ਪ੍ਰਵਾਸੀ ਲੇਖਕ ਪਿ੍ੰ. ਪਾਖਰ ਸਿੰਘ ਡਰੋਲੀ ਦੀ ਪੁਸਤਕ ਰਿਲੀਜ਼

ਜਲੰਧਰ 18 ਅਪ੍ਰੈਲ (ਬਿਊਰੋ)- ‘ਪੰਜਾਬੀ ਪ੍ਰਚਾਰ ਕੇਂਦਰ’ (ਰਜਿ:) ਵਲੋਂ ਐੱਲ.ਆਰ. ਦੁਆਬਾ ਸੀ.ਸੈ. ਸਕੂਲ ਜਲੰਧਰ ਵਿਖੇ ਇਕ ਸਾਹਿਤਕ ਬੈਠਕ ਅਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ | ਇਸ ਵਿਚ ਉੱਘੇ ਪਰਵਾਸੀ ਲੇਖਕ ਪਿ੍ੰ. ਪਾਖਰ ਸਿੰਘ ਡਰੋਲੀ ਦੀ 25ਵੀਂ ਪੁਸਤਕ ‘ਭਾਰਤ ਦੇ ਮਹਾਨ ਸਪੂਤ’ ‘ਗ਼ਦਰੀ ਬਾਬੇ ਅਤੇ ਬੱਬਰ ਅਕਾਲੀ’ ਦੀ ਘੁੰਢ ਚੁਕਾਈ ਕੀਤੀ ਗਈ | ਸਮਾਗਮ ਵਿਚ ਸਭਾ ਦੇ ਸਕੱਤਰ ਬਹਾਦਰ ਸਿੰਘ ਚੱਢਾ ਨੇ ਪਿ੍ੰ. ਪਾਖਰ ਸਿੰਘ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੁਸਤਕ ਦੀ ਪ੍ਰਕਾਸ਼ਨਾ ਕਰਨ ‘ਤੇ ਵਧਾਈ ਦਿੱਤੀ | ਇਸ ਬੈਠਕ ‘ਚ ਸ. ਏ.ਐੱਸ.ਆਜ਼ਾਦ ਨੇ ਪੁਸਤਕ ਬਾਬਤ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਪਿ੍ੰ. ਪਾਖਰ ਸਿੰਘ ਦੀ ਲੇਖਣੀ ਦੀ ਸ਼ਲਾਘਾ ਕੀਤੀ | ‘ਜਨਤਾ ਸੰਸਾਰ’ ਦੇ ਮੁੱਖ ਸੰਪਾਦਕ ਜਤਿੰਦਰ ਮੋਹਨ ਵਿੱਗ ਨੇ ਪੁਸਤਕ ਦੀ ਘੁੰਢ ਚੁਕਾਈ ਦੀ ਰਸਮ ਕੀਤੀ | ਇਸ ਉਪਰੰਤ ਸ. ਰਛਪਾਲ ਸਿੰਘ ਬੱਧਣ ਨੇ ਪਿ੍ੰ. ਪਾਖਰ ਸਿੰਘ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਦੇਣ ਬਾਰੇ ਦੱਸਿਆ ਅਤੇ ਉਨ੍ਹਾਂ ਦਾ ਗਦਰੀ ਅਤੇ ਬੱਬਰ ਅਕਾਲੀ ਸਾਹਿਤ ਨੂੰ ਆਪਣੀ ਲੇਖਣੀ ਦਾ ਵਿਸ਼ਾ ਬਣਾਉਣ ‘ਤੇ ਧੰਨਵਾਦ ਕੀਤਾ | ਅੰਤ ਵਿਚ ਪਿ੍ੰ. ਪਾਖਰ ਸਿੰਘ ਨੇ ਆਪਣੇ ਲੇਖਣੀ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ | ਇਸ ਮੌਕੇ ਸਭਾ ਵਲੋਂ ਪਿ੍ੰ. ਪਾਖਰ ਸਿੰਘ ਦਾ ਦੁਸ਼ਾਲੇ ਨਾਲ ਸਨਮਾਨ ਵੀ ਕੀਤਾ ਗਿਆ | ਸਮਾਰੋਹ ‘ਚ ਸ. ਚਰਨ ਸਿੰਘ ਸੀਚੇਵਾਲ ਅਤੇ ਕਮਲਜੀਤ ਨੇ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰਦੇ ਹੋਏ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਇਸ ਸਮਾਗਮ ‘ਚ ਏ.ਐੱਸ.ਆਜ਼ਾਦ, ਸ. ਚਰਨ ਸਿੰਘ ਸੀਚੇਵਾਲ, ਰਛਪਾਲ ਸਿੰਘ ਬੱਧਣ, ਅਮਰਨਾਥ, ਜਸਵਿੰਦਰ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ ਆਜ਼ਾਦ, ਗੁਰਪ੍ਰੀਤ ਸਿੰਘ ਬੱਧਣ, ਸੁਦੇਸ਼ ਕੁਮਾਰ, ਮਲਕੀਤ ਰਾਏ, ਮਨਜੀਤ ਕਾਹਨਪੁਰੀ, ਧਰਮਵੀਰ, ਪਿ੍ੰ: ਐੱਸ.ਕੇ. ਭਾਰਦਵਾਜ, ਚਰਨਜੀਤ ਸਿੰਘ ਬਿਨਪਾਲਕੇ ਆਦਿ ਹਾਜ਼ਰ ਸਨ |

Leave a Reply