ਸਾਥੀ ਲੁਧਿਆਣਵੀ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਜਲੰਧਰ 19 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬੀ ਅਦਬੀ ਹਲਕਿਆਂ ਦੀ ਜਾਣੀ ਪਹਿਚਾਣੀ ਸ਼ਖਸੀਅਤ ਉੱਘੇ ਪਰਵਾਸੀ ਲੇਖਕ ਜਨਾਬ ਸਾਥੀ ਲੁਧਿਆਣਵੀ ਦੇ ਬੇਵਕਤੀ ਚਲਾਣੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਸ਼ਬਦ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਸਵਰਗੀ ਸਾਥੀ ਜੀ ਦੇ ਨਮਿਤ ਰੱਖੀ ਸ਼ੋਕ ਸਭਾ ਵਿੱਚ ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਹੇ। ਇਸ ਮੌਕੇ ‘ਤੇ ਜਨਾਬ ਸਾਥੀ ਲੁਧਿਆਣਵੀ ਦੇ ਜੀਵਨ ਤੇ ਸਾਹਿਤਕ ਯੋਗਦਾਨ ‘ਤੇ ਚਾਨਣਾ ਪਾਉਂਦਿਆਂ ਕਾਲਜ ਦੀ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਅਤੇ ਪੋਸਟ ਗੈ੍ਰਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਨੇ ਦੱਸਿਆ ਕਿ ਸਾਥੀ ਜੀ ਨੇ ਵੱਡੀ ਗਿਣਤੀ ਵਿੱਚ ਮਿਆਰੀ ਸਾਹਿਤਕ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਇਸ ਪ੍ਰਤਿਭਾਵਾਨ ਲੇਖਕ ਨੂੰ ਅਨੇਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵੱਕਾਰੀ ਸਾਹਿਤਕ ਸਨਮਾਨਾ ਨਾਲ ਅਲੰਕ੍ਰਿਤ ਕੀਤਾ ਗਿਆ ਹੈ। ਪਰਵਾਸੀ ਖੋਜ ਕੇਂਦਰ ਦੇ ਕੋਆਰਡੀਨੇਟਰ ਡਾ. ਸੁਰਿੰਦਰ ਪਾਲ ਮੰਡ ਨੇ ਇਸ ਮੌਕੇ ਕਿਹਾ ਕਿ ਅਸੀਂ ਸਾਥੀ ਲੁਧਿਆਣਵੀ ਦੇ ਸਮੁੱਚੇ ਸਾਹਿਤ ‘ਤੇ ਖੋਜ-ਕਾਰਜ ਕਰਨ ਦਾ ਫੈਸਲਾ ਕੀਤਾ ਹੈ। ਇਸ ਸ਼ੋਕ ਸਭਾ ਵਿੱਚ ਡਾ. ਹਰਜਿੰਦਰ ਸਿੰਘ ਸੇਖੋਂ, ਡਾ. ਸੁਖਦੇਵ ਸਿੰਘ ਨਾਗਰਾ, ਪ੍ਰੋ. ਕੁਲਦੀਪ ਸੋਢੀ, ਪ੍ਰੋ. ਅਰਿੰਦਰ ਸਿੰਘ, ਪ੍ਰੋ. ਕਵਲਜੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਗੁਲਜ਼ਾਰ ਸਿੰਘ, ਪ੍ਰੋ. ਗੁਰਜੀਤ ਕੌਰ, ਪ੍ਰੋ. ਰਣਜੀਤ ਕੌਰ, ਪ੍ਰੋ. ਸੁਖਰਾਜ ਕੌਰ, ਪ੍ਰੋ. ਗੁਰਜੀਤ ਸਿੰਘ, ਪ੍ਰੋ. ਕੁਲਦੀਪ ਕੌਰ ਦੁਸਾਂਝ, ਪ੍ਰੋ. ਸ਼ਰਨਜੀਤ ਕੌਰ ਅਤੇ ਪ੍ਰੋ. ਗੁਰਪ੍ਰੀਤ ਸਿੰਘ ਹਾਜ਼ਰ ਸਨ।

Leave a Reply