ਇਨਕਲਾਬੀ ਵਿਰਾਸਤ ਨਾਲ ਜੁੜਨ ਅਤੇ ਲੋਕਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ।
ਮੇਲੇ ਦਾ ਸੋਵੀਨਰ, ‘ਕਾਰਲ ਮਾਰਕਸ: ਵਿਅਕਤੀ, ਯੁੱਗ ਅਤੇ ਸਿਧਾਂਤ’ (ਹਰਵਿੰਦਰ ਭੰਡਾਲ), ਸੂਹੀ ਲਾਟ (ਗੁਰਮੀਤ ਸਿੰਘ) ਅਤੇ ‘ਪੰਥ, ਧਰਮ ਤੇ ਰਾਜਨੀਤੀ’ (ਲੇਖਕ: ਗਿਆਨੀ ਹੀਰਾ ਸਿੰਘ ਦਰਦ, ਸੰਪਾਦਕ: ਡਾ. ਹਰਜੀਤ ਸਿੰਘ) ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ।
ਲੋਕ-ਸੰਗੀਤ ਮੰਡਲੀ ਛਾਜਲੀ (ਦੇਸ ਰਾਜ ਛਾਜਲੀ), ਕਵੀਸ਼ਰੀ ਜੱਥਾ ਮੁਖਤਿਆਰ ਜਫ਼ਰ, ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਢਾਡੀ, ਕਵੀਸ਼ਰੀ ਅਤੇ ਲੋਕ ਗੀਤਾਂ ਦਾ ਰੰਗ ਭਰਿਆ ਗਿਆ।
ਪੀਪਲਜ਼ ਥੀਏਟਰ, ਲਹਿਰਾਗਾਗਾ (ਸੈਮੂਅਲ ਜੌਨ) ਵੱਲੋਂ ‘ਗਧਾ ਅਤੇ ਸ਼ੇਰ’ ਨਾਟਕ ਪੇਸ਼ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜੋਆਇੰਟ ਸਕੱਤਰ ਡਾ. ਪਰਮਿੰਦਰ ਸਿੰਘ ਨੇ ਮੇਲੇ ਵਿੱਚ ਜੁੜੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਪ੍ਰੋ. ਆਨੰਦ ਤੈਲਤੁੰਬੜੇ ਨੂੰ ਗ਼ਦਰੀ ਮੇਲੇ ਵਿੱਚ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ। ਪਰ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਅਤੇ ਗ੍ਰਿਫ਼ਤਾਰ ਕਰਨ ਲਈ ਤਰਲੋਮੱਛੀ ਹੋਈ ਸਰਕਾਰ ਨੇ ਉਹਨਾਂ ਲਈ ਅਜੇਹਾ ਮਾਹੌਲ ਸਿਰਜ ਦਿੱਤਾ ਕਿ ਉਹਨਾਂ ਨੂੰ ਮੁੰਬਈ ਹਾਈਕੋਰਟ ਵਿੱਚ ਅੱਜ ਪੇਸ਼ ਹੋਣਾ ਪਿਆ। ਡਾ. ਪਰਮਿੰਦਰ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰੋ. ਤੈਲਤੁੰਬੜੇ ਖਿਲਾਫ਼ ਚੁੱਕੇ ਜਾ ਰਹੇ ਅਜੇਹੇ ਗੈਰ-ਜਮਹੂਰੀ, ਧੱਕੜ ਕਦਮਾਂ ਦੀ ਪੁਰਜ਼ੋਰ ਨਿਖੇਧੀ ਕੀਤੀ।
ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਹੋਈ ਵਿਚਾਰ-ਚਰਚਾ ਵਿੱਚ ‘ਮਾਰਕਸਵਾਦ ਦੀ ਪਰਸੰਗਕਤਾ’ ਵਿਸ਼ੇ ਉਪਰ ਬੋਲਦਿਆਂ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਮਾਰਕਸਵਾਦ ਹੀ ਅਜੇਹਾ ਫਲਸਫ਼ਾ ਹੈ ਜਿਹੜਾ ਪੇਚੀਦਾ ਮਸਲਿਆਂ ਦੇ ਹੱਲ ਲਈ ਰਾਹ ਦਰਸਾਵਾ ਹੈ। ਉਹਨਾਂ ਨੇ ਮੁਲਕ ਦੇ ਲੋਕਾਂ ਲਈ ਬਣਾਏ ਜਾ ਰਹੇ ਦਮ ਘੁਟਵੇਂ ਮਾਹੌਲ ਉਪਰ ਫਤਿਹ ਪਾਉਣ ਲਈ ਮਾਰਕਸੀ ਸੋਚ-ਦ੍ਰਿਸ਼ਟੀ ਤੋਂ ਰੌਸ਼ਨੀ ਲੈਣ ਦੀ ਅਪੀਲ ਕੀਤੀ।
ਇਸ ਵਿਚਾਰ-ਚਰਚਾ ਵਿੱਚ ਕਾਮਰੇਡ ਜਗਰੂਪ, ਮੰਗਤ ਰਾਮ ਪਾਸਲਾ ਨੇ ਭਾਗ ਲਿਆ। ਵਿਚਾਰ-ਚਰਚਾ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਹਰਵਿੰਦਰ ਭੰਡਾਲ ਨੇ ਅਦਾ ਕੀਤੀ।
ਫੁਲਵਾੜੀ ਕਲਾ ਕੇਂਦਰ ਲੋਹੀਆਂ ਖਾਸ (ਜਗੀਰ ਜੋਸਣ) ਦੀ ਟੀਮ ਵੱਲੋਂ ਯਾਦਗਾਰ ਹਾਲ ਦੇ ਮੁੱਖ ਦੁਆਰ ਤੋਂ ਲੈ ਕੇ ਯਾਦਗਾਰ ਹਾਲ ਦੇ ਅੰਦਰ ਤੱਕ ਪ੍ਰਭਾਵਸ਼ਾਲੀ ‘ਜਾਗੋ’ ਕੱਢੀ ਗਈ।

Leave a Reply