ਨਵੇਂ ਯੁੱਗ ਦੀ ਦਹਿਲੀਜ਼

ਅਧਿਆਪਕ ਦਿਵਸ ਤੇ ਵਿਸ਼ੇਸ਼
ਨਵੇਂ ਯੁੱਗਆਪਣੇ ਆਪ ਨੂੰ ਵੰਗਾਰਣ ਤੋਂ ਬਿਨਾਂ ਪਰਿਵਰਤਨ ਦੀ ਆਸ ਤੱਕਣਾ ਨਿਰਾ ਪਾਣੀ ਵਿੱਚ ਲੀਕ ਮਾਰਨਾ ਹੋਵੇਗਾ। ਅਜੋਕਾ ਯੁੱਗ ਵਾਸਤਵ ਵਿੱਚ ਹੋਰਨਾ ਦੁਆਰਾ ਲਾਏ ਗਏ ਬੂਟਿਆਂ ਦੀ ਛਾਂ ਮਾਣਨਾ ਚਾਹੁੰਦਾ ਹੋਇਆ, ਸੱਚੇ ਅਰਥਾਂ,ਆਦਰਸ਼ਾ ਅਤੇ ਜਿਮੇਵਾਰੀਆਂ ਤੋਂ ਬੇਮੁੱਖ ਵਿਹਲੜਪੁਣੇ ਦਾ ਸ਼ਿਕਾਰ ਹੈ। ਸੋ ਨਵੀਨ ਯੁੱਗ ਦੇ ਅਧਿਆਪਕ ਦਾ ਰਾਹ ਬਹੁਤ ਗੁੰਝਲਦਾਰ ਅਤੇ ਸੁੱਤੀ ਹੋਈ ਚੁੱਪ ਦੇ ਰੰਗ ਵਰਗਾ ਹੈ ਜਿਸ ਨੂੰ ਜਗਾਉਣ ਲਈ ਅਧਿਆਪਕ ਨੂੰ ਵਿਦਿਆਰਥੀਆਂ ਦੀ ਕਲਪਨਾ ਅੰਦਰ, ਸਮੁੰਦਰ ਵਿਚੋਂ ਉੱਠ ਰਹੇ ਤੂਫਾਨ ਨੂੰ ਸਥਿਰਤਾ ਅਤੇ ਟਿਕਾਓ ਦੀ ਸਥਿਤੀ ਸਿਰਜਣ ਲਈ ਆਪਣੇ ਚੇਤਨ ਮਨ ਦੇ ਨਿਜੀ ਰੰਗਾਂ ਨਾਲ ਦਸਤਖਤ ਕਰਨੇ ਪੈਣਗੇ। ਬੇਅੰਤ ਸੰਕਟਾਂ ਦਾ ਸਾਹਮਣਾ ਕਰਨ ਲਈ ਇਕਸੁਰਤਾ ਅਤੇ ਇਕਸਾਰਤਾ ਨਾਲ ਨਵੇਂ ਵਿਚਾਰਾਂ ਤੋਂ ਸੇਧ ਲੈਣੀ ਪਵੇਗੀ ਅਤੇ ਨਾਲ ਹੀ ਸਭਿਅਕ- ਅਸਭਿਅਕ ਦੇ ਫਰਕ ਨੂੰ ਮਹਿਸੂਸ ਕਰਦੇ ਹੋਏ ਜੰਗਲ ਨੂੰ ਬਾਗ ਬਣਾਉਣ ਦੇ ਵਸੀਲੇ ਘੜਣੇ ਪੈਣਗੇ ।ਸੱਚੇ ਅਰਥਾਂ ਵਿੱਚ ਆਪਣੀ ਸ਼ਖਸੀਅਤ ਨੂੰ ਸ਼ਹਿਨਾਈ ਦੇ ਰੂਪ ਵਿੱਚ ਰੂਹ ਦੀ ਅਮੀਰੀ ਦੇ ਵੇਗ ਨਾਲ ਵਿਦਿਆਰਥੀਆਂ ਦੇ ਮਨ ਦੀ ਗੂੰਜ ਬਨਣਾ ਪਵੇਗਾ। ਅਜਿਹੀ ਖੂਬਸੂਰਤ ਤਾਂਘ ਜਦੋਂ ਵਿਦਿਆਰਥੀਆਂ ਦੀ ਰੂਹ ਨੂੰ ਮੁਖਾਤਬ ਹੁੰਦੀ ਹੋਈ ਉਹਨਾਂ ਦੇ ਜੀਵਨ ਦਾ ਹਿੱਸਾ ਬਣੇਗੀ ਤਾ ਸੁਭਾਵਿਕ ਹੀ ਹੈ ਕਿ ਵਿਦਿਆਰਥੀਆਂ ਦੀ ਅਧੂਰੀ ਯੋਗਤਾ ਵਿੱਚ ਪੂਰਨਤਾ ਦੇ ਰੰਗ ਜਾਗ ਪੈਣਗੇ, ਉਹਨਾਂ ਦੇ ਜੀਵਨ ਦੀ ਨੁਹਾਰ ਪਰਿਵਰਤਨ ਦਾ ਹੋਕਾ ਦੇਵੇਗੀ।
ਝੀਲ ਵਰਗਾ ਡੂੰਘਾ ਅਤੇ ਸਮੁੰਦਰ ਵਾਂਗ ਵਿਸ਼ਾਲ, ਆਪਣੀ ਸ਼ਖਸੀਅਤ ਦੇ ਰੋਸ਼ਨ ਪੱਖ ਨੂੰ ਬਿਨਾਂ ਕਿਸੇ ਸ਼ਰਤ ਦੇ ਵਿਦਿਆਰਥੀਆਂ ਦੇ ਸਨਮੁੱਖ ਕਰਨ ਵਾਲਾ ਕੋਈ ਹੋਰ ਨਹੀਂ ਇਕੱਲਾ ਤੇ ਸਿਰਫ਼ ਇਕੱਲਾ ਅਧਿਆਪਕ ਹੀ ਹੈ ਜੋ ਅਜੋਕੇ ਯੁੱਗ ਦੇ ਵਿਦਿਆਰਥੀਆਂ ਦੀਆਂ ਬੇਮੁਹਾਰੀਆਂ ਅਤੇ ਬੇਨੇਮੀਆਂ ਆਵਾਜ਼ਾਂ ਨੂੰ ਸਹਿਜੇ ਹੀ ਆਪਣੀ ਕਲਾਤਮਿਕਤਾ ਵਰਗੇ ਹੁਨਰ ਰਾਹੀਂ ਸੁਰ ਕਰਨ ਵਿੱਚ ਉੱਤਮਤਾ ਦੀ ਪੌੜੀ ਚੜ ਜਾਂਦਾ ਹੈ। ਉਹ ਆਪਣੀ ਅਮਿਣਵੀਂ ਹਿੰਮਤ, ਅਮੁੱਕ ਧੀਰਜ, ਅਨੁਭਵ ਅਤੇ ਗਿਆਨ ਦਾ ਪ੍ਰਮਾਣ, ਵਿਦਿਆਰਥੀਆਂ ਨੂੰ ਪੈਰਾਂ ਤੇ ਖੜੇ ਹੋਣ ਦੇ ਸੱਚ ਨਾਲ ਪ੍ਰਗਟ ਕਰਦਾ ਹੈ। ਇਥੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਅਧਿਆਪਕ ਦੇ ਜਜ਼ਬੇ ਦੀ ਸ਼ਿੱਦਤ, ਇਤਿਹਾਸ ਬਦਲ ਕੇ ਅਲੋਕਾਰ ਨਮੂਨਾ ਸਾਹਮਣੇ ਰੱਖਣ ਦੀ ਤਾਕਤ ਵੀ ਰੱਖਦੀ ਹੈ ਜੋ ਰਾਤੋ- ਰਾਤ ਅਸ਼ੋਕ ਤੋਂ ਬਾਦਸ਼ਾਹ ਅਸ਼ੋਕ ਬਣਾ ਦਿੰਦੀ ਹੈ। ਅਧਿਆਪਕ ਦੀ ਅਜਿਹੀ ਵੰਨ-ਸੁਵੰਨਤਾ ਵਿਦਿਆਰਥੀਆਂ ਦੇ ਤੁਰਨ ਅਤੇ ਕੰਮ ਕਰਨ ਦਾ ਢੰਗ ਅਜਿਹਾ ਬਣਾ ਦੇਵੇਗੀ ਜਿਵੇਂ ਹਵਾਵਾਂ ਦੇ ਨਜ਼ਾਰਿਆਂ ਵਿੱਚ ਲਿਪਟਿਆ ਦਰੱਖਤ। ਅਧਿਆਪਕ ਦੇ ਕੀਤੇ ਹੋਏ ਦਸਤਖਤ, ਸੂਰਜੀ ਊਰਜਾ ਦਾ ਹਵਾਲਾ ਦਿੰਦੇ ਹੋਏ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਦੇ ਮਾਨਸਿਕ ਅੰਤਰ- ਵਿਰੋਧਾਂ ਨੂੰ ਦੂਰ ਕਰਨ ਵਿੱਚ ਨਿਰਸੰਦੇਹ ਸਹਾਈ ਹੋਣਗੇ ਹੀ ਸਗੋਂ ਵਿਦਿਆਰਥੀਆਂ ਦੇ ਜੀਵਨ ਵਿਚਲੀ ਰੋਸ਼ਨੀ ਵੀ ਹਰਕਤ ਵਿੱਚ ਆਉਂਦੀ ਪ੍ਰਤੀਤ ਹੋਵੇਗੀ, ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਦੀ ਖਿੱਚ, ਪ੍ਰਸੰਨਤਾ ਦੇ ਸਰੋਤ ਦਾ ਨਵਾਂ ਰੂਪ ਧਾਰਨ ਕਰਦੀ ਹੋਈ ਭਵਿੱਖ ਦੀ ਅਖੀਰਲੀ ਮੰਜਿਲ ਦੇ ਥਮਲੇ ਨਾਲ ਜਾ ਟਕਰਾਵੇਗੀ। ਉਸ ਸਮੇਂ ਵਿਦਿਆਰਥੀ ਆਤਮ-ਵਿਸ਼ਵਾਸ ਨਾਲ ਲਬਰੇਜ਼ ਆਪਣੇ ਚਰਿੱਤਰ ਦਾ ਸਵੈ-ਚਿੱਤਰ ਉਲੀਕਦੇ ਹੋਏ ਯੁੱਗ ਪੁਰਸ਼ ਬਣਨ ਦੀ ਕੋਸ਼ਿਸ਼ ਕਰਨਗੇ।
-ਡਾ ਬਲਜੀਤ ਕੌਰ (ਸਟੇਟ ਐਵਾਰਡੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੰਜੇੜੀ (ਮੋਹਾਲੀ)

Leave a Reply