ਲਾਇਲਪੁਰ ਖ਼ਾਲਸਾ ਕਾਲਜ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਸੰਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀਜਲੰਧਰ 27 ਅਗਸਤ (ਜਸਵਿੰਦਰ ਆਜ਼ਾਦ)- ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਅਧਿਐਨ ਕੇਂਦਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਸਮਰਪਿਤ ਭਾਸ਼ਣ ਲੜੀ ਤਹਿਤ ਅੱਜ ਜਨਮ ਸਾਖੀਆਂ ਵਿਚ ਗੁਰੂ ਨਾਨਕ ਦੇਵ ਦਾ ਬਿੰਬ ਵਿਸ਼ੇ ਤੇ ਉੱਘੇ ਵਿਦਵਾਨ ਡਾ. ਹਰਪਾਲ ਸਿੰਘ ਪੰਨੂੰ ਪ੍ਰੋ. ਸੈਂਟਰਲ ਯੂਨੀਵਰਸਿਟੀ, ਬਠਿੰਡਾ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਵਿਸ਼ੇਸ਼ ਬੁਲਾਰੇ ਡਾ. ਪੰਨੂੰ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਭਾਸ਼ਣ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਪੰਨੂੰ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਸੈਂਟਰ ਦੇ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਸੇਖੋਂ ਦੀ ਅਜਿਹੇ ਉਪਰਾਲੇ ਲਈ ਪ੍ਰਸੰਸਾ ਕੀਤੀ। ਉਹਨਾਂ ਬੋਲਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀ ਇਹ ਵਰ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਨੂੰ ਸਮਰਪਿਤ ਕਰ ਰਹੇ ਹਾਂ ਅਤੇ ਇਹੋ ਜਿਹੇ ਵਿਸ਼ੇਸ਼ ਭਾਸ਼ਣਾ ਦਾ ਉਦੇਸ਼ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਸਿਧਾਤਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ। ਆਪਣੇ ਭਾਸ਼ਣ ਵਿਚ ਬੋਲਦਿਆਂ ਵਿਸ਼ੇਸ਼ ਬੁਲਾਰੇ ਡਾ. ਹਰਪਾਲ ਸਿੰਘ ਪੰਨੂੰ ਨੇ ਜਨਮ ਸਾਖੀਆਂ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਬਿੰਬ ਨੂੰ ਉਘਾੜਿਆ। ਉਹਨਾਂ ਨੇ ਸਾਖੀਆਂ ਵਿਚਲੇ ਹਵਲਿਆਂ ਨੂੰ ਖੋਲ੍ਹਦਿਆਂ ਇਹਨਾਂ ਵਿਚ ਪਏ ਹੋਏ ਡੂੰਘੇ ਅਰਥਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਅਖੀਰ ਵਿਚ ਉਹਨਾਂ ਨੇ ਜਨਮਸਾਖੀ ਸਾਹਿਤ ਨੂੰ ਪੜ੍ਹਨ ਅਤੇ ਸਮਝਣ ਸੰਬੰਧੀ ਅਹਿਮ ਨੁਕਤੇ ਵੀ ਸਾਂਝੇ ਕੀਤੇ। ਸੈਂਟਰ ਦੇ ਕੋਆਰਡੀਨੇਟਰ ਡਾ. ਸੇਖੌਂ ਨੇ ਇਸ ਵਿਸ਼ੇਸ਼ ਭਾਸ਼ਣ ਦੀ ਸਾਰਥਕ ਦੱਸਦਿਆਂ ਭਵਿੱਖ ਵਿਚ ਅਜਿਹੇ ਪ੍ਰੋਗਰਾਮ ਉਲੀਕਣ ਦੀ ਵਚਨਬੱਧਤਾ ਜ਼ਾਹਰ ਕੀਤੀ। ਅਖੀਰ ਵਿਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਹਰਪਾਲ ਸਿੰਘ ਪੰਨੂੰ ਦਾ ਇਸ ਗਿਆਨ ਭਰਪੂਰ ਭਾਸ਼ਣ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰੀ (ਕਨੇਡਾ) ਤੋਂ ਉੱਘੇ ਸਮਾਜ ਸੇਵੀ ਪ੍ਰਵਾਸੀ ਪੰਜਾਬੀ ਸ੍ਰੀ ਸੁੱਖੀ ਬਾਠ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਤੋਂ ਇਲਾਵਾ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply