250 ਗਰੀਬ ਬੇਘਰਾਂ ਦੇ ਘਰ ਬਣਵਾ ਕੇ ਦੇਣ ਵਿੱਚ ਕਰਾਂਗਾ ਮਦਦ – ਵਰਿੰਦਰ ਸਿੰਘ ਪਰਿਹਾਰ

ਗਰੀਬ ਬੇਘਰ ਪਰਿਵਾਰ ਨੂੰ ਦਿਵਾਲੀ ਤੇ ਦਿੱਤਾ ਪੱਕੇ ਘਰ ਦਾ ਤੋਹਫਾ
ਹੁਸ਼ਿਆਰਪੁਰ 27 ਨਵੰਬਰ (ਜਸਵਿੰਦਰ ਆਜ਼ਾਦ)- ਪਿੰਡ ਅੱਜੋਵਾਲ ਵਿਖੇ ਸ਼ਿਗਲੀਗਰ ਬਸਤੀ ਵਿੱਚ ਕੱਖ ਕਾਨਿਆਂ ਦੀ ਝੁੱੱਗੀ ਵਿੱਚ ਰਹਿ ਰਹੇ ਇੱਕ ਗਰੀਬ ਪਰਿਵਾਰ ਨੂੰ ਇਸ ਦਿਵਾਲੀ ਦੇ ਮੌਕੇ ਤੇ ਸਮਾਜ ਸੇਵਕ ਵਰਿੰਦਰ ਸਿੰਘ ਪਰਿਹਾਰ ਨੇ ਤੋਹਫੇ ਦੇ ਤੌਰ ਤੇ ਘਰ ਬਣਵਾ ਕੇ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਅੱਜ ਮੁਕੰਮਲ ਹੋ ਗਿਆ ਹੈ। 8 ਮੈਂਬਰਾਂ ਦੇ ਇਸ ਪਰਿਵਾਰ ਵਿੱਚ ਪੰਜ ਬੱਚੇ ਹਨ ਜੋ ਕਿ ਸਰਦੀ, ਗਰਮੀ ਅਤੇ ਵਰਖਾ ਦੇ ਮੌਸਮ ਵਿੱਚ ਕੱਖਾਂ ਦੀ ਛੋਟੀ ਜਿਹੀ ਝੁੱਗੀ ਵਿੱਚ ਰਹਿੰਦੇ ਸਨ। ਜਿਸ ਬਸਤੀ ਵਿੱਚ ਇਹ ਪਰਿਵਾਰ ਰਹਿੰਦਾ ਹੈ ਉਸ ਵਿੱਚ ਹੋਰ ਵੀ 250 ਦੇ ਕਰੀਬ ਅੱਤ ਦੀ ਗਰੀਬੀ ਝੇਲ ਰਹੇ ਪਰਿਵਾਰ ਰਹਿ ਰਹੇ ਹਨ। ਪਿਛਲੀ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਨੂੰ 4-4 ਮਰਲੇ ਦੇ ਪਲਾਟ ਅਲਾਟ ਕੀਤੇ ਗਏ ਸਨ ਪਰ ਗਰੀਬੀ ਕਾਰਨ ਇਹ ਪਰਿਵਾਰ ਮਕਾਨ ਨਹੀਂ ਬਣਾ ਸਕੇ ਅਤੇ ਕੱਖ ਕਾਨਿਆਂ ਦੀਆਂ ਝੌਂਪੜੀਆਂ ਬਣਾ ਕੇ ਇਹਨਾਂ ਪਲਾਟਾਂ ਵਿੱਚ ਰਹਿਣ ਲੱਗ ਪਏ।
ਸਮਾਜ ਸੇਵਕ ਵਰਿੰਦਰ ਸਿੰਘ ਪਰਿਹਾਰ ਦੀ ਨਜਰ ਜਦੋਂ ਇਸ ਬਸਤੀ ਤੇ ਪਈ ਤਾਂ ਉਹਨਾ ਨੇ ਸਮਾਜ ਸੇਵਿਕਾ ਸੁਰਿੰਦਰ ਪਾਲ ਕੌਰ ਸੈਣੀ ਦੀ ਮਦਦ ਨਾਲ ਦਿਵਾਲੀ ਤੋਂ ਪਹਿਲਾਂ ਇਸ ਬਸਤੀ ਤੱਕ ਪਹੁੰਚ ਕੀਤੀ ਸੀ। ਬਸਤੀ ਵਿੱਚ ਪਹੁੰਚਣ ਤੇ ਇਹਨਾਂ ਗਰੀਬ ਪਰਿਵਾਰਾਂ ਦੀ ਦਸ਼ਾ ਨੂੰ ਦੇਖਦੇ ਹੋਏ ਵਰਿੰਦਰ ਸਿੰਘ ਪਰਿਹਾਰ ਨੇ ਇਹਨਾਂ ਪਰਿਵਾਰਾਂ ਨੂੰ ਪੱਕੇ ਘਰ ਬਣਵਾ ਕੇ ਦੇਣ ਵਿੱਚ ਇਹਨਾਂ ਦੀ ਮਦਦ ਕਰਨ ਦਾ ਫੈਸਲਾ ਲਿਆ। ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਦਾ ਆਗਾਜ ਕਰਦਿਆਂ ਵਰਿੰਦਰ ਸਿੰਘ ਪਰਿਹਾਰ ਨੇ ਦਿਵਾਲੀ ਦੇ ਮੌਕੇ ਤੇ ਇੱਕ ਬੱਚੇ ਨੂੰ ਆਪਣੇ ਖਰਚੇ ਤੇ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਅਤੇ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਸਮਾਜ ਸੇਵਕ ਵਰਿੰਦਰ ਪਰਿਹਾਰ ਨੇ ਤੁਰੰਤ ਹੀ ਘਰ ਬਨਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ ਜੋ ਕਿ ਅੱਜ ਮੁਕੰਮਲ ਹੋ ਚੁੱਕਾ ਹੈ।
ਸਮਾਜ ਸੇਵਕ ਵਰਿੰਦਰ ਪਰਿਹਾਰ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ ਸਰਮਾਏਦਾਰ ਲੋਕ ਇੱਕ-ਇੱਕ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਉਣ ਤਾਂ ਦੇਸ਼ ਵਿੱਚੋਂ ਗਰੀਬੀ ਨਾਮ ਦਾ ਸ਼ਬਦ ਹੀ ਸਮਾਪਤ ਹੋ ਜਾਵੇਗਾ। ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜਿੰਦਗੀ ਸੁਚੱਜੇ ਢੰਗ ਨਾਲ ਜੀਣ ਦਾ ਅਧਿਕਾਰ ਹੈ ਪਰ ਕਈ ਗਰੀਬ ਪਰਿਵਾਰ ਆਰਥਿਕ ਤੰਗੀਆਂ ਕਾਰਣ ਆਪਣੇ ਇਸ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਕਿਹਾ ਕਿ ਇਨਸਾਨੀਅਤ ਦੇ ਨਾਤੇ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਗਰੀਬਾਂ ਦੀ ਮਦਦ ਕਰੀਏ ਤਾਂ ਕਿ ਦੇਸ਼ ਤਰੱਕੀ ਕਰ ਸਕੇ। ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਸਤੀ ਦਾ ਦੌਰਾ ਕਰਨ ਅਤੇ ਅੱਤ ਗਰੀਬੀ ਵਿੱਚ ਜੀਵਨ ਵਤੀਤ ਕਰ ਰਹੇ ਗਰੀਬ ਪਰਿਵਾਰਾਂ ਦੀ ਮਦਦ ਕਰਨ। ਇਸ ਮੌਕੇ ਉਹਨਾਂ ਨੇ ਇਸ ਬਸਤੀ ਦੇ ਹੋਰ 4 ਪਰਿਵਾਰਾਂ ਨੂੰ ਪੱਕੇ ਘਰ ਆਪਣੇ ਖਰਚੇ ਤੇ ਬਣਵਾ ਕੇ ਦੇਣ ਦਾ ਭਰੋਸਾ ਦੁਆਇਆ। ਉਹਨਾਂ ਨੇ ਦੱਸਿਆ ਕਿ ਉਹਨਾ ਨੇ ਸਿੱਖ ਸੋਸਾਇਟੀ ਆਫ ਫਿਨਲੈਂਡ ਦੀ ਪ੍ਰਧਾਨ ਸਿਰੀਪ੍ਰੀਤ ਕੌਰ ਖਾਲਸਾ ਅਤੇ ਧਰਮਨਿਵਾਸ ਕੌਰ ਖਾਲਸਾ ਨੂੰ ਵੀ ਇਸ ਬਸਤੀ ਦਾ ਦੌਰਾ ਕਰਵਾਇਆ ਜਿਸ ਤੇ ਉਹਨਾਂ ਨੇ ਵੀ ਇਸ ਬਸਤੀ ਨੂੰ ਮਦਦ ਦੇਣ ਦਾ ਭਰੋਸਾ ਦੁਆਇਆ। ਇਸ ਤੋਂ ਇਲਾਵਾ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਿੱਚ ਬੈਠੇ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਸੰਪਰਕ ਕੀਤਾ ਗਿਆ ਜਿਸ ਤੇ ਉਹਨਾਂ ਨੇ ਵੀ ਇਸ ਕੰਮ ਵਿੱਚ ਮਦਦ ਕਰਨ ਦਾ ਭਰੋਸਾ ਦੁਆਇਆ ਹੈ।

Leave a Reply