ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਮੰਗ ਨੂੰ ਲੈ ਕੇ ਇਕਪਾਸੜ ਕਾਨੂੰਨ ਰੂਪੀ ਸਰੂਪਨਖਾ ਦਾ ਪੁਤਲਾ ਅਗਨ ਭੇਂਟ ਕੀਤਾ

ਜਲੰਧਰ 22 ਅਕਤੂਬਰ (ਜਸਵਿੰਦਰ ਆਜ਼ਾਦ)- ਸਮਾਜ ਸੇਵੀ ਜਥੇਬੰਦੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਵੱਲੋਂ ਦਹੇਜ ਕਾਨੂੰਨ 498-ਏ, ਹੋਰ ਇੱਕ ਪਾਸੜ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਨੂੰ ਰੋਕਣ ਅਤੇ ਦੇਸ਼ ਵਿੱਚ ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਸਥਾਪਨਾ ਦੀ ਮੰਗ ਨੂੰ ਲੈ ਕੇ ਦੁਸ਼ਹਿਰੇ ਦੇ ਮੌਕੇ ਸਰੂਪਨਖਾ ਦੇ ਪੁਤਲੇ ਨੂੰ ਸਥਾਨਕ ਕੰਪਨੀ ਬਾਗ ਚੌਂਕ ਵਿਖੇ ਅਗਨ ਭੇਂਟ ਕਰਕੇ ਦੇਸ਼ ਦੇ ਕਰੋੜਾਂ ਪੀੜਤ ਪਰਿਵਾਰਾਂ ਨੂੰ ਦਰਸਾਉਣ ਲਈ ਵਿਲੱਖਣ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਥੇਬੰਦੀ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਦੀ ਅਗਵਾਈ ਹੇਠ ਜਥੇਬੰਦੀ ਦੇ ਕਾਰਕੁੰਨ ਸਥਾਨਕ ਕੰਪਨੀ ਬਾਗ ਚੌਕ ਵਿੱਚ ਇਕੱਤਰ ਹੋਏ। ਸਰੂਪਨਖਾ ਦੇ ਪੁਤਲੇ ਰਾਹੀਂ ਕਾਨੂੰਨੀ ਅੱਤਵਾਦ ਨੂੰ ਦਰਸਾਉਂਦੇ ਵੱਖ-ਵੱਖ ਇੱਕਤਰਫਾ ਕਾਨੂੰਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਰਾਹਗੀਰਾਂ ਨੂੰ ਇਨਾਂ ਕਾਨੂੰਨਾਂ ਦੀ ਦੁਰਵਰਤੋਂ ਤੋਂ ਜਾਗਰੂਕ ਕਰਨ ਲਈ ਪੈਫਲਿਟ ਵੀ ਵੰਡੇ ਗਏ। ਕਾਨੂੰਨ ਦੀ ਦੁਰਵਰਤੋਂ ਕਰ ਬਲੈਕ ਕਰਨ ਅਤੇ ਆਪਣੇ ਪਤੀਆਂ ਨੂੰ ਖੁਦਕੁਸ਼ੀ ਕਰਨ ਨੂੰ ਮਜ਼ਬੂਰ ਕਰਨ ਵਾਲੀਆਂ ਝੂਠੀਆਂ ਔਰਤਾਂ ਨੂੰ ਸੰਕੇਤਕ ਤੌਰ ਤੇ ਦਰਸਾਉਣਾ ਇਹ ਸਰੂਪਨਖਾ ਦਾ ਪੁਤਲਾ, ਆਮ ਲੋਕਾਂ ਲਈ ਵਿਸ਼ੇਸ਼ ਖਿੱਚ ਅਤੇ ਉਤਮੁਕਤਾ ਦਾ ਕੇਂਦਰ ਬਣਿਆ ਰਿਹਾ ਅਤੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਵੀ ਜਥੇਬੰਦੀ ਦੇ ਇਸ ਇਨਕਲਾਬੀ ਕਦਮ ਨੂੰ ਸਲਾਹਿਆ ਅਤੇ ਆਪਣਾ ਸਮਰਥਨ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰ ਵੀ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ. ਜੋਗੀ ਨੇ ਕਿਹਾ ਕਿ ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਸਥਾਪਤੀ ਅਤੇ ਇੱਕਤਰਫਾ ਕਾਨੂੰਨਾ ਵਿੱਚ ਸੋਧ ਅਤੇ ਇਨਾਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਸਜਾਵਾਂ ਦਿਵਾਉਣ ਲਈ ਕਾਨੂੰਨ ਬਣਾਉਣ ਲਈ ਉਨਾਂ ਦੀ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ। ਉਨਾਂ ਕਿਹਾ ਕਿ ਜੁਰਮ ਨੂੰ ਕਿਸੇ ਲਿੰਗ ਨਾਲ ਜੋੜਨਾ ਸਰਾਸਰ ਗਲਤ ਹੈ। ਔਰਤ ਜਾਂ ਮਰਦ, ਜੋ ਵੀ ਦੋਸ਼ੀ ਹੋਵੇ ਉਸ ਨੂੰ ਬਰਾਬਰ ਸਜਾ ਮਿਲਣੀ ਚਾਹੀਦੀ ਹੈ। ਉਨਾਂ ਪੀੜਤ ਪਰਿਵਾਰਾਂ ਨੂੰ ਸੱਦਾ ਦਿੱਤਾ ਕਿ ਉਹ ਖੁਦਕੁਸ਼ੀ ਦਾ ਵਿਚਾਰ ਤਿਆਗ, ਸੰਘਰਸ਼ ਦਾ ਰਸਤਾ ਅਪਣਾਉਣ ਅਤੇ ਜਥੇਬੰਦੀ ਨਾਲ ਜੁੜਨ।
ਉਨਾਂ ਕਿਹਾ ਕਿ ਸਾਡੇ ਸੰਘਰਸ਼ ਦਾ ਮਕਸਦ ਸਮਾਜ ਵਿੱਚ ਮੌਜੂਦਾ ਨੂੰਹ ਪੱਖੀ ਬਣੇ ਇੱਕਤਰਫਾ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਅੱਜ ਲੱਖਾਂ ਮਾਪਿਆਂ ਦੇ ਲਾਲ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਅਤੇ ਇਹ ਖੁਦਕੁਸ਼ੀਆਂ ਨਹੀਂ ਬਲਕਿ ਗੰਧਲੇ ਜ਼ਾਲਮ ਨਿਜ਼ਾਮ ਵੱਲੋਂ ਕੀਤੇ ਗਏ ਬੇਦੋਸ਼ਿਆਂ ਦੇ ਕਤਲ ਹਨ। ਜੇ ਆਮ ਲੋਕ ਅਜਿਹੀ ਧੱਕੇਸ਼ਾਹੀ ਦੇ ਖਿਲਾਫ ਲਾਮਬੰਦ ਹੋ ਜਾਣ ਤਾਂ ਆਏ ਦਿਨ ਹੋ ਰਹੀਆਂ ਨਿਰਦੋਸ਼ ਆਦਮੀਆਂ ਦੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ।
ਨੈਸ਼ਨਲ ਕਰਾਇਮ ਰਿਪੋਰਟ ਬਿਊਰੋ (ਭਾਰਤ ਸਰਕਾਰ) ਅਨੁਸਾਰ ਪਿਛਲੇ 1998 ਤੋਂ ਲੈ ਕੇ 2015 ਤੱਕ ਇਨਾਂ ਕਾਨੂੰਨਾਂ ਤਹਿਤ ਕਰੀਬ 27 ਲੱਖ ਗ੍ਰਿਫਤਾਰੀਆਂ ਹੋਈਆਂ ਜਿਨਾਂ ਵਿੱਚ 6 ਲੱਖ ਪੰਜਾਹ ਹਜ਼ਾਰ ਔਰਤਾਂ ਅਤੇ ਕਰੀਬ 7700 ਨਾਬਾਲਿਗ ਬੱਚੇ ਵੀ ਸ਼ਾਮਲ ਸਨ, ਜੋ ਪਤੀ ਪਰਿਵਾਰ ਨਾਲ ਸੰਬੰਧਤ ਸਨ। ਹਰ ਸਾਲ ਕਰੀਬ 96,000 ਆਦਮੀ ਇਸ ਕਾਨੂੰਨੀ ਅੱਤਵਾਦ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ। ਪਿਛਲੇ 10 ਸਾਲਾਂ ਵਿੱਚ (2004-2015) ਵਿੱਚ ਕਰੀਬ 7 ਲੱਖ 14 ਹਜ਼ਾਰ ਆਦਮੀ ਖੁਦਕਸ਼ੀਆਂ ਕਰ ਚੁੱਕੇ ਹਨ। ਦਹੇਜ ਕਾਨੂੰਨ ਦੀ ਦੁਰਵਰਤੋਂ ਦੀ ਇਸ ਕਾਲੀ ਹਨੇਰੀ ਨੇ ਹੁਣ ਤੱਕ ਕਰੀਬ 40 ਲੱਖ ਬੱਚੇ ਯਤੀਮ ਬਣਾ ਦਿੱਤੇ ਹਨ। ਹਰ ਪੰਜ ਮਿੰਟ ਬਾਅਦ 1 ਗ੍ਰਿਫਤਾਰੀ ਅਤੇ ਹਰ ਸਾਲ ਕਰੀਬ 2 ਲੱਖ 25 ਹਜ਼ਾਰ ਪਤੀਆਂ/ਆਦਮੀਆਂ ਨੂੰ ਦਹੇਜ ਕਾਨੂੰਨ ਦੀ ਦੁਰਵਰਤੋਂ ਕਾਰਨ ਜੇਲ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਹਰ ਸਾਲ ਕਰੀਬ 48,000 ਔਰਤਾਂ (ਜੋ ਪਤੀ ਪਰਿਵਾਰ ਨਾਲ ਸੰਬੰਧਤ ਹਨ) ਨੂੰ ਇਨਾਂ ਅਣਮਨੁੱਖੀ ਕਾਨੂੰਨਾਂ ਕਾਰਨ ਜੇਲ ਜਾ ਰਹੀਆਂ ਹਨ।
ਸ. ਜੋਗੀ ਨੇ ਕਿਹਾ ਕਿ ਸਾਡੇ ਸਮਾਜ ਦਾ ਇਹ ਦੁਖਦਾਈ ਪਹਿਲੂ ਹੈ ਕਿ ਅਜੋਕੇ ਇਕਤਰਫਾ ਨਿਜ਼ਾਮ ਵਿੱਚ ਪਤੀ ਪਰਿਵਾਰ ਨਾਲ ਸੰਬੰਧਤ ਲੜਕੇ ਦੀ ਮਾਂ, ਭੈਣ ਅਤੇ ਔਰਤਾਂ ਨੂੰ ਔਰਤਾਂ ਹੀ ਨਹੀਂ ਸਮਝਿਆ ਜਾਂਦਾ ਹੈ ਅਤੇ ਸਿਰਫ ਕਾਨੂੰਨਾਂ ਦੀ ਆੜ ਹੇਠ ਸਮਾਜ ਦੀ ਮਾਣ-ਮਰਿਆਦਾ ਨੂੰ ਛਿੱਕੇ ਟੰਗਣ ਅਤੇ ਕਾਨੂੰਨ ਦੀ ਗਲਤ ਵਰਤੋਂ ਕਰਨ ਵਾਲੀ ਨੂੰਹ ਨੂੰ ਹੀ ਔਰਤ ਸਮਝਿਆ ਜਾਂਦਾ ਹੈ। 1983 ਵਿੱਚ ਬਣੇ, ਦਹੇਜ ਕਾਨੂੰਨ 498-ਏ ਅਤੇ 2005 ਵਿੱਚ ਬਣੇ ਘਰੇਲੂ ਹਿੰਸਾ ਕਾਨੂੰਨ ਤਹਿਤ ਹੁਣ ਤੱਕ ਕਰੀਬ 80 ਲੱਖ ਮੁਕੱਦਮੇ ਦਰਜ ਹੋ ਚੁੱਕੇ ਹਨ। ਜਿਨਾਂ ਵਿੱਚੋਂ 95 ਫੀਸਦੀ ਝੂਠੇ ਪਾਏ ਗਏ ਹਨ।
ਪਿਛਲੇ 4 ਸਾਲਾਂ ਕਰੀਬ 1,75,000 ਨਿਰਦੋਸ਼ ਔਰਤਾਂ ਨੂੰ ਇਸ ਦਹੇਜ ਕਾਨੂੰਨ 498-ਏ ਤਹਿਤ ਜੇਲ ਜਾਣ ਦਾ ਸੰਤਾਪ ਭੋਗਣਾ ਪਿਆ, ਜਿਨਾਂ ਦਾ ਜ਼ੁਰਮ ਕੇਵਲ ਤੇ ਕੇਵਲ ਐਨਾ ਹੀ ਸੀ ਕਿ ਉਹ ਪਤੀ ਪਰਿਵਾਰ ਨਾਲ ਸੰਬੰਧਤ ਸਨ। ਵਰਨਣਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੀ ਇਸ ਕਾਨੂੰਨ ਨੂੰ ਕਾਨੂੰਨੀ ਦਹਿਸ਼ਤਗਰਦੀ ਕਰਾਰ ਦੇ ਚੁੱਕੀ ਹੈ।
ਇਸ ਮੌਕੇ ਸ. ਜੋਗੀ ਦੇ ਨਾਲ ਪ੍ਰਮੁੱਖ ਆਗੂਆਂ ਵਿੱਚ ਅਸ਼ਵਨੀ ਸ਼ਰਮਾ ਟੀਟੂ, ਹਰਵਿੰਦਰ ਸਿੰਘ ਲਾਡੀ, ਪ੍ਰਦੀਪ ਸਿੰਘ ਫੁੱਲ, ਮੁਕੇਸ਼ ਕੋਹਲੀ, ਆਈ.ਐਸ. ਬੱਗਾ, ਬੌਬੀ ਰਾਠੌਰ, ਗੁਰਦੀਪ ਸਿੰਘ ਸ਼ਕਤੀ, ਮਨਦੀਪ ਸਿੰਘ, ਵਿਸ਼ਾਲ ਰਾਠੌਰ, ਹਰੀਸ਼ ਗੁਪਤਾ, ਸਤਬੀਰ ਸਿੰਘ ਮਿੰਟੂ, ਅਮਿਤ ਸ਼ਰਮਾ, ਗੁਲਸ਼ਨ ਕੁਮਾਰ, ਸਤਨਾਮ ਸਿੰਘ ਹੈਪੀ, ਭੁਪਿੰਦਰ ਸਿੰਘ ਭਿੰਦਾ, ਗੋਰਵ ਅਰੋੜਾ. ਅਕਾਸ਼ ਗੁਪਤਾ, ਅਮਰ ਸਿੰਘ, ਸਾਹਿਬ ਸਿੰਘ, ਗੁਰਮੀਤ ਸਿੰਘ ਰਾਏਪੁਰ, ਰਵਿੰਦਰ ਨੰਨਰਾ, ਦਿਨੇਸ਼ ਬਿੱਟਾ, ਹਰਮਨਜੋਤ ਸਿੰਘ ਵਾਲੀਆ, ਹਰਦੀਪ ਸਿੰਘ ਹੈਪੀ, ਮਹਿੰਦਰ ਸਿੰਘ ਠੁਕਰਾਲ, ਸੁਖਦੀਪ ਸਿੰਘ, ਲਵਲੀ ਰਾਮਗੜੀਆ, ਸੋਨੂੰ ਲੁਬਾਣਾ, ਨਰੇਸ਼ ਸ਼ਰਮਾ, ਤਜਿੰਦਰ ਸ਼ੈਂਪੀ, ਬਘੇਲ ਸਿੰਘ ਭਾਟੀਆ, ਯਾਦਵਿੰਦਰ ਸਿੰਘ, ਕਮਲ ਢੱਲੇ, ਹਰਜੀਤ ਸਿੰਘ, ਹਰੀਸ਼ ਗੁਪਤਾ, ਗਗਨਦੀਪ ਸਿੰਘ ਜੱਗੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਲੰਟੀਅਰ ਹਾਜ਼ਰ ਸਨ।

Leave a Reply